ਉਪ ਰਾਸ਼ਟਰਪਤੀ ਚੋਣ ਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ ਪਰ ਵਿਰੋਧੀ ਪਾਰਟੀਆਂ ਨੇ ਅਜੇ ਤੱਕ ਚੋਣ ਵਿਚ ਆਪਣੀ ਸਥਿਤੀ ’ਤੇ ਰਸਮੀ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ। ਹਾਲਾਂਕਿ, ‘ਇੰਡੀਆ’ ਬਲਾਕ ਇਕ ਸਰਬਸੰਮਤੀ ਵਾਲਾ ਉਮੀਦਵਾਰ ਲੱਭੇਗਾ। ਗੈਰ-ਕਾਂਗਰਸੀ ਵਿਰੋਧੀ ਪਾਰਟੀਆਂ ਨੇ ਸੰਕੇਤ ਦਿੱਤਾ ਹੈ ਕਿ ਕਾਂਗਰਸ ਨੂੰ ਆਪਣਾ ਉਮੀਦਵਾਰ ਬਲਾਕ ’ਤੇ ਨਹੀਂ ਥੋਪਣਾ ਚਾਹੀਦਾ ਕਿਉਂਕਿ ਇਹ ‘ਆਪ’, ਵਾਈ. ਐੱਸ. ਆਰ., ਕਾਂਗਰਸ, ਬੀ. ਆਰ. ਐੱਸ., ਬੀਜਦ, ਏ. ਆਈ. ਐੱਮ. ਆਈ. ਐੱਮ. ਅਤੇ ਏ.ਐੱਸ.ਪੀ. (ਕਾਂਸ਼ੀ ਰਾਮ) ਵਰਗੀਆਂ ਪਾਰਟੀਆਂ ਅਲੱਗ-ਥਲੱਗ ਪੈ ਸਕਦੀਆਂ ਹਨ।
ਉਪ ਰਾਸ਼ਟਰਪਤੀ ਚੋਣ ਦਾ ਨਤੀਜਾ ਨਿਸ਼ਚਿਤ ਹੈ ਕਿਉਂਕਿ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਨੂੰ ਇਸ ਸਮੇਂ 782 ਮੈਂਬਰੀ ਚੋਣ ਮੰਡਲ ਵਿਚ 427 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ ਪਰ ਵਿਰੋਧੀ ਧਿਰ ਇਕ ਰਾਜਨੀਤਿਕ ਅਤੇ ਵਿਚਾਰਧਾਰਕ ਮੁਕਾਬਲਾ ਥੋਪਣਾ ਚਾਹੁੰਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਬਿਹਤਰ ਚੋਣ ਪ੍ਰਦਰਸ਼ਨ ਦੇ ਕਾਰਨ ਇਸ ਵਾਰ ‘ਇੰਡੀਆ’ ਬਲਾਕ ਨੂੰ 323 ਵੋਟਾਂ ਮਿਲ ਸਕਦੀਆਂ ਹਨ, ਜਿਨ੍ਹਾਂ ਵਿਚ ‘ਆਪ’ ਦੇ 12 ਸੰਸਦ ਮੈਂਬਰ ਵੀ ਸ਼ਾਮਲ ਹਨ।
ਜੇਕਰ ਵਿਰੋਧੀ ਧਿਰ ਵਾਈ.ਐੱਸ.ਆਰ., ਕਾਂਗਰਸ, ਬੀ.ਆਰ.ਐੱਸ., ਬੀ. ਜੇ. ਡੀ., ਏ. ਆਈ. ਐੱਮ. ਆਈ. ਐੱਮ., ਏ. ਐੱਸ. ਪੀ. (ਕਾਂਸ਼ੀਰਾਮ) ਵਰਗੀਆਂ ਗੈਰ-ਗੱਠਜੋੜ ਪਾਰਟੀਆਂ ਨੂੰ ਆਪਣੇ ਹੱਕ ਵਿਚ ਕਰਨ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਉਸ ਦੀਆਂ ਵੋਟਾਂ ਵਧ ਸਕਦੀਆਂ ਹਨ। ਵਿਰੋਧੀ ਉਮੀਦਵਾਰ ਬਾਰੇ ਫੈਸਲਾ ਐੱਨ. ਡੀ. ਏ. ਵੱਲੋਂ ਆਪਣੀ ਪਸੰਦ ਦਾ ਐਲਾਨ ਕਰਨ ਤੋਂ ਬਾਅਦ ਲਏ ਜਾਣ ਦੀ ਸੰਭਾਵਨਾ ਹੈ।
ਤੇਜਸਵੀ ਯਾਦਵ ਨੇ ਦਿੱਤਾ ਆਉਣ ਵਾਲੀਆਂ ਬਿਹਾਰ ਚੋਣਾਂ ਦੇ ਸੰਭਾਵੀ ਬਾਈਕਾਟ ਦਾ ਸੰਕੇਤ
ਵੋਟਰ ਸੂਚੀ ਵਿਚ ਕਥਿਤ ਅੰਤਰ ਨੂੰ ਲੈ ਕੇ ਰਾਜਦ ਨੇਤਾ ਤੇਜਸਵੀ ਯਾਦਵ ਵੱਲੋਂ ਆਉਣ ਵਾਲੀਆਂ ਬਿਹਾਰ ਚੋਣਾਂ ਦੇ ਸੰਭਾਵੀ ਬਾਈਕਾਟ ਦਾ ਸੰਕੇਤ ਦੇਣ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਹਰ ਬਦਲ ਖੁੱਲ੍ਹਾ ਹੈ। ਏ. ਆਈ. ਸੀ. ਸੀ. ਹੈੱਡਕੁਆਰਟਰ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਬਿਹਾਰ ਇੰਚਾਰਜ ਕ੍ਰਿਸ਼ਨਾ ਅੱਲਾਵਾਰੂ ਨੇ ਕਿਹਾ ਕਿ ‘ਇੰਡੀਆ’ ਬਲਾਕ ਇਸ ਮਾਮਲੇ ’ਤੇ ਚਰਚਾ ਕਰੇਗਾ।
ਉਨ੍ਹਾਂ ਕਿਹਾ ਨੇ ਕਿਹਾ ‘‘ਇੰਡੀਆ’ ਬਲਾਕ ਸਹਿਯੋਗੀ ਇਸ (ਚੋਣ ਬਾਈਕਾਟ) ’ਤੇ ਚਰਚਾ ਕਰਨਗੇ ਅਤੇ ਫੈਸਲਾ ਲੈਣਗੇ। ਸਾਡੇ ਸਾਰੇ ਬਦਲ ਖੁੱਲ੍ਹੇ ਹਨ,’’ । ਅੱਲਾਵਾਰੂ ਨੇ ਚੋਣ ਕਮਿਸ਼ਨ ਨੂੰ ਇਸ ਪ੍ਰਕਿਰਿਆ ਦੀ ਪੁਸ਼ਟੀ ਕਰਨ ਲਈ ਵੀ ਚੁਣੌਤੀ ਦਿੱਤੀ। ਅੱਲਾਵਾਰੂ ਨੇ ਕਿਹਾ ਕਿ ਉਨ੍ਹਾਂ ਨੂੰ ਹਰੇਕ ਹਲਕੇ ਵਿਚ 1000 ਵੋਟਰਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇਕਰ ਪ੍ਰਕਿਰਿਆ ਸਹੀ ਪਾਈ ਜਾਂਦੀ ਹੈ ਤਾਂ ਕਾਂਗਰਸ ਸਹਿਮਤ ਹੋ ਜਾਵੇਗੀ।
‘ਇੰਡੀਆ’ ਬਲਾਕ ਪਾਰਟੀਆਂ ਸੰਸਦ ਵਿਚ ਵੀ ਐੱਸ. ਆਈ. ਆਰ. (ਸਰ) ਦਾ ਵਿਰੋਧ ਕਰ ਰਹੀਆਂ ਹਨ ਅਤੇ ਇਸ ਵਿਵਾਦਪੂਰਨ ਪ੍ਰਕਿਰਿਆ ’ਤੇ ਚਰਚਾ ਦੀ ਮੰਗ ਕਰ ਰਹੀਆਂ ਹਨ, ਜਿਸ ਨੂੰ ਸੁਪਰੀਮ ਕੋਰਟ ਵਿਚ ਵੀ ਚੁਣੌਤੀ ਦਿੱਤੀ ਗਈ ਹੈ। ਇਸ ਦੌਰਾਨ, ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ’ਤੇ ‘‘ਧੋਖਾਦੇਹੀ’’ ਦਾ ਦੋਸ਼ ਲਗਾਇਆ, ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕਰਨਾਟਕ ਦੀ ਇਕ ਸੀਟ ’ਤੇ ਚੋਣ ਪੈਨਲ ਦੁਆਰਾ ਕੀਤੀ ਗਈ ਧੋਖਾਦੇਹੀ ਦੇ 100 ਫੀਸਦੀ ਸਬੂਤ ਹਨ। ਜਦੋਂ ਕਿ ਸੁਪਰੀਮ ਕੋਰਟ 28 ਜੁਲਾਈ ਨੂੰ ਬਿਹਾਰ ਐੱਸ. ਆਈ. ਆਰ. ਦੀ ਅਗਲੀ ਸੁਣਵਾਈ ਕਰੇਗੀ, 10 ਜੁਲਾਈ ਨੂੰ ਅਦਾਲਤ ਨੇ ਚੋਣ ਕਮਿਸ਼ਨ ਨੂੰ ਐੱਸ. ਆਈ. ਆਰ. ਦੇ ਤਹਿਤ ਆਧਾਰ, ਰਾਸ਼ਨ ਕਾਰਡ ਅਤੇ ਵੋਟਰ ਆਈ.ਡੀ. ਨੂੰ ਪਛਾਣ ਸਬੂਤ ਵਜੋਂ ਸਵੀਕਾਰ ਕਰਨ ਲਈ ਕਿਹਾ ਸੀ।
ਧਨਖੜ ਦੇ ਸੰਭਾਵੀ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਤੇਜ਼ : ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਤੇਜ਼ ਹਨ। ਐੱਨ. ਡੀ. ਏ. ਖੇਮੇ ਤੋਂ ਸਭ ਤੋਂ ਅੱਗੇ ਜਨਤਾ ਦਲ-ਯੂ ਦੇ ਬਿਹਾਰ ਤੋਂ ਦੋ ਵਾਰ ਰਾਜ ਸਭਾ ਸੰਸਦ ਮੈਂਬਰ ਰਹੇ ਰਾਮ ਨਾਥ ਠਾਕੁਰ ਹਨ, ਜੋ ਸਮਾਜਵਾਦੀ ਨੇਤਾ, ਭਾਰਤ ਰਤਨ ਪ੍ਰਾਪਤਕਰਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਬੇਟੇ ਹਨ।
ਰਾਮ ਨਾਥ ਠਾਕੁਰ ਅਤਿਅੰਤ ਪਛੜੇ ਵਰਗ (ਈ. ਬੀ. ਸੀ.) ਸ਼੍ਰੇਣੀ ਦੇ ਅਧੀਨ ਨਾਈ ਭਾਈਚਾਰੇ ਤੋਂ ਆਉਂਦੇ ਹਨ ਜੋ ਬਿਹਾਰ ਦੀ ਆਬਾਦੀ ਦਾ 36 ਫੀਸਦੀ ਤੋਂ ਵੱਧ ਹੈ। ਜੇਕਰ ਉਨ੍ਹਾਂ ਦੀ ਉਮੀਦਵਾਰੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਬਿਹਾਰ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸਦਾ ਬਹੁਤ ਮਹੱਤਵ ਹੋਵੇਗਾ। ਦੂਜੇ ਪਾਸੇ, ਨਿਤੀਸ਼ ਕੁਮਾਰ ਦਾ ਨਾਂ ਵੀ ਇਸ ਅਹੁਦੇ ਲਈ ਚਰਚਾ ਵਿਚ ਹੈ। ਹਾਲਾਂਕਿ, ਜਦ (ਯੂ) ਮੁਖੀ ਨੂੰ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।
ਨੈਸ਼ਨਲ ਕਾਨਫਰੰਸ (ਐੱਨ. ਸੀ.) ਅਤੇ ਕਾਂਗਰਸ ਵਿਚਕਾਰ ਤਣਾਅ : ਜੰਮੂ ਅਤੇ ਕਸ਼ਮੀਰ ਵਿਚ ਰਸਮੀ ਗੱਠਜੋੜ ਹੋਣ ਦੇ ਬਾਵਜੂਦ, ਨੈਸ਼ਨਲ ਕਾਨਫਰੰਸ (ਐੱਨ. ਸੀ.) ਅਤੇ ਕਾਂਗਰਸ ਵਿਚਾਲੇ ਤਣਾਅ ਇਕ ਵਾਰ ਫਿਰ ਸਾਹਮਣੇ ਆਇਆ ਹੈ, ਜਦਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਨਤਕ ਤੌਰ ’ਤੇ ਕਾਂਗਰਸ ਵਲੋਂ ਆਪਣੇ ਸਹਿਯੋਗੀ ਦੀ ਪ੍ਰਵਾਨਗੀ ਅਤੇ ਸਹਿਮਤੀ ਤੋਂ ਬਿਨਾਂ ਰਾਜ ਦਾ ਦਰਜਾ ਬਹਾਲ ਕਰਨ ਲਈ ਮੁਹਿੰਮ ਸ਼ੁਰੂ ਕਰਨ ਦੇ ਫੈਸਲੇ ’ਤੇ ਆਪਣੀ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ।
17 ਜੁਲਾਈ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਮੁਖੀ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰ ਕੇ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਵਾਰ-ਵਾਰ ਵਾਅਦੇ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਰਿਹਾ ਹੈ।
ਕਾਂਗਰਸ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੇ ਸੱਦੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਮਰ ਨੇ ਕਿਹਾ ਕਿ ਪਾਰਟੀ ਨੂੰ ਪਹਿਲਾਂ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਹਾਲਾਂਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੋਵਾਂ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਉਨ੍ਹਾਂ ਦਾ ਗੱਠਜੋੜ ਮਜ਼ਬੂਤ ਹੈ ਪਰ ਕੈਬਨਿਟ ਭਾਗੀਦਾਰੀ ਤੋਂ ਲੈ ਕੇ ਨੀਤੀਗਤ ਤਰਜੀਹਾਂ ਤੱਕ ਦੇ ਮੁੱਦਿਆਂ ’ਤੇ ਵਾਰ-ਵਾਰ ਫੁੱਟ ਲੰਬੇ ਸਮੇਂ ਵਿਚ ਇਸ ਦੇ ਟਿਕਾਊਪਨ ਬਾਰੇ ਸਵਾਲ ਖੜ੍ਹੇ ਕਰਦੀ ਹੈ।
ਰਾਹਿਲ ਨੌਰਾ ਚੋਪੜਾ
ਭਾਜਪਾ ਦਾ ਲੋਕਤੰਤਰੀ ਦਿਖਾਵਾ ਅਤੇ ਗੈਰ-ਲੋਕਤੰਤਰੀ ਵਿਵਹਾਰ
NEXT STORY