ਰੂਸ ਦੇ ਕਜ਼ਾਨ ਸ਼ਹਿਰ ’ਚ ਬ੍ਰਿਕਸ ਸਿਖਰ ਸੰਮੇਲਨ ਦੇ ਦੌਰਾਨ ਹੋਈ ਮੁਲਾਕਾਤ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਵੱਖ-ਵੱਖ ਦੋ-ਪੱਖੀ ਵਾਰਤਾ ਤੰਤਰ ਨੂੰ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਸਨ।
ਇਸ ਦੇ ਬਾਅਦ 11ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਦੌਰਾਨ 20 ਨਵੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲਾਓਸ ਦੇ ‘ਵਿਅਨਤਿਆਨੇ’ ’ਚ ਚੀਨ ਦੇ ਰੱਖਿਆ ਮੰਤਰੀ ‘ਡੋਂਗ ਜੁਨ’ ਦੇ ਨਾਲ ਉੱਚ ਪੱਧਰੀ ਬੈਠਕ ਹੋਈ।
ਇਹ ਪੂਰਬੀ ਲੱਦਾਖ ’ਚ ਪਿਛਲੇ 2 ਟਕਰਾਅ ਬਿੰਦੂਆਂ ਤੋਂ ਭਾਰਤੀ ਅਤੇ ਚੀਨੀ ਫੌਜੀਆਂ ਦੀ ਵਾਪਸੀ ਪੂਰੀ ਹੋਣ ਦੇ ਬਾਅਦ ਦੋਹਾਂ ਰੱਖਿਆ ਮੰਤਰੀਆਂ ਦੀ ਪਹਿਲੀ ਬੈਠਕ ਸੀ। ਇਸ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਗੁਆਂਢੀ ਹਨ ਤੇ ਗੁਆਂਢੀ ਰਹਿਣਗੇ, ਇਸ ਲਈ ਸਾਨੂੰ ਟਕਰਾਅ ਨਾਲੋਂ ਵੱਧ ਸਹਿਯੋਗ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।
ਇਸ ਦੇ ਅਗਲੇ ਹੀ ਦਿਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਬ੍ਰਾਜ਼ੀਲ ਦੇ ਰਿਓ ਡੀ ਜਿਨੇਰੀਓ ’ਚ ਜੀ-20 ਸਿਖਰ ਸੰਮੇਲਨ ਦੇ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ‘ਵਾਂਗ ਯੀ’ ਨਾਲ ਮੁਲਾਕਾਤ ਹੋਈ ਜਿਸ ’ਚ ਦੋਹਾਂ ਨੇਤਾਵਾਂ ’ਚ ਪਿਛਲੇ 5 ਸਾਲਾਂ ਤੋਂ ਬੰਦ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਕਰਨ ਅਤੇ ਭਾਰਤ ਅਤੇ ਚੀਨ ਦੇ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਸ਼ੁਰੂ ਕਰਨ ਵਰਗੇ ਮੁੱਦਿਆਂ ’ਤੇ ਗੱਲਬਾਤ ਹੋਈ।
ਇਸ ਦਰਮਿਆਨ ਅਗਲੇ ਸਾਲ ਰੂਸ ਦੇ ਰਾਸ਼ਟਰਪਤੀ ਪੁਤਿਨ ਵੀ ਭਾਰਤ ਦੀ ਯਾਤਰਾ ’ਤੇ ਆਉਣ ਵਾਲੇ ਹਨ। ਅਮਰੀਕਾ ’ਚ ਭਾਵੇਂ ਕਿਸੇ ਵੀ ਪਾਰਟੀ ਦਾ ਰਾਸ਼ਟਰਪਤੀ ਆਵੇ, ਉਹ ਚੀਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੀ ਹੈ ਅਤੇ ਹੁਣ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਤਾਂ ਪਹਿਲਾਂ ਹੀ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਸਾਮਾਨ ’ਤੇ ਭਾਰਤ ਤੋਂ ਵੀ ਵੱਧ ਟੈਰਿਫ ਵਧਾਉਣ ਦਾ ਸੰਕੇਤ ਦੇ ਦਿੱਤਾ ਹੈ।
ਇਸ ਘਟਨਾਕ੍ਰਮ ਤੋਂ ਅਜਿਹਾ ਲੱਗ ਰਿਹਾ ਹੈ ਕਿਉਂਕਿ ਡੋਨਾਲਡ ਟਰੰਪ ਚੀਨ ਦੇ ਵਿਰੁੱਧ ਟੈਰਿਫ ਵਧਾ ਦੇਣਗੇ, ਇਸ ਲਈ ਚੀਨ ਨੂੰ ਸਿਰਫ ਕੱਚਾ ਮਾਲ ਖਰੀਦਣ ਵਾਲਿਆਂ ਦੀ ਨਹੀਂ ਸਗੋਂ ਸਾਮਾਨ ਖਰੀਦਣ ਦੀ ਸਮਰੱਥਾ ਵਾਲੇ ਲੋਕਾਂ ਨਾਲ ਭਰਪੂਰ ਇਕ ਬਾਜ਼ਾਰ ਅਤੇ ਇਕ ਨਵੇਂ ਸਾਥੀ ਦੀ ਲੋੜ ਪਵੇਗੀ ਅਤੇ ਅਜਿਹੇ ’ਚ ਭਾਰਤ ਉਸ ਦੇ ਲਈ ਢੁੱਕਵਾਂ ਹੈ।
ਭਾਰਤ ਦਾ ਦਰਮਿਆਨਾ ਵਰਗ ਵਿਸ਼ਵ ’ਚ ਸਭ ਨਾਲੋਂ ਵੱਡਾ ਹੋਣ ਦੇ ਕਾਰਨ ਚੀਨ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ, ਚੀਨ ਅਤੇ ਰੂਸ ਦਾ ਇਕ ਗੱਠਜੋੜ ਬਣ ਜਾਵੇ ਤਾਂ ਕਿ ਇਹ ਤਿੰਨੇ ਦੇਸ਼ ਰਲ ਕੇ ਆਬਾਦੀ ਅਤੇ ਆਰਥਿਕਤਾ ਦੇ ਪੱਖੋਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਣ ਜਿਸ ਤਰ੍ਹਾਂ ਬ੍ਰਿਕਸ ਅਰਥਵਿਵਸਥਾ ’ਚ ਜੀ-7 ਤੋਂ ਵੱਡਾ ਹੋ ਗਿਆ ਹੈ।
ਬਿਨਾਂ ਸ਼ੱਕ ਚੀਨ ਦੇ ਨਾਲ ਜਾਣ ਵਿਚ ਸਾਡਾ ਲਾਭ ਵੀ ਹੈ ਕਿਉਂਕਿ ਅਮਰੀਕਾ ਦਾ ਰਾਸ਼ਟਰਪਤੀ ਬਣ ਕੇ ਆਉਣ ਵਾਲੇ ਹਰ ਨੇਤਾ ਦੀਆਂ ਭਾਰਤ ਦੇ ਪ੍ਰਤੀ ਨੀਤੀਆਂ ਉਪਰੋਂ ਤਾਂ ਠੀਕ ਰਹਿੰਦੀਆਂ ਹਨ ਪਰ ਵਿਚਾਲੇ ’ਚ ਉਹ ਕੁਝ ਨਾ ਕੁਝ ਗੜਬੜ ਕਰ ਹੀ ਦਿੰਦੇ ਹਨ।
ਇਸ ਲਈ ਸਾਡੇ ਲਈ ਨਿਰਪੱਖ ਰਹਿਣਾ ਅਤੇ ਅਮਰੀਕਾ ਦੇ ਨਾਲ-ਨਾਲ ਚੀਨ ਅਤੇ ਰੂਸ ਨਾਲ ਦੋਸਤੀ ਰੱਖਣੀ ਲਾਭਦਾਇਕ ਹੈ। ਅਸੀਂ ਤਾਂ ਹਮੇਸ਼ਾ ਹੀ ਚੀਨ ਦੇ ਨਾਲ ਦੋਸਤੀ ਕਰਨ ਦੇ ਮਾਮਲੇ ’ਚ ਅੱਗੇ ਰਹੇ ਹਾਂ। ਜਦੋਂ ਚੀਨ ਨੇ ਕਮਿਊਨਿਜ਼ਮ ਨੂੰ ਅਪਣਾਇਆ ਉਦੋਂ ਉਸ ਨੂੰ ਖਾਣਾ ਦੇਣ ਅਤੇ ਮਾਨਤਾ ਦੇਣ ਵਾਲਾ ਭਾਰਤ ਹੀ ਸੀ।
ਫਿਰ 1950 ’ਚ ਪੰਚਸ਼ੀਲ ਦੀ ਸੰਧੀ ਅਤੇ 1962 ’ਚ ਚੀਨ ਨਾਲ ਜੰਗਬੰਦੀ ਹੋਈ। ਉਸ ਦੇ ਬਾਅਦ ਵੀ ਚੀਨ ਦੇ ਨਾਲ ਭਾਰਤ ਨੇ ਕਿੰਨੇ ਹੀ ਕਰਾਰ ਅਤੇ ਮਿੱਤਰਤਾ ਵਾਲੇ ਸਮਝੌਤੇ ਕੀਤੇ ਹਨ ਅਤੇ ਹਮੇਸ਼ਾ ਚੀਨ ਦੇ ਹਾਕਮਾਂ ਦਾ ਸਮਰਥਨ ਕੀਤਾ ਹੈ ਪਰ ਚੀਨ ਹਮੇਸ਼ਾ ਹੀ ਭਾਰਤ ਦੇ ਨਾਲ ਕੀਤੇ ਸਮਝੌਤੇ ਤੋੜਦਾ ਆਇਆ ਹੈ। ਜਾਂ ਤਾਂ ਚੀਨ ਨੇ ਸਾਡੀਆਂ ਸਰਹੱਦਾਂ ’ਤੇ ਹਮਲੇ ਕੀਤੇ ਜਾਂ ਸਾਡੇ ’ਤੇ ਆਰਥਿਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸਮੇਂ ਵੀ ਸਾਡੇ ਮੁੱਖ ਵਪਾਰਕ ਭਾਈਵਾਲ ਅਮਰੀਕਾ, ਰੂਸ, ਚੀਨ ਹੀ ਹਨ ਅਤੇ ਵਪਾਰ ਦਾ ਪੱਲੜਾ ਵੀ ਚੀਨ ਦੇ ਪੱਖ ’ਚ ਹੈ ਪਰ ਇਸ ਪੜਾਅ ’ਤੇ ਸ਼ਾਇਦ ਚੀਨ ਦੀ ਮਜਬੂਰੀ ਇਹ ਹੈ ਕਿ ਚੀਨ ਦੇ ਹਾਕਮਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਟਰੰਪ ਹੁਣ ਕਿੰਨੀ ਦੂਰ ਤਕ ਜਾਏਗਾ। ਇਸ ਲਈ ਉਹ ਭਾਰਤ ਵੱਲ ਹਲਕੇ-ਹਲਕੇ ਦੋਸਤੀ ਦੇ ਹੱਥ ਵਧਾ ਰਹੇ ਹਨ।
ਕੁਲ ਮਿਲਾ ਕੇ ਸਾਨੂੰ ਸਾਵਧਾਨ ਤਾਂ ਰਹਿਣਾ ਹੀ ਹੋਵੇਗਾ ਕਿਉਂਕਿ ਅਸੀਂ ਚੀਨ ’ਤੇ ਭਰੋਸਾ ਨਹੀਂ ਕਰ ਸਕਦੇ। ਚੀਨ ਤੇ ਪਾਕਿਸਤਾਨ ਦਾ ਕੁਝ ਨਾ ਕੁਝ ਤਾਂ ਚੱਲਦਾ ਰਹੇਗਾ। ਆਖਿਰਕਾਰ ਇਕ ਅੱਤਵਾਦੀ ਵਿਚਾਰਧਾਰਾ ਦੇ ਗੁਆਂਢੀ ਅਤੇ ਦੁਸ਼ਮਣ ਦੀ ਬਜਾਏ ਮਿੱਤਰਤਾ ਵਾਲਾ ਗੁਆਂਢੀ ਵੱਧ ਲਾਭਦਾਇਕ ਹੈ।
-ਵਿਜੇ ਕੁਮਾਰ
ਹੁਣ ਪੜ੍ਹਾਉਣ ਆ ਰਹੇ ਹਨ ਸਕੂਲਾਂ ’ਚ ‘ਰੋਬੋਟ’
NEXT STORY