ਮਰਾਠਾ ਰਾਖਵਾਂਕਰਨ ਵਿਵਾਦ ਓ. ਬੀ. ਸੀ. ਆਗੂਆਂ ਵਲੋਂ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਦੀ ਧਮਕੀ ਦੇਣ ਨਾਲ ਹੋਰ ਵੀ ਵਧ ਗਿਆ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਸੀਨੀਅਰ ਨੇਤਾ ਅਤੇ ਮੰਤਰੀ ਛਗਨ ਭੁਜਬਲ ਸੂਬਾਈ ਮੰਤਰੀ ਮੰਡਲ ਦੀ ਬੈਠਕ ’ਚ ਸ਼ਾਮਲ ਨਹੀਂ ਹੋਏ ਅਤੇ ਐਲਾਨ ਕੀਤਾ ਕਿ ਉਹ ਪਾਤਰ ਮਰਾਠਿਆਂ ਨੂੰ ਕੁਨਬੀ ਜਾਤੀ ਪ੍ਰਮਾਣ ਪੱਤਰ ਜਾਰੀ ਕਰਨ ਦੇ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਵਿਰੁੱਧ ਅਦਾਲਤ ਦਾ ਰੁਖ਼ ਕਰਨਗੇ।
ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਸੂਬਾਈ ਕਾਂਗਰਸ ਦੀ ਅਗਵਾਈ ਵਾਲੀ ਤੇਲੰਗਾਨਾ ਸਰਕਾਰ ਦੀ ਤਰਜ਼ ’ਤੇ ਓ. ਬੀ. ਸੀ. ਰਿਜ਼ਰਵੇਸ਼ਨ ਕੋਟਾ 27 ਫੀਸਦੀ ਤੋਂ ਵਧਾ ਕੇ 42 ਫੀਸਦੀ ਕਰਨ। ਉਨ੍ਹਾਂ ਨੇ ਕਿਹਾ ਕਿ ਰਾਖਵੇਂਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਦੋਸਤਾਨਾ ਢੰਗ ਨਾਲ ਹੱਲ ਕਰਨ ਦਾ ਇਹੀ ਇਕੋ ਇਕ ਤਰੀਕਾ ਹੈ।
ਹਾਲਾਂਕਿ, ਕਾਰਕੁੰਨ ਮਨੋਜ ਜਰਾਂਗੇ ਪਾਟਿਲ ਨੇ ਮੁੰਬਈ ਵਿਚ 5 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜਿਸ ਨੂੰ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ 8 ਵਿਚੋਂ 6 ਮੰਗਾਂ ਮੰਨ ਲੈਣ ਤੋਂ ਬਾਅਦ ਖਤਮ ਕੀਤਾ ਿਗਆ। ਸਰਕਾਰ ਨੇ ਪਾਤਰ ਮਰਾਠਿਆਂ ਨੂੰ ਕੁਨਬੀ (ਓ. ਬੀ. ਸੀ.) ਜਾਤੀ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਇਕ ਸਰਕਾਰੀ ਆਦੇਸ਼ ਵੀ ਜਾਰੀ ਕੀਤਾ।
ਟੀ. ਟੀ. ਵੀ. ਦੀਨਾਕਰਨ ਪਨੀਰਸੇਲਵਮ ਦੇ ਨਕਸ਼ੇਕਦਮ ’ਤੇ : ਏਡੱਪਾਦੀ ਪਲਾਨੀਸਵਾਮੀ (ਈ. ਪੀ. ਐੱਸ.) ਦੀ ਅਗਵਾਈ ਵਾਲੀ ਕੁਲ ਹਿੰਦ ਅੰਨਾ ਦ੍ਰਾਵਿੜ ਮੁਨੇਤਰ ਕੜਗਮ (ਏ. ਆਈ. ਏ. ਡੀ. ਐੱਮ. ਕੇ.) ਦੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਵਿਚ ਵਾਪਸੀ ਅਤੇ ਸੂਬਾਈ ਭਾਜਪਾ ਵਿਚ ਲੀਡਰਸ਼ਿਪ ਤਬਦੀਲੀ ਦੇ ਨਾਲ, ਅੰਮਾ ਮੱਕਲ ਮੁਨੇਤਰ ਕੜਗਮ (ਏ. ਐੱਮ.ਐੱਮ.ਕੇ.) ਦੇ ਨੇਤਾ ਟੀ.ਟੀ.ਵੀ. ਦੀਨਾਕਰਨ ਨੇ ਬੁੱਧਵਾਰ ਨੂੰ ਓ. ਪਨੀਰਸੇਲਵਮ (ਓ. ਪੀ. ਐੱਸ.) ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਤਾਮਿਲਨਾਡੂ ਵਿਚ ਐੱਨ. ਡੀ. ਏ. ਗੱਠਜੋੜ ਤੋਂ 31 ਜੁਲਾਈ ਨੂੰ ਚਲੇ ਗਏ ਸਨ। ਉਨ੍ਹਾਂ ਦੇ ਬਾਹਰ ਜਾਣ ਨਾਲ ਇਹ ਸਵਾਲ ਉੱਠੇ ਕਿ ਕੀ ਪਲਾਨੀਸਵਾਮੀ ਚੋਣਾਂ ਵਿਚ ਡੀ.ਐੱਮ.ਕੇ. ਨਾਲ ਲੜਨ ਨੂੰ ਲੈ ਕੇ ਗੰਭੀਰ ਸਨ ਜਾਂ ਸਿਰਫ ਏ. ਆਈ. ਏ. ਡੀ. ਐੱਮ. ਕੇ. ਵਿਚ ਆਪਣਾ ਦਬਦਬਾ ਯਕੀਨੀ ਕਰਨ ਵਿਚ ਦਿਲਚਸਪੀ ਰੱਖਦੇ ਸਨ।
ਇਹ ਇਕ ਖੁੱਲ੍ਹਾ ਰਹੱਸ ਹੈ ਕਿ ਪਲਾਨੀਸਵਾਮੀ ਓ. ਪੀ. ਐੱਸ. ਅਤੇ ਟੀ. ਟੀ. ਵੀ. ਦੇ ਐੱਨ. ਡੀ. ਏ. ਦਾ ਹਿੱਸਾ ਹੋਣ ਦਾ ਵਿਰੋਧ ਕਰ ਰਹੇ ਹਨ, ਖਾਸ ਕਰਕੇ ਅਜਿਹੇ ਸਮੇਂ ਜਦੋਂ ਏ. ਆਈ. ਏ. ਡੀ. ਐੱਮ.ਕੇ. ਦੇ ਏਕੀਕਰਨ ਦੀਆਂ ਆਵਾਜ਼ਾਂ ਤੇਜ਼ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ, ‘‘ਜਿਵੇਂ ਮੈਂ ਕਿਹਾ ਕਿ ਵਿਜੇਕਾਂਤ ਨੇ 2006 ਵਿਚ ਪ੍ਰਭਾਵ ਪਾਇਆ ਸੀ, 2026 ਵਿਚ ਵੀ ਅਜਿਹਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਜਦੋਂ ਵਿਜੇਕਾਂਤ ਰਾਜਨੀਤੀ ਵਿਚ ਆਏ ਸਨ ਤਾਂ ਸਾਰੀਆਂ ਪਾਰਟੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਭਵਿੱਖ ਵਿਚ ਵੀ ਉਹੀ ਪ੍ਰਭਾਵ ਪਵੇਗਾ।’’
ਬਿਹਾਰ ਵਿਚ ਜਦ (ਯੂ) 50-50 ਫਾਰਮੂਲੇ ’ਤੇ ਜ਼ੋਰ ਦੇ ਰਹੀ ਹੈ : ਜਿਵੇਂ-ਜਿਵੇਂ ਬਿਹਾਰ ਵਿਚ ਉੱਚ-ਦਾਅ ਵਾਲੀ ਲੜਾਈ ਨੇੜੇ ਆ ਰਹੀ ਹੈ, ਕੇਂਦਰੀ ਗ੍ਰਹਿ ਮੰਤਰੀ ਅਤੇ ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਅਮਿਤ ਸ਼ਾਹ ਰਣਨੀਤੀ ਬਣਾਉਣ ਲਈ ਪਾਰਟੀ ਦੀ ਸੂਬਾ ਇਕਾਈ ਨਾਲ ਮੀਟਿੰਗਾਂ ਕਰ ਰਹੇ ਹਨ।
ਸ਼ਾਹ ਨੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ, ਸੂਬਾ ਪ੍ਰਧਾਨ ਦਿਲੀਪ ਜੈਸਵਾਲ ਅਤੇ ਵਿਨੋਦ ਤਾਵੜੇ ਸਮੇਤ ਕੋਰ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਟਿਕਟਾਂ ਦੀ ਵੰਡ ’ਤੇ ਚਰਚਾ ਕੀਤੀ ਗਈ ਪਰ ਕੁਝ ਵੀ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਕੁਝ ਸੀਟਾਂ ਐੱਨ. ਡੀ. ਏ. ਸਹਿਯੋਗੀਆਂ ਵਿਚ ਵੰਡੀਆਂ ਜਾ ਸਕਦੀਆਂ ਹਨ।
ਦੂਜੇ ਪਾਸੇ, ‘ਹਮ’ (ਸੈਕੂਲਰ) ਦੇ ਮੁਖੀ ਜੀਤਨ ਰਾਮ ਮਾਂਝੀ ਨੇ ਜਨਤਕ ਤੌਰ ’ਤੇ ਘੱਟੋ-ਘੱਟ 20 ਸੀਟਾਂ ’ਤੇ ਦਾਅਵਾ ਪੇਸ਼ ਕੀਤਾ ਅਤੇ ਐੱਨ. ਡੀ. ਏ. ਆਗੂਆਂ ਨੂੰ ਆਪਣੀ ਪਾਰਟੀ ਪ੍ਰਤੀ ਹਮਦਰਦੀ ਦਿਖਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ‘ਹਮ’ ਨੂੰ ਮੁੱਖ ਤੌਰ ’ਤੇ ਮੱਧ ਬਿਹਾਰ ਦੇ ਜ਼ਿਲਿਆਂ ਵਿਚ ਮੁਸਾਹਰ ਜਾਤੀ ਦੇ ਦਲਿਤਾਂ ਤੋਂ ਤਾਕਤ ਮਿਲਦੀ ਹੈ। ਚਿਰਾਗ ਪਾਸਵਾਨ ਦੀ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਸਾਰੀਆਂ 5 ਸੀਟਾਂ ਜਿੱਤ ਕੇ 100 ਫੀਸਦੀ ਸਟ੍ਰਾਈਕ ਰੇਟ ਪ੍ਰਾਪਤ ਕੀਤਾ ਸੀ ਪਰ ਹੁਣ ਇਸ ਨੇ ਲਗਭਗ 30 ਤੋਂ 35 ਸੀਟਾਂ ਦੀ ਮੰਗ ਕੀਤੀ ਹੈ।
ਲੋਜੱਪਾ (ਆਰ.ਵੀ.) ਮੁੱਖ ਤੌਰ ’ਤੇ ਦਲਿਤਾਂ ਵਿਚ ਪਾਸਵਾਨਾਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਹੈ। ਇਸ ਦੌਰਾਨ ਬਿਹਾਰ ਵਿਚ ਭਾਜਪਾ ਵਲੋਂ ਵੱਡੀ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਉਸ ਦੇ ਇਸ ਦੇ ਜਾਇਜ਼ੇ ’ਤੇ ਆਧਾਰਿਤ ਹੈ ਕਿ ਮੁਸਲਿਮ ਅਤਿ ਪੱਛੜੇ ਅਤੇ ਮਹਾ ਦਲਿਤ ਦੇ ਵਿਚਾਲੇ ਜਦ (ਯੂ) ਦਾ ਵੋਟ ਬੈਂਕ ਉਸ ਦੀ ਜਥੇਬੰਦਕ ਤਾਕਤ ਦੇ ਨਾਲ-ਨਾਲ ਘੱਟ ਹੁੰਦਾ ਜਾ ਰਿਹਾ ਹੈ। ਐੱਨ. ਡੀ. ਏ. ਸੂਤਰਾਂ ਅਨੁਸਾਰ, ਜਦ (ਯੂ) 50-50 ਦੇ ਫਾਰਮੂਲੇ ’ਤੇ ਜ਼ੋਰ ਦੇ ਰਿਹਾ ਹੈ।
ਤੇਜਸਵੀ ਨੇ ਵੀ ਦਾਅ ਖੇਡਿਆ : ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿਚ ਰਾਜਨੀਤਿਕ ਗਤੀਵਿਧੀਆਂ ਵਧ ਰਹੀਆਂ ਹਨ। ਰਾਜਨੀਤਿਕ ਪਾਰਟੀਆਂ ਭਲਾਈ ਦੇ ਵਾਅਦਿਆਂ ਨਾਲ ਮਹਿਲਾ ਵੋਟਰਾਂ ਤੱਕ ਸਰਗਰਮੀ ਨਾਲ ਪਹੁੰਚ ਕਰ ਰਹੀਆਂ ਹਨ।
ਨਿਤੀਸ਼ ਕੁਮਾਰ ਸਰਕਾਰ ਦੀ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਯੋਗ ਔਰਤਾਂ ਨੂੰ ਆਮਦਨ ਪੈਦਾ ਕਰਨ ਵਿਚ ਮਦਦ ਕਰਨ ਲਈ 10,000 ਰੁਪਏ ਪ੍ਰਦਾਨ ਕਰਦੀ ਹੈ ਅਤੇ ਰਾਜ ਸਰਕਾਰ ਨੇ ਨੌਕਰੀਆਂ ਵਿਚ 35 ਫੀਸਦੀ ਰਾਖਵੀਆਂ ਸੀਟਾਂ ਦਾ ਐਲਾਨ ਵੀ ਕੀਤਾ ਹੈ।
ਸਰਕਾਰ ਨੇ ਮਹਿਲਾਵਾਂ ਦੇ ਲਈ ਪੈਨਸ਼ਨ ਯੋਜਨਾ ਵੀ ਸ਼ੁਰੂ ਕੀਤੀ ਹੈ। ਉੱਥੇ ਹੀ ਮੁੱਖ ਵਿਰੋਧੀ ਦਲ ਰਾਜਦ ਨੇ ਵੀ ਦਾਅ ਖੇਡਿਆ ਹੈ। ਵਿਧਾਨ ਸਭਾ ’ਚ ਵਿਰੋਧੀ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਮਹਿਲਾਵਾਂ ਨੂੰ 2500 ਰੁਪਏ ਮਹੀਨਾ ਦੇਣ ਵਾਲੀ ‘ਮਾਈ-ਬਹਿਨ’ ਯੋਜਨਾ, ਵਿਧਵਾ ਮਾਤਾਵਾਂ ਅਤੇ ਭੈਣਾਂ ਦੀ ਪੈਨਸ਼ਨ ਵਧਾ ਕੇ 1500 ਰੁਪਏ ਕਰਨ, ਹਰ ਰਸੋਈ ’ਚ 500 ਰੁਪਏ ’ਚ ਸਬਸਿਡੀ ਵਾਲੇ ਗੈਸ ਸਿਲੰਡਰ, 200 ਯੂਨਿਟ ਮੁਫਤ ਬਿਜਲੀ ਅਤੇ ਬੇਟੀਆਂ ਦੇ ਉੱਚ ਗੁਣਵੱਤਾ ਵਾਲੇ ਿਰਹਾਇਸ਼ੀ ਕੋਚਿੰਗ ਸੰਸਥਾਨ, ਵਿਸ਼ਵ ਪੱਧਰੀ ਖੇਡ ਸਿਖਲਾਈ ਅਤੇ ਨੌਕਰੀਆਂ ਦੇ ਮੌਕੇ, ਮੁਫਤ ਪ੍ਰੀਖਿਆ ਫਾਰਮ ਅਤੇ ਯਾਤਰਾ ਸੁਵਿਧਾਵਾਂ ਸਹਿਤ ਕਈ ਯੋਜਨਾਵਾਂ ਦਾ ਵਾਅਦਾ ਕੀਤਾ।
ਰਾਹੁਲ ਗਾਂਧੀ ਨੇ ਕਿਹਾ-ਵੋਟ ਚੋਰੀ ਸਿਰਫ ਸੱਤਾ ਹਥਿਆਉਣ ਦਾ ਇਕ ਸਾਧਨ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਨੂੰ ਜਲਦ ਹੀ ਇਕ ਵੱਡੇ ਵੋਟ ਚੋਰੀ ਦੇ ਖੁਲਾਸੇ ਦੀ ਧਮਕੀ ਦਿੱਤੀ। ਮਹਾਗਠਜੋੜ ਦੇ ਨੇਤਾ ਖੁੱਲ੍ਹੀ ਐੱਸ. ਯੂ. ਵੀ.’ਚ ਯਾਤਰਾ ਕਰ ਰਹੇ ਸਨ ਅਤੇ ਲੋਕ ਸੜਕਾਂ ’ਤੇ ਖੜ੍ਹੇ ਹੋ ਕੇ ਝੰਡੇ ਲਹਿਰਾ ਰਹੇ ਸਨ ਅਤੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ। ਸੈਂਕੜੇ ਨੌਜਵਾਨ ਸੈਲਫੀ ਲੈਂਦੇ ਦੇਖੇ ਗਏ। ਪਾਰਟੀ ਵਰਕਰਾਂ ਨੇ ‘ਵੋਟ ਚੋਰ-ਗੱਦੀ ਛੱਡੋ’ ਦੇ ਨਾਅਰੇ ਲਗਾਏ।
ਰਾਹੁਲ ਗਾਂਧੀ ਨੇ ਸੱਤਾਧਾਰੀ ਪਾਰਟੀ ’ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਅਤੇ ਨਾਗਰਿਕਾਂ ਦੇ ਅਧਿਕਾਰਾਂ ’ਤੇ ਰੋਕ ਲਗਾਉਣ ਦਾ ਦੋਸ਼ ਲਗਾਇਆ। ਵੋਟ ਚੋਰੀ ਨੂੰ ਨਾ ਸਿਰਫ ਸੱਤਾ ਹਥਿਆਉਣ ਦਾ ਇਕ ਸਾਧਨ ਦੱਸਿਆ ਸਗੋਂ ਲੋਕਤੰਤਰ ਦੀ ਚੋਰੀ ਵੀ ਦੱਸਿਆ।
ਰਾਹਿਲ ਨੌਰਾ ਚੋਪੜਾ
ਨਿੱਤ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਦੇ ਹਨ ਸਾਈਬਰ ਠੱਗ
NEXT STORY