ਵਿਨੀਤ ਨਾਰਾਇਣ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਸਾਡੀ ਜਮਾਤਣ ਰਹੀ ਭਾਰਤ ਦੀ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਜਨਤਾ ਤੋਂ ਅਗਲੇ ਬਜਟ ਲਈ ਰਚਨਾਤਮਕ ਸੁਝਾਅ ਮੰਗੇ ਹਨ। ਇਸ ਦੀ ਪ੍ਰਤੀਕਿਰਿਆ ’ਚ ਇਕ ਡਾਕਟਰ ਨੇ ਭਾਰਤ ਦੇ ਹਰਮਨਪਿਆਰੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਕ ਦਿਲਚਸਪ ਪੱਤਰ ਲਿਖਿਆ ਹੈ, ਜਿਸ ਵਿਚ ਡਾਕਟਰ ਦਾ ਕਹਿਣਾ ਹੈ ਕਿ ਮੋਦੀ ਜੀ, ਅਸੀਂ ਟੈਕਸ ਚੋਰ ਨਹੀਂ ਹਾਂ। ਫਿਰ ਅਸੀਂ ਕਿਉਂ ਟੈਕਸ ਚੋਰੀ ਕਰਦੇ ਹਾਂ? ਇਹ ਪੱਤਰ ਉਨ੍ਹਾਂ ਨੇ ਹਰ ਉਸ ਵਪਾਰੀ ਜਾਂ ਪ੍ਰੋਫੈਸ਼ਨਲ ਵਲੋਂ ਲਿਖਿਆ ਹੈ, ਜਿਸ ਦੀ ਸਮਰੱਥਾ ਆਮਦਨ ਕਰ ਦੇਣ ਦੀ ਹੈ।
ਉਹ ਲਿਖਦੇ ਹਨ ਕਿ ਸਾਨੂੰ ਆਪਣੇ ਘਰ, ਦਫਤਰ ਅਤੇ ਕਾਰਖਾਨਿਅਾਂ ’ਚ ਜਨਰੇਟਰ ਚਲਾ ਕੇ ਬਿਜਲੀ ਪੈਦਾ ਕਰਨੀ ਪੈਂਦੀ ਹੈ ਕਿਉਂਕਿ ਸਰਕਾਰ 24 ਘੰਟੇ ਬਿਜਲੀ ਨਹੀਂ ਦਿੰਦੀ। ਸਾਨੂੰ ਸਬਮਰਸੀਬਲ ਪੰਪ ਲਾ ਕੇ ਆਪਣੀ ਪਾਣੀ ਦੀ ਪੂਰਤੀ ਕਰਨੀ ਪੈਂਦੀ ਹੈ ਕਿਉਂਕਿ ਜਲ ਵਿਭਾਗ ਸਾਨੂੰ ਲੋੜ ਅਨੁਸਾਰ ਪਾਣੀ ਨਹੀਂ ਦੇ ਸਕਦਾ। ਸਾਨੂੰ ਆਪਣੀ ਸੁਰੱਖਿਆ ਲਈ ਸਕਿਓਰਿਟੀ ਗਾਰਡ ਵੀ ਰੱਖਣੇ ਪੈਂਦੇ ਹਨ ਕਿਉਂਕਿ ਪੁਲਸ ਸਾਡੀ ਰੱਖਿਆ ਨਹੀਂ ਕਰਦੀ। ਸਾਨੂੰ ਆਪਣੇ ਬੱਚਿਅਾਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਣਾ ਪੈਂਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ। ਸਾਨੂੰ ਆਪਣਾ ਇਲਾਜ ਵੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ’ਚ ਕਰਵਾਉਣਾ ਪੈਂਦਾ ਹੈ ਕਿਉਂਕਿ ਸਰਕਾਰੀ ਹਸਪਤਾਲ ਖ਼ੁਦ ਹੀ ਆਈ. ਸੀ. ਯੂ. ਵਿਚ ਪਏ ਹਨ। ਸਾਨੂੰ ਆਵਾਜਾਈ ਲਈ ਆਪਣੀਅਾਂ ਕਾਰਾਂ ਖਰੀਦਣੀਅਾਂ ਪੈਂਦੀਅਾਂ ਹਨ ਕਿਉਂਕਿ ਸਰਕਾਰੀ ਟਰਾਂਸਪੋਰਟ ਵਿਵਸਥਾ ਦੀ ਹਾਲਤ ਖਸਤਾ ਹੈ।
ਸੇਵਾ-ਮੁਕਤ ਹੋਣ ਤੋਂ ਬਾਅਦ ਆਮਦਨ ਕਰਦਾਤਾ ਨੂੰ ਇੱਜ਼ਤ ਨਾਲ ਜਿਊਂਦੇ ਰਹਿਣ ਲਈ ਸਰਕਾਰ ਤੋਂ ਮਿਲਦਾ ਹੀ ਕੀ ਹੈ? ਕੋਈ ਸਮਾਜਿਕ ਸੁਰੱਖਿਆ ਨਹੀਂ ਮਿਲਦੀ, ਸਗੋਂ ਉਸ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ’ਚੋਂ ਸਰਕਾਰ ਜੋ ਟੈਕਸ ਦੀ ਉਗਰਾਹੀ ਕਰਦੀ ਹੈ, ਉਹ ਰਾਜਨੇਤਾ ਵੋਟਾਂ ਦੇ ਲਾਲਚ ’ਚ ਵੱਡੀਅਾਂ-ਵੱਡੀਅਾਂ ਖੈਰਾਤਾਂ ਵੰਡ ਕੇ ਲੁਟਾ ਦਿੰਦੇ ਹਨ। ਸਵਾਲ ਇਹ ਹੈ ਕਿ ਸਾਡੇ ਟੈਕਸ ਦੀ ਆਮਦਨ ਨਾਲ ਸਰਕਾਰ ਕੀ-ਕੀ ਕਰਦੀ ਹੈ? ਅਦਾਲਤ ਚਲਾਉਂਦੀ ਹੈ, ਜਿੱਥੇ ਸਾਲਾਂ ਭਰ ਨਿਅਾਂ ਨਹੀਂ ਮਿਲਦਾ? ਥਾਣੇ ਬਣਾਏ ਗਏ ਹਨ? ਜਿੱਥੇ ਸਿਰਫ ਰਾਜਨੇਤਾਵਾਂ ਅਤੇ ਉੱਚ ਅਫਸਰਾਂ ਦੀ ਸੁਣੀ ਜਾਂਦੀ ਹੈ। ਆਮ ਆਦਮੀ ਦੀ ਤਾਂ ਸ਼ਿਕਾਇਤ ਵੀ ਰਿਸ਼ਵਤ ਲੈਣ ਤੋਂ ਬਾਅਦ ਹੀ ਦਰਜ ਹੁੰਦੀ ਹੈ। ਸਕੂਲਾਂ ਅਤੇ ਹਸਪਤਾਲਾਂ ਦੀਅਾਂ ਇਮਾਰਤਾਂ ਬਣਾਉਣ ’ਤੇ ਸਰਕਾਰ ਖੂਬ ਖਰਚ ਕਰਦੀ ਹੈ, ਜੋ ਕੁਝ ਸਾਲਾਂ ’ਚ ਖੰਡਰ ਹੋ ਜਾਂਦੇ ਹਨ। ਸਰਕਾਰ ਸੜਕਾਂ ਬਣਵਾਉਂਦੀ ਹੈ, ਜਿਸ ’ਚ 40 ਫੀਸਦੀ ਤਕ ਕਮੀਸ਼ਨ ਖਾਧੀ ਜਾਂਦੀ ਹੈ। ਇਹ ਸੂਚੀ ਬਹੁਤ ਲੰਮੀ ਹੈ।
ਸਿਰਫ ਨੇਤਾਵਾਂ, ਅਫਸਰਾਂ ’ਤੇ ਖਰਚ ਹੁੰਦਾ ਹੈ ਪੈਸਾ
ਪੱਛਮੀ ਦੇਸ਼ਾਂ ’ਚ ਜਿਸ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਸਰਕਾਰ ਦਿੰਦੀ ਹੈ, ਉਸ ਤੋਂ ਬਾਅਦ ਉਥੋਂ ਦੇ ਨਾਗਰਿਕ ਟੈਕਸ ਚੋਰੀ ਕਿਉਂ ਕਰਨ? ਜਦੋਂ ਹਰ ਸਹੂਲਤ ਉਨ੍ਹਾਂ ਨੂੰ ਸਰਕਾਰ ਤੋਂ ਹੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਚਿੰਤਾ ਕਿਸ ਗੱਲ ਦੀ? ਜਦਕਿ ਸਾਡੇ ਇਥੇ ਅਰਬਾਂ-ਖਰਬਾਂ ਰੁਪਏ ਸਿਰਫ ਨੇਤਾਵਾਂ ਅਤੇ ਅਫਸਰਾਂ ਦੇ ਠਾਠ-ਬਾਠ, ਸੈਰ-ਸਪਾਟਿਅਾਂ ਅਤੇ ਹੋਰ ਸ਼ਾਨੋ-ਸ਼ੌਕਤ ’ਤੇ ਖਰਚ ਹੁੰਦੇ ਹਨ। ਜਨਤਾ ’ਤੇ ਖਰਚ ਹੋਣ ਲਈ ਬਚਦਾ ਹੀ ਕੀ ਹੈ?
ਇਕ ਕਾਰਖਾਨੇਦਾਰ 2 ਤੋਂ 10 ਫੀਸਦੀ ਮੁਨਾਫੇ ’ਤੇ ਉਤਪਾਦਨ ਕਰਦਾ ਹੈ, ਜਦਕਿ ਸਰਕਾਰ ਨੇ ਆਪਣੀ ਆਮਦਨ ਦਾ 30 ਫੀਸਦੀ ਆਪਣੀ ਵਿਵਸਥਾ ਚਲਾਉਣ ’ਤੇ ਹੀ ਖਰਚ ਕਰਨਾ ਹੁੰਦਾ ਹੈ। ਇਹ ਕਿੱਥੋਂ ਤਕ ਨਿਅਾਂਸੰਗਤ ਹੈ?
ਇਹੀ ਕਾਰਨ ਹੈ ਕਿ ਭਾਰਤ ’ਚ ਕੋਈ ਸਰਕਾਰ ਨੂੰ ਟੈਕਸ ਅਦਾ ਨਹੀਂ ਕਰਨਾ ਚਾਹੁੰਦਾ। ਅਸੀਂ ਟੈਕਸ ਬਚਾਉਂਦੇ ਹਾਂ, ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਅਤੇ ਬੁਢਾਪੇ ’ਚ ਆਪਣੀ ਸੁਰੱਖਿਆ ਯਕੀਨੀ ਕਰਨ ਲਈ, ਜਦਕਿ ਇਹ ਸਭ ਜ਼ਿੰਮੇਵਾਰੀ ਜੇਕਰ ਸਰਕਾਰ ਲੈਂਦੀ, ਤਾਂ ਸਾਨੂੰ ਇਸ ਦੀ ਚਿੰਤਾ ਨਾ ਕਰਨੀ ਪੈਂਦੀ।
ਦੂਜੇ ਪਾਸੇ ਜੇਕਰ ਸਰਕਾਰ ਇਹ ਐਲਾਨ ਕਰੇ ਕਿ ਉਸ ਨੂੰ ਫੌਜ ਲਈ ਜਾਂ ਹੜ੍ਹਾਂ ਅਤੇ ਤੂਫਾਨ ’ਚ ਰਾਹਤ ਪਹੁੰਚਾਉਣ ਲਈ 1000 ਕਰੋੜ ਰੁਪਏ ਚਾਹੀਦੇ ਹਨ ਤਾਂ ਅਸੀਂ ਸਾਰੇ ਦੇਸ਼ਵਾਸੀ ਇੰਨਾ ਧਨ 2 ਦਿਨਾਂ ’ਚ ਜਮ੍ਹਾ ਕਰਵਾ ਸਕਦੇ ਹਾਂ ਅਤੇ ਕਰਵਾਉਂਦੇ ਵੀ ਹਾਂ। ਸਰਕਾਰ ਦੀ ਅਜਿਹੀ ਕਿਸੇ ਵੀ ਮੰਗ ’ਤੇ ਅਸੀਂ ਸਾਰੇ ਟੈਕਸਦਾਤਾ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਨ ’ਚ ਅੱਗੇ ਵਧਾਂਗੇ। ਇਸ ਤੋਂ ਸਪੱਸ਼ਟ ਹੈ ਕਿ ਅਸੀਂ ਸਰਕਾਰ ਦਾ ਸਹਿਯੋਗ ਕਰਨਾ ਚਾਹੁੰਦੇ ਹਾਂ। ਅਸੀਂ ਸਰਕਾਰ ਦੀਅਾਂ ਉਨ੍ਹਾਂ ਰਣਨੀਤੀਅਾਂ ਅਤੇ ਪ੍ਰੋਗਰਾਮਾਂ ਲਈ ਧਨ ਦੇਣ ਲਈ ਵੀ ਤਿਆਰ ਹਾਂ, ਜਿਨ੍ਹਾਂ ਨਾਲ ਦੇਸ਼ ਦੀ ਸੁਰੱਖਿਆ ਹੋਵੇ, ਗਰੀਬਾਂ ਨੂੰ ਨਿਅਾਂ ਮਿਲੇ ਅਤੇ ਸਾਡੇ ਸਾਰਿਅਾਂ ਦਾ ਜੀਵਨ ਆਰਾਮ ਨਾਲ ਗੁਜ਼ਰੇ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਰਿਹਾ ਹੈ, ਇਸ ਲਈ ਆਮ ਟੈਕਸਦਾਤਾ ਟੈਕਸ ਦੇਣ ਤੋਂ ਬਚਦਾ ਹੈ।
ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਸਰਕਾਰੀ ਸੇਵਾਵਾਂ ਨੂੰ ਸੁਧਾਰਿਆ ਜਾਵੇ ਅਤੇ ਸਾਨੂੰ ਚੋਰ ਦੱਸਣ ਤੋਂ ਪਹਿਲਾਂ ਜ਼ਿਲੇ ਤੋਂ ਲੈ ਕੇ ਉਪਰ ਤਕ ਭ੍ਰਿਸ਼ਟਾਚਾਰ ’ਚ ਸ਼ਾਮਿਲ ਅਧਿਕਾਰੀਅਾਂ ਅਤੇ ਨੇਤਾਵਾਂ ’ਤੇ ਸਖਤੀ ਨਾਲ ਨਕੇਲ ਕੱਸੀ ਜਾਵੇ, ਜੋ ਅਜੇ ਤਕ ਨਹੀਂ ਹੋ ਸਕਿਆ ਹੈ। ਭਾਵੇਂ ਉਹ ਸੂਬਾ ਕਿਸੇ ਵੀ ਪਾਰਟੀ ਵਲੋਂ ਸ਼ਾਸਿਤ ਕਿਉਂ ਨਾ ਹੋਵੇ, ਆਮ ਆਦਮੀ ਨੂੰ ਤਾਂ ਹਰੇਕ ਬੇਵਜ੍ਹਾ ਗੱਲ ਲਈ ਰਿਸ਼ਵਤ ਦੇਣੀ ਪੈਂਦੀ ਹੈ। ਇਸ ਨਾਲ ਜਨਤਾ ’ਚ ਸਰਕਾਰ ਦੀ ਦਿੱਖ ਖਰਾਬ ਹੁੰਦੀ ਹੈ।
ਧਨ ਖਰਚੇ ’ਚ ਪਾਰਦਰਸ਼ਿਤਾ ਹੋਵੇ
ਜਦੋਂ ਭ੍ਰਿਸ਼ਟ ਅਧਿਕਾਰੀਅਾਂ, ਨੇਤਾਵਾਂ ਅਤੇ ਮੰਤਰੀਅਾਂ ’ਤੇ ਲਗਾਮ ਕੱਸੀ ਜਾਵੇਗੀ ਤਾਂ ਇਸ ਦੇ ਤਿੰਨ ਲਾਭ ਹੋਣਗੇ। ਇਕ ਤਾਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ’ਤੇ ਪ੍ਰਭਾਵੀ ਰੋਕ ਲੱਗ ਸਕੇਗੀ, ਦੂਜਾ ਆਮ ਜਨਤਾ ਵਿਚਾਲੇ ਮੋਦੀ ਜੀ ਇੰਨੇ ਹਰਮਨਪਿਆਰੇ ਹੋ ਜਾਣਗੇ ਕਿ ਅਗਲੀ ਵਾਰ ਦੁੱਗਣੀਅਾਂ ਵੋਟਾਂ ਨਾਲ ਜਿੱਤਣਗੇ। ਤੀਜਾ ਇਸ ਦੇਸ਼ ਦਾ ਆਮ ਵਿਅਕਤੀ ਈਮਾਨਦਾਰੀ ਨਾਲ ਇੰਨਾ ਟੈਕਸ ਦੇਵੇਗਾ ਕਿ ਸਰਕਾਰ ਦਾ ਖਜ਼ਾਨਾ ਕਦੇ ਖਾਲੀ ਨਾ ਹੋਵੇ। ਬਸ਼ਰਤੇ ਜਨਤਾ ਦੇ ਇਸ ਧਨ ਦੀ ਪਾਰਦਰਸ਼ਿਤਾ ਨਾਲ ਸਾਰਥਿਕ ਵਰਤੋਂ ਹੋਵੇ, ਉਸ ਨੂੰ ਅੱਯਾਸ਼ੀ ’ਚ ਬਰਬਾਦ ਨਾ ਕੀਤਾ ਜਾਵੇ।
ਪਿਛਲੇ 5 ਸਾਲਾਂ ’ਚ ਮੋਦੀ ਜੀ ਨੇ ਭਾਰਤ ਸਰਕਾਰ ’ਚ ਭ੍ਰਿਸ਼ਟਾਚਾਰ ਰੋਕਣ ’ਚ ਭਾਰੀ ਸਫਲਤਾ ਹਾਸਿਲ ਕੀਤੀ ਹੈ। ਹੁਣ ਦਿੱਲੀ ਦੇ ਪੰਜ ਤਾਰਾ ਹੋਟਲਾਂ ’ਚ ਤੁਹਾਨੂੰ ਹਾਈ-ਪ੍ਰੋਫਾਈਲ ਦਲਾਲ ਕਿਤੇ ਦਿਖਾਈ ਨਹੀਂ ਦਿੰਦੇ ਕਿਉਂਕਿ ਹੁਣ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਤੁਸੀਂ ਮੈਨੂੰ ਇੰਨਾ ਰੁਪਿਆ ਦਿਓ ਤਾਂ ਮੈਂ ਤੁਹਾਡਾ ਕੰਮ ਕਰਵਾ ਦੇਵਾਂਗਾ। ਹੁਣ ਇਸ ਤੋਂ ਇਕ ਕਦਮ ਹੋਰ ਅੱਗੇ ਜਾਣ ਦੀ ਲੋੜ ਹੈ। ਸੂਬਿਅਾਂ ਅਤੇ ਜ਼ਿਲਿਅਾਂ ’ਚ ਵੀ ਇਸੇ ਸੰਸਕ੍ਰਿਤੀ ਦੇ ਦਰਸ਼ਨ ਹੋਣੇ ਚਾਹੀਦੇ ਹਨ, ਤਾਂ ਹੀ ਜਨਤਾ ਨੂੰ ਲੱਗੇਗਾ ਕਿ ਮੋਦੀ ਹੈ ਤਾਂ ਮੁਮਕਿਨ ਹੈ।
ਜੀ. ਐੱਮ. ਬੈਂਗਣ ਦੀ ਬੀਜਾਈ ਦਾ ਭੇਤ ਭਰਿਆ ਮਾਮਲਾ
NEXT STORY