ਬਿਹਾਰ ਦੇ ਅਰਰੀਆ ਜ਼ਿਲੇ ’ਚ ‘ਬਕਰਾ ਨਦੀ’ ’ਤੇ 12 ਕਰੋੜ ਰੁਪਏ ਦੀ ਲਾਗਤ ਨਾਲ ‘ਕੁਰਮਾ ਕਾਂਟਾ’ ਅਤੇ ‘ਸਿਕਟਾ’ ਖੇਤਰਾਂ ਨੂੰ ਆਪਸ ’ਚ ਜੋੜਨ ਵਾਲੇ ਨਵੇਂ ਬਣੇ ਪੁਲ ਦਾ ਇਕ ਹਿੱਸਾ 18 ਜੂਨ ਨੂੰ ਡਿੱਗ ਗਿਆ।
ਇਹ ਪੁਲ 2023 ’ਚ ਬਣ ਕੇ ਤਿਆਰ ਹੋਇਆ ਸੀ ਪਰ ਇਸ ਦੇ ਦੋਵੇਂ ਪਾਸੇ ਲਿੰਕ ਰੋਡ ਦਾ ਨਿਰਮਾਣ ਨਾ ਹੋਣ ਦੇ ਕਾਰਨ ਇਸ ਦਾ ਉਦਘਾਟਨ ਲਟਕਦਾ ਆ ਰਿਹਾ ਸੀ। ਪਿਛਲੇ 13 ਸਾਲਾਂ ’ਚ ਇਹ ਪੁਲ ਤੀਜੀ ਵਾਰ ਬਣਾਇਆ ਜਾ ਰਿਹਾ ਸੀ।
ਬਿਹਾਰ ’ਚ ਬੀਤੇ 2 ਸਾਲਾਂ ’ਚ ਪੁਲ ਡਿੱਗਣ ਦਾ ਇਹ ਪੰਜਵਾਂ ਮਾਮਲਾ ਹੈ। ਇਸ ਤੋਂ ਪਹਿਲਾਂ 16 ਜਨਵਰੀ 2023 ਨੂੰ ਦਰਭੰਗਾ ਵਿਚ, 19 ਫਰਵਰੀ 2023 ਨੂੰ ਪਟਨਾ ਜ਼ਿਲੇ ’ਚ ਬਿਹਿਟਾ-ਸਰਮੇਰਾ ਫੋਰਲੇਨ ਪੁਲ, 19 ਮਾਰਚ 2023 ਨੂੰ ਸੁਪੋਲ ’ਚ ਕੋਸੀ ਨਦੀ ’ਤੇ ਬਣਿਆ ਪੁਲ ਤੇ 4 ਜੂਨ 2023 ਨੂੰ ਸੁਲਤਾਨਗੰਜ ਤੋਂ ਖਗੜੀਆ ਦੇ ਅਗਵਾਨੀ ਗੰਗਾਘਾਟ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਪੁਲ ਦੇ ਪਿੱਲਰ ਨੰ. 10, 11 ਅਤੇ 12 ਅਚਾਨਕ ਡਿੱਗ ਕੇ ਨਦੀ ’ਚ ਰੁੜ੍ਹ ਚੁੱਕੇ ਹਨ।
ਕਵੀ ਕੁਮਾਰ ਵਿਸ਼ਵਾਸ ਨੇ ਇਸ ਪੁਲ ਦੇ ਡਿੱਗਣ ’ਤੇ ਇਕ ਨਿਊਜ਼ ਪੋਸਟ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘‘ਆਪਣੇ ਨਿਰਮਾਣ ’ਚ ਹੋਏ ਪ੍ਰਚੰਡ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਇਕ ਗੈਰਤਮੰਦ ਪੁਲ ਨੇ ਨਦੀ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ।’’ ਇਕ ਹੋਰ ਟਿੱਪਣੀਕਾਰ ਨੇ ਲਿਖਿਆ, ‘‘ਆਪਣੀ ਬਲੀ ਦੇ ਕੇ ਪੁਲ ਨੇ ਕਈ ਲੋਕਾਂ ਦੀ ਜਾਨ ਬਚਾ ਲਈ।’’
ਹਾਲਾਂਕਿ ਇਸ ਮਾਮਲੇ ’ਚ ਤਤਕਾਲੀ ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਕੇ ਸਬੰਧਤ ਠੇਕੇਦਾਰ ਦੇ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਅਤੇ ਉਸ ਨੂੰ ਕਾਲੀ ਸੂਚੀ ’ਚ ਪਾਉਣ ਦਾ ਨਿਰਦੇਸ਼ ਸੂਬਾ ਸਰਕਾਰ ਨੇ ਦੇ ਦਿੱਤਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ।
ਇਹ ਘਟਨਾਕ੍ਰਮ ਬਿਹਾਰ ’ਚ ਪੁਰਾਣੇ ਪੁਲਾਂ ਦੀ ਦੇਖਭਾਲ ’ਚ ਲਾਪ੍ਰਵਾਹੀ ਅਤੇ ਨਵੇਂ ਪੁਲਾਂ ਦੇ ਨਿਰਮਾਣ ’ਚ ਘਟੀਆ ਸਮੱਗਰੀ ਦੇ ਇਸਤੇਮਾਲ ਅਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਵੱਲ ਸੰਕੇਤ ਕਰਦਾ ਹੈ। ਇਸ ਲਈ ਇਸ ਮਾਮਲੇ ’ਚ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਛੇਤੀ ਤੋਂ ਛੇਤੀ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਤੋਂ ਇਸ ਮਾਮਲੇ ’ਚ ਹੋਏ ਨੁਕਸਾਨ ਦੀ ਰਕਮ ਵਸੂਲ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
'ਕੇਂਦਰ ਦੇ ‘ਕਰਮਚਾਰੀਆਂ ਨੂੰ ਚਿਤਾਵਨੀ’ ‘ਲੇਟ ਹੋਣ ’ਤੇ ਕੱਟੇਗਾ ਅੱਧਾ ਦਿਨ’
NEXT STORY