ਅੱਜ ਦੇ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਹੈ ਸੰਸਕਾਰ ਵਿਹੂਣੀ ਨੌਜਵਾਨ ਪੀੜ੍ਹੀ ਅਤੇ ਨਸ਼ੇ ਦਾ ਮਹਾਪ੍ਰਕੋਪ। ਇਕ ਵਿਦਵਾਨ ਨੇ ਕਿਹਾ ਹੈ ਕਿ ਸਿਆਣਪ ਦੇ ਬਿਨਾਂ ਵਿਗਿਆਨ ਤਬਾਹੀ ਵੀ ਬਣ ਜਾਂਦਾ ਹੈ। ਅੱਜ ਭਾਰਤ ’ਚ ਕੁਝ ਅਜਿਹਾ ਵੀ ਹੋ ਰਿਹਾ ਹੈ।
ਨਵੀਂ ਤਕਨੀਕ ਮੋਬਾਈਲ ਅਤੇ ਇੰਟਰਨੈੱਟ ਨੇ ਭਾਰਤ ’ਚ ਬਹੁਤ ਕੁਝ ਬਦਲ ਦਿੱਤਾ। ਸਹੂਲਤਾਂ ਵੀ ਮਿਲੀਆਂ। ਕੁਝ ਖੇਤਰਾਂ ’ਚ ਲਾਭ ਵੀ ਹੋਇਆ ਪਰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਨੌਜਵਾਨ ਪੀੜ੍ਹੀ ਸੰਸਕਾਰ ਵਿਹੂਣੀ ਹੋਣ ਲੱਗੀ। ਬੱਚਿਆਂ ਨੂੰ ਸਭ ਤੋਂ ਪਹਿਲਾ ਸੰਸਕਾਰ ਪਰਿਵਾਰ, ਮਾਤਾ-ਪਿਤਾ, ਦਾਦਾ-ਨਾਨੀ ਤੋਂ ਮਿਲਦਾ ਸੀ। ਬੱਚੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ’ਚ ਪਰਿਵਾਰ ਤੋਂ ਸੰਸਕਾਰ ਹਾਸਲ ਕਰਦੇ ਸਨ। ਭਾਰਤ ਦੇ ਮਹਾਨ ਸੱਭਿਆਚਾਰ ਦਾ ਵਿਕਾਸ ਇਸੇ ਤਰ੍ਹਾਂ ਸੰਸਕਾਰਾਂ ਤੋਂ ਹੋਇਆ। ਅੱਜ ਦੇ ਨੌਜਵਾਨਾਂ ਦੇ ਹੱਥਾਂ ’ਚ ਮੋਬਾਈਲ ਆਉਣ ਦੇ ਬਾਅਦ ਪੁਰਾਣੀ ਪਰੰਪਰਾ ਖਤਮ ਹੋ ਗਈ। ਬੱਚੇ ਮੋਬਾਈਲ ਦੀ ਦੁਨੀਆ ’ਚ ਇੰਨੇ ਰੁੱਝ ਗਏ ਕਿ ਕੋਈ ਵੀ ਬੱਚਾ ਹੁਣ ਮਾਤਾ-ਪਿਤਾ, ਦਾਦਾ-ਨਾਨਾ ਕੋਲ ਬੈਠਣ ਲਈ ਤਿਆਰ ਹੀ ਨਹੀਂ। ਉਨ੍ਹਾਂ ਦੀ ਗੱਲ ਸੁਣਨੀ ਤਾਂ ਬੜੀ ਦੂਰ ਦੀ ਗੱਲ ਹੈ। ਪਰਿਵਾਰਾਂ ਦੀ ਆਪਸੀ ਗੱਲਬਾਤ ਖਤਮ ਹੋ ਗਈ ਹੈ। ਇਕੱਠੇ ਰਹਿੰਦੇ ਹੋਏ ਵੀ ਸਾਰਿਆਂ ਦੀ ਆਪਣੀ ਵੱਖਰੀ-ਵੱਖਰੀ ਦੁਨੀਆ ਬਣ ਗਈ ਹੈ।
ਇਸ ਨਵੀਂ ਤਕਨੀਕ ਨੇ ਨੌਜਵਾਨ ਪੀੜ੍ਹੀ ਨੂੰ ਇਕ ਨਵਾਂ ਹੰਕਾਰ ਵੀ ਦਿੱਤਾ ਹੈ। ਮੋਬਾਈਲ ਅਤੇ ਇੰਟਰਨੈੱਟ ਦੀ ਸਹੂਲਤ ਦੇ ਬਾਅਦ ਬੱਚਿਆਂ ਨੂੰ ਇਹ ਅਹਿਸਾਸ ਹੁੰਦਾ ਹੈ-‘‘ਮੈਨੂੰ ਸਾਰਾ ਪਤਾ ਹੈ।’’ ਜਿਨ੍ਹਾਂ ਨੂੰ ਸਭ ਪਤਾ ਹੈ ਉਹ ਕਿਸੇ ਤੋਂ ਕੁਝ ਵੀ ਸਿੱਖਣ ਲਈ ਤਿਆਰ ਨਹੀਂ ਹੋਣਗੇ। ਪੂਰੀ ਮਨੋਦਸ਼ਾ ਬਦਲ ਗਈ। ਭਾਰਤ ਦੇ ਉਪਨਿਸ਼ਦ ਨੇ ਇਕ ਸਲੋਕ ’ਚ ਲਿਖਿਆ ਹੈ ਕਿ ਅਗਿਆਨੀ ਅੰਧਕਾਰ ’ਚ ਭਟਕਦਾ ਹੈ ਪਰ ਮਹਾਗਿਆਨੀ ਮਹਾਅੰਧਕਾਰ ’ਚ ਭਟਕਦਾ ਹੈ। ਵਿਦੇਸ਼ੀ ਵਿਦਵਾਨਾਂ ਨੂੰ ਇਸ ਸਲੋਕ ਦੇ ਅਰਥ ਸਮਝਣ ’ਚ ਬੜਾ ਸਮਾਂ ਲੱਗਾ। ਇਸ ਦਾ ਭਾਵ ਅਰਥ ਹੈ ਕਿ ਜੋ ਅਗਿਆਨੀ ਹੈ ਉਹ ਜਾਣਦਾ ਹੈ ਉਸ ਨੂੰ ਕੁਝ ਪਤਾ ਨਹੀਂ, ਇਸ ਲਈ ਉਹ ਅੰਧਕਾਰ ’ਚ ਭਟਕ ਕੇ ਹੌਲੀ-ਹੌਲੀ ਸਭ ਸਿੱਖ ਲੈਂਦਾ ਹੈ ਪਰ ਜਿਸ ਨੂੰ ਇਹ ਭਰਮ ਹੈ ਕਿ ਮੈਨੂੰ ਸਭ ਪਤਾ ਹੈ ਉਹ ਕਦੇ ਵੀ ਕੁਝ ਵੀ ਨਹੀਂ ਸਿੱਖ ਸਕਦਾ, ਇਸ ਲਈ ਉਹ ਮਹਾਅੰਧਕਾਰ ’ਚ ਭਟਕਦਾ ਹੈ।
ਨਵੀਂ ਤਕਨੀਕ ਦੇ ਬਾਅਦ ਪੂਰੀ ਜ਼ਿੰਦਗੀ ਬਦਲ ਗਈ। ਬਚਪਨ ਦੀਆਂ ਪਿਆਰੀਆਂ ਸ਼ਰਾਰਤਾਂ ਅਤੇ ਮਸਤੀ ਖਤਮ ਹੋ ਗਈ। ਉਹ ਬਚਪਨ ਹੀ ਖਤਮ ਹੋ ਗਿਆ। ਮੋਬਾਈਲ ’ਚ ਅਸ਼ਲੀਲ ਸਮੱਗਰੀ ਦੇ ਕਾਰਨ ਚਰਿੱਤਰ ਦਾ ਵੀ ਖਾਤਮਾ ਹੋਣ ਲੱਗਾ। ਅਪਰਾਧ ਵਧਣ ਲੱਗੇ। ਖੁਦਕੁਸ਼ੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ-ਆਸਟ੍ਰੇਲੀਆ, ਮਲੇਸ਼ੀਆ ਅਤੇ ਫਰਾਂਸ ਨੇ ਇਕ ਉਮਰ ਤੱਕ ਮੋਬਾਈਲ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਦੇ ਸਾਰੇ ਸੋਸ਼ਲ ਮੀਡੀਆ ਤੋਂ ਅਸ਼ਲੀਲ ਸਮੱਗਰੀ ਪੂਰੀ ਤਰ੍ਹਾਂ ਕੱਢ ਦੇਣੀ ਚਾਹੀਦੀ ਹੈ। ਫੇਸਬੁੱਕ ਦੇਖਦੇ ਸਮੇਂ ਕਈ ਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਵੀ ਅਜਿਹੀ ਸਮੱਗਰੀ ਆ ਜਾਂਦੀ ਹੈ ਕਿ ਮੈਂ ਸ਼ਰਮਿੰਦਾ ਹੋ ਜਾਂਦਾ ਹਾਂ।
ਨੌਜਵਾਨ ਪੀੜ੍ਹੀ ’ਚ ਨਸ਼ੇ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਇਹ ਇਕ ਭਿਆਨਕ ਪ੍ਰਕੋਪ ਬਣਦਾ ਜਾ ਰਿਹਾ ਹੈ। ਸਮਾਜ ’ਚ ਵਧਦੀ ਆਬਾਦੀ ਦੇ ਕਾਰਨ ਸਰਕਾਰ ਦੀ ਪੂਰੀ ਕੋਸ਼ਿਸ਼ ਦੇ ਬਾਅਦ ਵੀ ਗਰੀਬੀ ਅਤੇ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨੀ ਹੈ, ਨਿਰਾਸ਼ਾ ਹੈ। ਇਸ ਲਈ ਬਹੁਤ ਸਾਰੇ ਨੌਜਵਾਨ ਅਪਰਾਧ ਦੀ ਦੁਨੀਆ ’ਚ ਵੀ ਜਾ ਰਹੇ ਹਨ। ਖੁਦਕੁਸ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਇਹ ਸਾਰੀ ਸਥਿਤੀ ਦਿਨ ਪ੍ਰਤੀ ਦਿਨ ਚਿੰਤਾ ਵਾਲੀ ਹੋ ਰਹੀ ਹੈ। ਵੱਖ-ਵੱਖ ਸਰਕਾਰਾਂ ਆਪਣੇ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇਹ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਇਸ ਸਮੱਸਿਆ ਦਾ ਇਕੋ-ਇਕ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਬੱਚਿਆਂ ਨੂੰ ਸੰਸਕਾਰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸਿਰਫ ਕਾਨੂੰਨ ਨਾਲ ਹੱਲ ਨਹੀਂ ਹੋਵੇਗਾ। ਇਕ ਵਿਦਵਾਨ ਨੇ ਕਿਹਾ ਹੈ ਕਿ ਕਾਨੂੰਨ ਇਕ ਕਾਤਲ ਨੂੰ ਫਾਂਸੀ ਦੀ ਸਜ਼ਾ ਦੇ ਸਕਦਾ ਹੈ ਪਰ ਕਾਨੂੰਨ ਚੰਗਾ ਕੰਮ ਕਰਨ ਦਾ ਸੰਸਕਾਰ ਨਹੀਂ ਦੇ ਸਕਦਾ। ਨਵੀਂ ਪੀੜ੍ਹੀ ਨੂੰ ਸੰਸਕਾਰ ਦੇਣ ਦਾ ਪ੍ਰਬੰਧ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ।
ਹੁਣ ਸੰਸਕਾਰ ਦੇਣ ਦਾ ਕੰਮ ਸਿੱਖਿਆ ਵਿਭਾਗ ਨੂੰ ਕਰਨਾ ਪਵੇਗਾ। ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਕਾਲਜ ਤੱਕ ਦੀ ਸਿੱਖਿਆ ’ਚ ਯੋਗ ਅਤੇ ਨੈਤਿਕ ਸਿੱਖਿਆ ਨੂੰ ਇਕ ਲਾਜ਼ਮੀ ਵਿਸ਼ੇ ਵਜੋਂ ਰੱਖਣਾ ਹੋਵੇਗਾ। ਭਾਰਤ ਸਰਕਾਰ ਸਿੱਖਿਆ ਦੇ ਵਿਦਵਾਨਾਂ ਦੀ ਇਕ ਕਮੇਟੀ ਬਣਾਵੇ। ਇਹ ਕਮੇਟੀ ਪ੍ਰਾਇਮਰੀ ਤੋਂ ਲੈ ਕੇ ਕਾਲਜ ਤੱਕ ਦੀਆਂ ਜਮਾਤਾਂ ਲਈ ਯੋਗ ਅਤੇ ਨੈਤਿਕ ਸਿੱਖਿਆ ਦਾ ਸਿਲੇਬਸ ਬਣਾਵੇ। ਇਹ ਵਿਸ਼ਾ ਹਰੇਕ ਜਮਾਤ ’ਚ ਲਾਜ਼ਮੀ ਹੋਵੇ ਅਤੇ ਇਸ ਨੂੰ ਪੜ੍ਹਨਾ ਅਤੇ ਇਸ ’ਚੋਂ ਪਾਸ ਹੋਣਾ ਵੀ ਲਾਜ਼ਮੀ ਹੋਵੇ। ਜੋ ਸੰਸਕਾਰ ਪਹਿਲਾਂ ਪਰਿਵਾਰ ’ਚ ਅਤੇ ਚੰਗੇ ਸਮਾਜ ’ਚ ਮਿਲਦੇ ਸਨ, ਹੁਣ ਉਹ ਸੰਸਕਾਰ ਦੇਣ ਦਾ ਕੰਮ ਸਿੱਖਿਆ ਵਿਭਾਗ ਨੂੰ ਕਰਨਾ ਹੋਵੇਗਾ।
ਇਸ ਪ੍ਰਬੰਧ ਨਾਲ ਪੂਰੇ ਨੌਜਵਾਨ ਸਮਾਜ ’ਚ ਇਕ ਨਵੀਂ ਜਾਗ੍ਰਿਤੀ ਆਵੇਗੀ ਜੋ ਖੁਦ ’ਚ ਚਰਿੱਤਰ ਪੱਖੋਂ ਇਕ ਵੱਡਾ ਯੋਗਦਾਨ ਹੋਵੇਗਾ। ਨੈਤਿਕ ਸਿੱਖਿਆ ’ਚ ਸਾਰੇ ਜ਼ਰੂਰੀ ਵਿਸ਼ਿਆਂ ਨੂੰ ਪੜ੍ਹਾਇਆ ਜਾਵੇਗਾ। ਨੌਜਵਾਨ ਸਮਾਜ ਦਾ ਪੂਰਾ ਵਾਤਾਵਰਣ ਬਦਲ ਜਾਵੇਗਾ। ਯੋਗ ਨਾਲ ਪੂਰੇ ਜੀਵਨ ਦਾ ਸਮੁੱਚਾ ਵਿਕਾਸ ਹੋਵੇਗਾ।
ਮੈਂ ਲੋਕ ਸਭਾ ’ਚ ਇਕ ਸਥਾਈ ਕਮੇਟੀ ਦਾ ਚੇਅਰਮੈਨ ਸੀ। ਇਕ ਪ੍ਰਸੰਗ ’ਚ ਇਸ ਵਿਸ਼ੇ ’ਤੇ ਚਰਚਾ ਹੋਈ। ਚਰਚਾ ਬੜੀ ਲੰਬੀ ਹੋ ਗਈ। ਬਾਅਦ ’ਚ ਮੈਂ ਅਤੇ ਕੁਝ ਸੰਸਦ ਮੈਂਬਰ ਮਿੱਤਰ ਇਕੱਠੇ ਬੈਠੇ। ਇਸੇ ਵਿਸ਼ੇ ’ਚ ਕਈ ਵਾਰ ਅਸੀਂ ਚਰਚਾ ਕੀਤੀ। ਉਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਲਿਆ ਅਤੇ ਅਸੀਂ 5 ਸੰਸਦ ਮੈਂਬਰ ਉਨ੍ਹਾਂ ਨੂੰ ਮਿਲੇ। ਮੈਨੂੰ ਬੜੀ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਵਿਸਥਾਰ ਨਾਲ ਸਾਡੀ ਗੱਲ ਸੁਣੀ ਅਤੇ ਇਸ ਗੱਲ ਨਾਲ ਸਹਿਮਤ ਹੋਏ ਕਿ ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇਣਾ ਲਾਜ਼ਮੀ ਹੋ ਗਿਆ ਹੈ। ਮੈਂ ਸਮਾਜ ਅਤੇ ਸਰਕਾਰ ਦੇ ਸਾਰੇ ਨੇਤਾਵਾਂ ਨੂੰ ਖਾਸ ਤੌਰ ’ਤੇ ਅਪੀਲ ਕਰਦਾ ਹਾਂ ਕਿ ਇਸ ਮਹੱਤਵਪੂਰਨ ਅਤੇ ਗੰਭੀਰ ਸਮੱਸਿਆ ’ਤੇ ਹਰ ਪੱਖੋਂ ਵਿਚਾਰ ਕਰਨ।ਜੇਕਰ ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇ ਕੇ ਨਾ ਸੰਭਾਲਿਆ ਗਿਆ ਤਾਂ ਭਵਿੱਖ ਹਨੇਰੇ ਵਾਲਾ ਹੋ ਜਾਵੇਗਾ।
–ਸ਼ਾਂਤਾ ਕੁਮਾਰ
‘ਵਰ੍ਹਿਆਂ ਤੋਂ ਚੱਲੀ ਆ ਰਹੀ ਸਰਕਾਰੀ ਤੰਤਰ ਦੀ ਅਪੰਗਤਾ’
NEXT STORY