ਨੇਪਾਲ ’ਚ ਪ੍ਰਚੰਡ ਸਰਕਾਰ ਨੂੰ ਅਸਥਿਰ ਕਰਨ ਦੀ ਸ਼ੁਰੂਆਤ ਵਿਰੋਧੀ ਦਲਾਂ ਨੇ ਕਰ ਦਿੱਤੀ ਹੈ। ਦਰਅਸਲ ਪ੍ਰਚੰਡ ਦੇ ਬਹਾਨੇ ਇਹ ਏਮਾਲੇ ਦੀ ਨੇਪਾਲ ’ਚ ਭਾਰਤ ਵਿਰੋਧੀ ਮੁਹਿੰਮ ਹੈ। ਪ੍ਰਚੰਡ ਸਰਕਾਰ ’ਤੇ ਵਿਰੋਧੀ ਧਿਰ ਦਾ ਹਮਲਾ ਉਨ੍ਹਾਂ ਦੇ ਭਾਰਤ ਦੌਰੇ ਤੋਂ ਬਾਅਦ ਸ਼ੁਰੂ ਹੋਇਆ। ਵਿਰੋਧੀ ਦਲ ਦਾ ਦੋਸ਼ ਹੈ ਕਿ ਪ੍ਰਚੰਡ ਭਾਰਤ ਦੇ ਸਾਹਮਣੇ ਨੇਪਾਲ ਦੇ ਰਾਸ਼ਟਰੀ ਹਿੱਤਾਂ ਨਾਲ ਜੁੜੇ ਕਿਸੇ ਮੁੱਦੇ ਨੂੰ ਨਹੀਂ ਰੱਖ ਸਕੇ। ਇਧਰ ਪ੍ਰਚੰਡ ਜਦੋਂ ਭਾਰਤ ’ਚ ਸਨ, ਉਸੇ ਦੌਰਾਨ ਗੈਰ-ਜ਼ਰੂਰੀ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਨੇ ਨੇਪਾਲ ’ਚ ਵਾਹਵਾ ਰੌਲਾ-ਰੱਪਾ ਪਾਇਆ। ਜਗ੍ਹਾ-ਜਗ੍ਹਾ ਅੱਗਜ਼ਨੀ ਕਰ ਕੇ ਵਿਖਾਵੇ ਕੀਤੇ। ਨੇਪਾਲੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਪੁਤਲੇ ਫੂਕੇ। ਭਾਰਤ ਦੇ ਖਿਲਾਫ ਵੀ ਨਾਅਰੇਬਾਜ਼ੀ ਹੋਈ।
ਨੇਪਾਲ ਦਾ ਜਦ ਕੋਈ ਰਾਸ਼ਟਰ ਪ੍ਰਧਾਨ ਭਾਰਤ ਆਵੇ ਅਤੇ ਚੀਨ ਟਿਕਟਿਕੀ ਨਾ ਲਾਏ, ਇਹ ਕਿਵੇਂ ਹੋ ਸਕਦਾ ਹੈ। ਪ੍ਰਚੰਡ ਦੀ ਭਾਰਤ ਯਾਤਰਾ ’ਤੇ ਚੀਨ ਨੇ ਟਿਕਟਿਕੀ ਲਾਈ ਹੋਈ ਸੀ। ਦੋਵਾਂ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਵਿਚਾਲੇ ਕੀ ਚੱਲ ਰਿਹਾ ਹੈ, ਚੀਨ ਇਹ ਸਭ ਜਾਣਨ ਲਈ ਉਤਾਵਲਾ ਸੀ। ਚੀਨ ਨਹੀਂ ਚਾਹੁੰਦਾ ਕਿ ਨੇਪਾਲ ’ਚ ਉਸ ਤੋਂ ਇਲਾਵਾ ਕਿਸੇ ਹੋਰ ਦਾ ਦਖਲ ਹੋਵੇ ਜਦਕਿ ਨੇਪਾਲ ਸਿਰਫ ਚੀਨ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ। ਉਸ ਦੀ ਨੀਤੀ ਆਪਣੇ ਗੁਆਂਢੀ ਦੇਸ਼ਾਂ ਨਾਲ ਬਰਾਬਰੀ ਦੇ ਵਿਵਹਾਰ ਦੀ ਹੈ।
ਨੇਪਾਲ ’ਚ ਨਾਗਰਿਕਤਾ ਵਿਵਾਦ ਵੱਡਾ ਮੁੱਦਾ ਸੀ। ਵਿਰੋਧੀ ਦਲ ਸੰਵਿਧਾਨ ’ਚ ਸੋਧ ਕਰ ਕੇ ਇਸ ਮੁੱਦੇ ਦਾ ਹੱਲ ਚਾਹੁੰਦੇ ਸਨ। ਓਲੀ ਸਰਕਾਰ ’ਚ ਰਾਸ਼ਟਰਪਤੀ ਰਹੀ ਵਿਦਿਆ ਦੇਵੀ ਭੰਡਾਰੀ ਨੇ ਨਾਗਰਿਕਤਾ ਸਬੰਧੀ ਸੋਧੇ ਬਿੱਲ ’ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਸੀ। ਮੌਜੂਦਾ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਪਿਛਲੇ ਦਿਨੀਂ ਇਸ ਬਿੱਲ ਨੂੰ ਪਾਸ ਕਰ ਦਿੱਤਾ। ਬਿੱਲ ਪਾਸ ਹੋਣ ਨਾਲ ਦੂਸਰੇ ਦੇਸ਼ਾਂ ਦੀਆਂ ਨੇਪਾਲ ’ਚ ਵਿਆਹੁਤਾ ਔਰਤਾਂ ਨੂੰ ਤੁਰੰਤ ਨਾਗਰਿਕਤਾ ਮਿਲ ਜਾਵੇਗੀ, ਜਦਕਿ ਪਹਿਲਾਂ 7 ਸਾਲ ਤੱਕ ਉਡੀਕ ਕਰਨੀ ਪੈਂਦੀ ਸੀ। ਏਮਾਲੇ ਇਸ ਬਿੱਲ ਦੇ ਵਿਰੋਧ ’ਚ ਉੱਤਰ ਆਇਆ। ਕਾਰਨ, ਇਸ ਬਿੱਲ ਦੇ ਪਾਸ ਹੋਣ ’ਤੇ ਨੇਪਾਲ ’ਚ ਵਿਆਹੀਆਂ ਗਈਆਂ ਤਕਰੀਬਨ 1 ਲੱਖ ਭਾਰਤੀ ਔਰਤਾਂ ਵੀ ਨੇਪਾਲੀ ਨਾਗਰਿਕ ਹੋਣਗੀਆਂ। ਏਮਾਲੇ ਨਹੀਂ ਚਾਹੁੰਦਾ ਕਿ ਭਾਰਤ-ਨੇਪਾਲ ਦਰਮਿਆਨ ਰੋਟੀ-ਬੇਟੀ ਦਾ ਰਿਸ਼ਤਾ ਬਣਿਆ ਰਹੇ।
ਪ੍ਰਚੰਡ ਦੇ ਉੱਜੈਨ ’ਚ ਮਹਾਕਾਲ ਦੀ ਪੂਜਾ ਕਰਨ ਅਤੇ ਦਰਸ਼ਨਾਂ ਨੂੰ ਵੀ ਮੁੱਦਾ ਬਣਾ ਕੇ ਉਨ੍ਹਾਂ ਦੇ ਹਮਾਇਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਹਾ ਗਿਆ ਕਿ ਇਹ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੰਕੇਤ ਹੈ। ਨੇਪਾਲ ਅਤੇ ਭਾਰਤ ਦਰਮਿਆਨ ਸਾਰੇ ਮੁੱਦਿਆਂ ਨੂੰ ਲੈ ਕੇ ਅਸਹਿਮਤੀ ਵੀ ਹੈ, ਜਿਸ ’ਚ ਉੱਤਰਾਖੰਡ ਦਾ ਲਿਪੁਲੇਖ ਅਤੇ ਕਾਲਾ ਪਾਣੀ ਵਿਵਾਦ ਵੀ ਹੈ ਜਿੱਥੋਂ ਭਾਰਤ ਨੇ ਮਾਨਸਰੋਵਰ ਲਈ ਸੜਕ ਦਾ ਨਿਰਮਾਣ ਕਰ ਲਿਆ ਹੈ। ਨੇਪਾਲ ਇਸ ਜ਼ਮੀਨੀ ਇਲਾਕੇ ਨੂੰ ਆਪਣਾ ਹਿੱਸਾ ਮੰਨਦਾ ਹੈ। ਪ੍ਰਧਾਨ ਮੰਤਰੀ ਹੁੰਦਿਆਂ ਚੀਨ ਹਮਾਇਤੀ ਕੇ. ਪੀ. ਸ਼ਰਮਾ ਓਲੀ ਨੇ ਇਸ ਨੂੰ ਲੈ ਕੇ ਭਾਰਤ ਖਿਲਾਫ ਬਹੁਤ ਅੱਗ ਉੱਗਲੀ ਅਤੇ ਤਦ ਵੀ ਨੇਪਾਲੀਆਂ ਨੂੰ ਭਾਰਤ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ। ਪ੍ਰਚੰਡ ਜਦੋਂ ਸਰਕਾਰ ’ਚ ਨਹੀਂ ਸਨ ਤਦ ਉਨ੍ਹਾਂ ਨੇ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕਹੀ ਸੀ। ਬਤੌਰ ਪ੍ਰਧਾਨ ਮੰਤਰੀ ਆਪਣੇ ਭਾਰਤ ਆਗਮਨ ’ਤੇ ਪ੍ਰਚੰਡ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਜਿਨ੍ਹਾਂ ਸਭ ਮੁੱਦਿਆਂ ’ਤੇ ਗੱਲ ਹੋਈ, ਉਨ੍ਹਾਂ ’ਚ ਲਿਪੁਲੇਖ ਅਤੇ ਕਾਲਾ ਪਾਣੀ ਮੁੱਦਾ ਵੀ ਸੀ। ਪ੍ਰਚੰਡ ਨੇ ਇਸ ਵਿਵਾਦ ਨੂੰ ਖਤਮ ਕਰਨ ਲਈ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਉਸ ਦੇ ਸਿਲੀਗੁੜੀ ਕਾਰੀਡੋਰ ਰਾਹੀਂ ਬੰਗਲਾਦੇਸ਼ ਲਈ ਰਸਤੇ ਦੀ ਮੰਗ ਕੀਤੀ। ਭਾਰਤ ਲਈ ਪ੍ਰਚੰਡ ਦਾ ਇਹ ਪ੍ਰਸਤਾਵ ਮੰਨ ਲੈਣਾ ਇੰਨਾ ਸੌਖਾ ਨਹੀਂ ਹੈ ਕਿਉਂਕਿ ਇੱਥੇ ਚੀਨ ਨੇ ਵੀ ਨਜ਼ਰ ਰੱਖੀ ਹੋਈ ਹੈ ਪਰ ਪ੍ਰਚੰਡ ਦੀ ਇਸ ਮਾਮਲੇ ’ਚ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਵਿਵਾਦਿਤ ਜ਼ਮੀਨ ਨੂੰ ਮੁੱਦਾ ਬਣਾਏ ਜਾਣ ਦੀ ਬਜਾਏ ਜ਼ਮੀਨ ਬਦਲੇ ਜ਼ਮੀਨ ਦੀ ਨੀਤੀ ਤਹਿਤ ਭਾਰਤੀ ਪ੍ਰਧਾਨ ਮੰਤਰੀ ਸਾਹਮਣੇ ਇਹ ਮੁੱਦਾ ਰੱਖਿਆ, ਜਿਸ ਦੇ ਹੱਲ ਦੀ ਗੁੰਜਾਇਸ਼ ਹੈ। ਉੱਥੇ ਹੀ ਪ੍ਰਮੁੱਖ ਵਿਰੋਧੀ ਦਲ ਦੇ ਵ੍ਹਿਪ ਚੀਫ ਪਦਮਗਿਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਪ੍ਰਚੰਡ ਨਾਲ ਜ਼ਮੀਨ ਦੀ ਅਦਲਾ-ਬਦਲੀ ਦੇ ਪ੍ਰਸਤਾਵ ’ਤੇ ਜਵਾਬ ਮੰਗੇਗੀ। ਪਦਮਗਿਰੀ ਨੇ ਇਹ ਵੀ ਕਿਹਾ ਕਿ ਭਾਰਤ ਦੌਰੇ ’ਤੇ ਪ੍ਰਚੰਡ ਨੇਪਾਲ ਦੇ ਰਾਸ਼ਟਰੀ ਹਿੱਤ ਨਾਲ ਜੁੜਿਆ ਕੋਈ ਮੁੱਦਾ ਨਹੀਂ ਉਠਾ ਸਕੇ।
ਪ੍ਰਚੰਡ ਸਰਕਾਰ ਨੂੰ ਪ੍ਰੇਸ਼ਾਨ ਅਤੇ ਅਸਥਿਰ ਕਰਨ ਦੀ ਪ੍ਰਮੁੱਖ ਵਿਰੋਧੀ ਦਲ ਏਮਾਲੇ ਦੀ ਹੱਦ ਇਹ ਹੈ ਕਿ ਉਸ ਨੇ ਭਾਰਤ ਦੇ ਨਵੇਂ ਸੰਸਦ ਭਵਨ ’ਚ ਲੱਗੇ ਭਾਰਤ ਦੇ ਨਕਸ਼ੇ ’ਤੇ ਹੀ ਸਵਾਲ ਖੜ੍ਹਾ ਕਰ ਦਿੱਤਾ। ਇਹ ਦੱਸਣ ਦੀ ਲੋੜ ਨਹੀਂ ਕਿ ਵਿਸ਼ਾਲ ਅਤੇ ਅਖੰਡ ਭਾਰਤ ’ਚ ਸਭ ਦੇਸ਼ ਸ਼ਾਮਲ ਰਹੇ ਹਨ, ਅਜਿਹੇ ’ਚ ਨੇਪਾਲ ਕਿਵੇਂ ਅਣਛੋਹਿਆ ਰਹਿ ਜਾਂਦਾ। ਭਾਰਤ ਦੇ ਨਕਸ਼ੇ ’ਚ ਨੇਪਾਲ ਦੇ ਲੁੁੰਬਿਨੀ, ਕਪਿਲਵਸਤੂ ਅਤੇ ਵਿਰਾਟ ਨਗਰ ਸ਼ਾਮਲ ਹਨ। ਨੇਪਾਲ ਦਾ ਵਿਰੋਧੀ ਦਲ ਇਸ ਨੂੰ ਲੈ ਕੇ ਨੇਪਾਲ ’ਚ ਭਾਰਤ ਵਿਰੋਧੀ ਮਾਹੌਲ ਬਣਾਉਣ ਦੀ ਕੋਸ਼ਿਸ਼ ’ਚ ਲੱਗ ਗਿਆ ਹੈ।
ਜਿਨ੍ਹਾਂ ਗੈਰ-ਜ਼ਰੂਰੀ ਮੁੱਦਿਆਂ ਨੂੰ ਲੈ ਕੇ ਪ੍ਰਚੰਡ ਸਰਕਾਰ ’ਤੇ ਵਿਰੋਧੀ ਧਿਰ ਹਮਲਾਵਰ ਹੈ, ਉਸ ਦੇ ਪਿੱਛੇ ਕੋਈ ਨਾ ਕੋਈ ਤਾਂ ਹੈ। ਵਿਰੋਧੀ ਦਲ ਏਮਾਲੇ ਦੇ ਮੁਖੀ ਓਲੀ ਚੀਨ ਦੇ ਪੱਕੇ ਹਮਾਇਤੀ ਹਨ। ਪ੍ਰਚੰਡ ਦਾ ਨੇਪਾਲੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲੈਣਾ ਅਤੇ ਭਾਰਤ ਨਾਲ ਨਜ਼ਦੀਕੀਆਂ ਵਧਾਉਣਾ ਵਿਰੋਧੀ ਦਲ ਨੂੰ ਰਾਸ ਨਹੀਂ ਆ ਰਿਹਾ, ਇਸ ਲਈ ਉਸ ਨੇ ਪ੍ਰਚੰਡ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ।
ਯਸ਼ੋਦਾ ਸ਼੍ਰੀਵਾਸਤਵ
ਵਧਦੀ ਬੇਰੋਜ਼ਗਾਰੀ ਦੌਰਾਨ ਕੈਬ ਡਰਾਈਵਿੰਗ ਬਣੀ ਨੌਕਰੀ ਲੈਣ ਦਾ ਜ਼ਰੀਆ
NEXT STORY