ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੇ ਦਿੱਲੀ ਸਥਿਤ ਸਰਕਾਰੀ ਬੰਗਲੇ ਦੇ ਇਕ ਕਮਰੇ ਵਿਚ ਅੱਗ ਲੱਗਣ ਤੋਂ ਬਾਅਦ ਉਥੋਂ ਨੋਟਾਂ ਦੇ ਬੰਡਲ ਬਰਾਮਦ ਹੋਣ ਦੀਆਂ ਖ਼ਬਰਾਂ ’ਤੇ ਦੇਸ਼ ਭਰ ਦੇ ਚਿੰਤਤ ਨਾਗਰਿਕਾਂ ਨੇ ਨਜ਼ਰ ਰੱਖੀ ਹੋਈ ਹੈ। ਸਾਰੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਅੱਗ ਉਸ ਕਮਰੇ ’ਚ ਸ਼ਾਰਟ ਸਰਕਟ ਕਾਰਨ ਲੱਗੀ ਸੀ ਜਿਸ ਦੀ ਵਰਤੋਂ ਜੱਜ ਅਤੇ ਉਸ ਦਾ ਪਰਿਵਾਰ ਸਟੋਰ ਰੂਮ ਦੇ ਰੂਪ ’ਚ ਕਰਦਾ ਸੀ। ਦੋ ਹਾਈ ਕੋਰਟਾਂ ਦੇ ਦੋ ਮੁੱਖ ਜੱਜਾਂ ਅਤੇ ਇਕ ਤੀਸਰੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਤਿੰਨ ਮੈਂਬਰੀ ਕਮੇਟੀ, ਜਿਸ ਨੂੰ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ (ਹੁਣ ਰਿਟਾਇਰਡ) ਵਲੋਂ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ ਸੀ, ਨੇ 60 ਤੋਂ ਵੱਧ ਗਵਾਹਾਂ ਦੀ ਜਾਂਚ ਕੀਤੀ ਅਤੇ ਅੱਗ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਤੋਂ ਸਿੱਟਾ ਕੱਢਿਆ ਕਿ ਜਸਟਿਸ ਵਰਮਾ 500 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਨਾਲ ਭਰੀਆਂ ਬੋਰੀਆਂ ਬਾਰੇ ਸੰਤੋਸ਼ਜਨਕ ਢੰਗ ਨਾਲ ਸਪੱਸ਼ਟੀਕਰਨ ਨਹੀਂ ਦੇ ਸਕੇ, ਜਿਨ੍ਹਾਂ ’ਚੋਂ ਕੁਝ ਅੱਗ ’ਚ ਸੜ ਗਏ ਸਨ।
ਜੱਜਾਂ ਦੀ ਕਮੇਟੀ ਨੇ ਆਪਣੇ ਜੱਜ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਕਿਉਂਕਿ ਸੰਵਿਧਾਨ ’ਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਨੂੰ ਬਰਖਾਸਤ ਕਰਨ ਲਈ ਇਹੀ ਰਸਤਾ ਨਿਰਧਾਰਤ ਕੀਤਾ ਗਿਆ ਸੀ। ਸੀ. ਜੇ. ਆਈ. ਅਤੇ ਸੁਪਰੀਮ ਕੋਰਟ ਦੇ ਸੀਨੀਅਰ ਜੱਜਾਂ ਦੇ ਕਾਲੇਜੀਅਮ ਨੇ ਜਸਟਿਸ ਵਰਮਾ ਨੂੰ ਤੁਰੰਤ ਇਲਾਹਾਬਾਦ ਹਾਈ ਕੋਰਟ ’ਚ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਜੋ ਕਿ ਮੂਲ ਹਾਈ ਕੋਰਟ ਅਦਾਲਤ ਸੀ, ਜਿੱਥੇ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਸੀ। ਸੀ. ਜੇ. ਆਈ. ਦਿੱਲੀ ਹਾਈ ਕੋਰਟ ਦੇ ਮੁੱਖ ਜੱਜਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਜਦੋਂ ਤੱਕ ਜਸਟਿਸ ਵਰਮਾ ਦਿੱਲੀ ’ਚ ਰਹਿਣਗੇ, ਉਨ੍ਹਾਂ ਨੂੰ ਨਿਆਂਇਕ ਕੰਮ ਨਾ ਦਿੱਤਾ ਜਾਵੇ।
ਸੀ. ਜੇ. ਆਈ. ਨੇ ਇਕ ਭਾਰੀ ਫਰਜ਼ ਦੀ ਪਾਲਣਾ ਕਰਨੀ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉੱਚ ਨਿਆਂਪਾਲਿਕਾ ਦੀ ਨਿਸ਼ਠਾ ’ਚ ਜਨਤਾ ਦਾ ਵਿਸ਼ਵਾਸ ਬਚਾਉਣਾ ਹੋਵੇਗਾ। ਨਾਲ ਹੀ ਲੋਕਾਂ ਨੂੰ ਇਹ ਸੋਚਣਾ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਣੀ ਚਾਹੀਦੀ ਕਿ ਸਿਖਰ ਦੇ ਪੱਧਰ ’ਤੇ ਨਿਆਂਪਾਲਿਕਾ ਕਿਸੇ ਅੜੀਅਲ ਭਰਾ ਜੱਜ ਦੇ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਦਬਾਉਣ ’ਚ ਸ਼ਾਮਲ ਸੀ। ਮੇਰੀ ਰਾਇ ’ਚ ਸੀ. ਜੇ. ਆਈ. ਪ੍ਰੀਖਿਆ ’ਚ ਪੂਰੀ ਤਰ੍ਹਾਂ ਪਾਸ ਹੋਏ। ਉਨ੍ਹਾਂ ਨੇ ਪਾਰਦਰਸ਼ਤਾ ਦਾ ਬਦਲ ਚੁਣਿਆ ਜੋ ਕਿ ਹਮਲੇ ਦੀਆਂ ਸ਼ਿਕਾਰ ਸਰਕਾਰੀ ਏਜੰਸੀਆਂ ਵਲੋਂ ਸ਼ਾਇਦ ਹੀ ਕਦੇ ਅਪਣਾਇਆ ਗਿਆ ਰਾਹ ਹੈ।
ਹਾਇਰ ਜੁਡੀਸ਼ੀਅਰੀ ਅਨਿਆਂ ਦੇ ਵਿਰੁੱਧ ਇਕ ਢਾਲ ਦੇ ਰੂਪ ’ਚ ਕੰਮ ਕਰਦੀ ਹੈ। ਜਦੋਂ ਕਿਸੇ ਵੀ ਕੀਮਤ ’ਤੇ ਚੋਣ ਜਿੱਤਣੀ ਕਾਨੂੰਨ ਦੇ ਸ਼ਾਸਨ ਨੂੰ ਕਾਇਮ ਰੱਖਦੇ ਹੋਏ ਚੰਗਾ ਸ਼ਾਸਨ ਯਕੀਨੀ ਕਰਨ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਤਾਂ ਅਨਿਆਂ ਦੇ ਮਾਮਲਿਆਂ ’ਚ ਵਾਧਾ ਹੋਣਾ ਸੁਭਾਵਿਕ ਹੈ। ਜੇਕਰ ਨਿਆਂਪਾਲਿਕਾ ਨਿਆਂਪੂਰਨ ਵਿਵਸਥਾ ’ਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਕਦਮ ਚੁੱਕਣ ’ਚ ਝਿਜਕਦੀ ਹੈ ਤਾਂ ਇਕ ਰਾਸ਼ਟਰ ਦੇ ਰੂਪ ’ਚ ਅਸੀਂ ਬਰਬਾਦ ਹੋ ਜਾਵਾਂਗੇ।
ਨਿਆਂਪਾਲਿਕਾ ’ਚ, ਇੱਥੋਂ ਤੱਕ ਕਿ ਉੱਚ ਪੱਧਰ ’ਚ ਭ੍ਰਿਸ਼ਟਾਚਾਰ ਸਮੱਸਿਆ ਬਣਦਾ ਜਾ ਰਿਹਾ ਹੈ। ਸੀ. ਜੇ. ਆਈ. ਅਤੇ ਸੀਨੀਅਰ ਜੱਜਾਂ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਕੋਈ ਅਣਕਿਆਸੀ ਗੱਲ ਨਹੀਂ, ਕਿਉਂਕਿ ਜੱਜ ਜਨਤਾ ’ਚੋਂ ਹੀ ਚੁਣੇ ਜਾਂਦੇ ਹਨ ਜਿਵੇਂ ਕਿ ਅੱਜ ਹੋ ਰਿਹਾ ਹੈ, ਸਮਾਜ ’ਚ ਭ੍ਰਿਸ਼ਟਾਚਾਰ ਵਧ ਰਿਹਾ ਹੈ। ਇਸ ਲਈ ਸਾਰੇ ਖੇਤਰਾਂ ਦੇ ਨੇਤਾਵਾਂ ਨੂੰ ਇਸ ਬੀਮਾਰੀ ਨਾਲ ਨਜਿੱਠਣ ਦੇ ਉਪਾਵਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅਕਸਰ ਦੁਹਰਾਉਂਦੇ ਸਨ ਕਿ ਉਹ ਦਾਗੀ ਧਨ ਨੂੰ ਹੱਥ ਨਹੀਂ ਲਗਾਉਣਗੇ ਅਤੇ ਇਸ ਤੋਂ ਇਲਾਵਾ ਉਹ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਦੂਜਿਆਂ ਦੀਆਂ ਜੇਬਾਂ ਕੱਟਣ ਦੀ ਇਜਾਜ਼ਤ ਨਹੀਂ ਦੇਣਗੇ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅੱਜਕੱਲ ਉਹ ਇਹ ਦਾਅਵਾ ਨਹੀਂ ਦੁਹਰਾਅ ਰਹੇ ਹਨ। ਜਨਤਕ ਜੀਵਨ ’ਚ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਖੁੱਲ੍ਹੇਆਮ ਚੱਲ ਰਿਹਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਪਾਰਟੀ ਵੀ, ਜੋ ਮੂਲ ਤੌਰ ’ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਸਹੁੰ ਚੁੱਕ ਕੇ ਸੱਤਾ ’ਚ ਆਈ ਸੀ, ਇਸ ਰੁਝਾਨ ਤੋਂ ਨਹੀਂ ਹਟੀ ਹੈ। ਆਪਣੇ ਸ਼ਾਸਨ ਕਾਲ ਦੇ 11ਵੇਂ ਸਾਲ ’ਚ ਮੋਦੀ ਦੀ ਪਾਰਟੀ ਲਾਲਚ ਕਾਰਨ ਵੱਖ-ਵੱਖ ਕਾਂਗਰਸੀਆਂ, ਸ਼ਿਵ ਸੈਨਿਕਾਂ ਅਤੇ ਹੋਰਨਾਂ ਲੋਕਾਂ ਨੂੰ ਆਪਣੇ ਨਾਲ ਸ਼ਾਮਲ ਕਰ ਰਹੀ ਹੈ। ਜਿਨ੍ਹਾਂ ਦਾ ਨਾਂ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਵੱਡੇ ਭ੍ਰਿਸ਼ਟਾਚਾਰ ਲਈ ਲਿਆ ਗਿਆ ਸੀ ਅਤੇ ਇੱਥੋਂ ਤੱਕ ਕਿ ਉਨ੍ਹਾਂ ’ਤੇ ਮੁਕੱਦਮਾ ਵੀ ਚਲਾਇਆ ਗਿਆ ਸੀ। ਦੋ ਅੰਗਰੇਜ਼ੀ ਸ਼ਬਦ ‘ਵਾਸ਼ਿੰਗ ਮਸ਼ੀਨ’ ਮੁੰਬਈ ਸ਼ਹਿਰ ’ਚ ਮਰਾਠੀ ਅਤੇ ਹਿੰਦੀ ’ਚ ਆਮ ਬੋਲਚਾਲ ’ਚ ਸ਼ਾਮਲ ਹੋ ਗਏ ਹਨ।
ਸਾਬਕਾ ਕੈਬਨਿਟ ਸਕੱਤਰ ਬੀ. ਜੀ. ਦੇਸ਼ਮੁਖ, ਸਰਕਾਰ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਟਾਟਾ ਸੰਜ਼ ਦੇ ਬੋਰਡ ’ਚ ਸ਼ਾਮਲ ਹੋਏ। ਬੀ. ਜੀ. ਇਕ ਚੰਗਾ ਦੋਸਤ ਸੀ, ਉਨ੍ਹਾਂ ਨੇ ਅਤੇ ਮੈਂ, ਸ਼ਹਿਰ ਦੇ ਇਕ ਪ੍ਰਮੁੱਖ ਬਾਲ ਰੋਗ ਮਾਹਿਰ ਡਾ. ਰਾਜ ਕੁਮਾਰ ਆਨੰਦ ਨਾਲ ਮਿਲ ਕੇ ਮੁੰਬਈ ’ਚ ‘ਪਬਲਿਕ ਕੰਸਰਨ ਫਾਰ ਗਵਰਨੈਂਸ ਟਰੱਸਟ’ ਦਾ ਗਠਨ ਕੀਤਾ। ਜਸਟਿਸ ਵਰਮਾ ਦੇ ਮਾਮਲੇ ਦੀ ਗੱਲ ਕਰੀਏ ਤਾਂ ਪਿਛਲੀਆਂ ਤਿੰਨ ਮਹਾਦੋਸ਼ ਕਾਰਵਾਈਆਂ ਮਹਾਦੋਸ਼ ਤੱਕ ਪਹੁੰਚਣ ਤੱਕ ਅਸਫਲ ਰਹੀਆਂ ਸਨ। ਇਸ ਵਾਰ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਭਾਜਪਾ ਨੇ ਸਹੀ ਰੁਖ ਅਪਣਾਇਆ ਹੈ ਅਤੇ ਜੱਜਾਂ ਦੀ ਤਿੰਨ ਮੈਂਬਰੀ ਕਮੇਟੀ ਦੇ ਸਿੱਟਿਆਂ ਦਾ ਸਮਰਥਨ ਕੀਤਾ ਹੈ, ਜਿਸ ਨੂੰ ਸੁਪਰੀਮ ਕੋਰਟ ਦੇ 5 ਸੀਨੀਅਰ ਜੱਜਾਂ ਦੇ ਕਾਲੇਜੀਅਮ ਨੇ ਪਾਸ ਕਰ ਦਿੱਤਾ ਹੈ। ਵਿਰੋਧੀ ਦਲ ਇਸ ਪ੍ਰਸਤਾਵ ਦੇ ਵਿਰੁੱਧ ਵੋਟ ਦੇਣ ਦਾ ਜੋਖਮ ਨਹੀਂ ਉਠਾ ਸਕਦੇ।
ਕਾਨੂੰਨ ਦੀ ਅਦਾਲਤ ’ਚ ਦੋਸ਼ਾਂ ਨੂੰ ਕਾਇਮ ਰੱਖਣਾ ਸ਼ਾਇਦ ਜ਼ਿਆਦਾ ਮੁਸ਼ਕਿਲ ਹੁੰਦਾ, ਭਾਵੇਂ ਅਸੰਭਵ ਨਹੀਂ। ਸੜੇ ਹੋਏ ਅਤੇ ਬਿਨਾਂ ਸੜੇ ਨੋਟਾਂ ਦੀ ਗਿਣਤੀ ਕਰਨ ’ਚ ਵੱਡੀ ਖੁੰਝਾਹਟ ਮੁਲਜ਼ਮ ਜੱਜ ਦੇ ਬਚਾਅ ’ਚ ਆ ਸਕਦੀ ਹੈ। ਮੋਹਰੀ ਕਾਨੂੰਨ ਮਾਹਿਰ ਜਿਨ੍ਹਾਂ ਨੇ ਜੱਜ ਦਾ ਪੱਖ ਲਿਆ ਹੈ ਯਕੀਨੀ ਤੌਰ ’ਤੇ ਇਸਤਗਾਸਾ ਪੱਖ ਦੇ ਮਾਮਲੇ ’ਚ ਇਸ ਦੋਸ਼ ਨੂੰ ਉਜਾਗਰ ਕਰਨਗੇ। ਤਿੰਨ ਵੱਕਾਰੀ ਜੱਜ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਧਨ ਦੀਆਂ ਬੋਰੀਆਂ ਪਹਿਲਾਂ ਪ੍ਰਤੀਕਿਰਿਆਕਰਤਾਵਾਂ ਵਲੋਂ ਦੇਖੀਆਂ ਗਈਆਂ ਸਨ ਪਰ ਦਿੱਲੀ ਹਾਈ ਕੋਰਟ ਦੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਜਸਟਿਸ ਵਰਮਾ ਦੇ ਨਿੱਜੀ ਸਟਾਫ ਨੇ ਉਨ੍ਹਾਂ ਨੂੰ ਹਟਾ ਲਿਆ ਸੀ। ਸਾਬਕਾ ਚੀਫ ਜਸਟਿਸ ਵਲੋਂ ਜਨਤਾ ਤੋਂ ਕੁਝ ਵੀ ਨਾ ਲੁਕਾਉਣ ਅਤੇ ਸਾਰੇ ਪੜਾਵਾਂ ’ਚ ਉਨ੍ਹਾਂ ਨੂੰ ਸੂਚਿਤ ਰੱਖਣ ਦੇ ਫੈਸਲੇ ਨਾਲ ਹਾਇਰ ਜੁਡੀਸ਼ੀਅਰੀ ’ਚ ਲੋਕਾਂ ਦਾ ਵਿਸ਼ਵਾਸ ਮੁੜ ਸੁਰਜੀਤ ਹੋਇਆ ਹੈ।
-ਜੂਲੀਓ ਰਿਬੈਰੋ
ਫੈਸ਼ਨ ਬਣਦੇ ਜਾ ਰਹੇ ਹਨ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਹਰਲੇ ਮਾਮਲੇ
NEXT STORY