ਡੋਨਾਲਡ ਟਰੰਪ ਨੂੰ ਆਖਿਰਕਾਰ ਜੰਗਬੰਦੀ ਅਤੇ ਸ਼ਾਂਤੀ ਨੋਬਲ ਪੁਰਸਕਾਰ ਹਾਸਲ ਕਰਨ ਦਾ ਮੌਕਾ ਮਿਲ ਗਿਆ। ਇੱਥੋਂ ਤੱਕ ਕਿ ਉਨ੍ਹਾਂ ਨੇ ਈਰਾਨੀ ਪ੍ਰਮਾਣੂ ਸਥਾਪਨਾਵਾਂ ’ਤੇ ਬੰਬਾਰੀ ਤੋਂ ਪਹਿਲਾਂ ਈਰਾਨ ਵਿਚ ਸ਼ਾਸਨ ਤਬਦੀਲੀ ਦਾ ਵਿਚਾਰ ਵੀ ਜਨਤਕ ਤੌਰ ’ਤੇ ਉਠਾਇਆ ਸੀ। ਸ਼ੁਕਰ ਹੈ ਕਿ ਭਾਰਤ-ਪਾਕਿਸਤਾਨ ਦੇ ਸੰਦਰਭ ਦੇ ਉਲਟ ਉਨ੍ਹਾਂ ਨੇ ਆਪਸ ’ਚ ਸਿਰ ਟਕਰਾਏ, ਗਾਲੀ-ਗਲੋਚ ਕੀਤੀ ਅਤੇ ਮਾਹੌਲ ਨੂੰ ਸ਼ਾਂਤ ਕਰ ਦਿੱਤਾ।
ਟਰੰਪ ਨੂੰ ਅਸਲ ’ਚ ਪਾਕਿਸਤਾਨ ਵਿਚ ਚੁੱਪਚਾਪ ਅਤੇ ਸੁਚਾਰੂ ਢੰਗ ਨਾਲ ਸ਼ਾਸਨ ਤਬਦੀਲ ਕਰਨ ਦਾ ਸਿਹਰਾ ਲੈਣਾ ਚਾਹੀਦਾ ਹੈ। 18 ਜੂਨ ਨੂੰ ਉਨ੍ਹਾਂ ਅਤੇ ਅਸੀਮ ਮੁਨੀਰ ਵਿਚਾਲੇ ਇਕ ਦੁਪਹਿਰ ਦੇ ਭੋਜਨ ਦੀ ਮੀਟਿੰਗ ਦੇ ਨਾਲ ਅਮਰੀਕੀ ਰਾਸ਼ਟਰਪਤੀ ਨੇ ਪ੍ਰਭਾਵੀ ਤੌਰ ’ਤੇ ਪਾਕਿਸਤਾਨ ਨੂੰ ਫੌਜੀ ਲੀਡਰਸ਼ਿਪ ਦਾ ਆਸ਼ੀਰਵਾਦ ਦਿੱਤਾ, ਜਿਸ ਨਾਲ ਉਸ ਦੀ ਚੁਣੀ ਹੋਈ ਨਾਗਰਿਕ ਸਰਕਾਰ ਪੂਰੀ ਤਰ੍ਹਾਂ ਕਮਜ਼ੋਰ ਹੋ ਗਈ। ਸੰਦੇਸ਼ ਸਪੱਸ਼ਟ-ਰਾਵਲਪਿੰਡੀ ਨੂੰ ਵਾਸ਼ਿੰਗਟਨ ਦਾ ਸਮਰਥਨ ਹਾਸਲ ਹੈ ਅਤੇ ਇਸਲਾਮਾਬਾਦ ’ਚ ਪਾਕਿਸਤਾਨ ਦੇ ਸਿਆਸੀ ਹਿੱਤਧਾਰਕਾਂ ਨੂੰ ਉਨ੍ਹਾਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ।
ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਨਾਮਾਤਰ ਦੀ ਹੈ ਅਤੇ ਉਹ ਉੱਥੇ ਹੀ ਰਹੇਗੀ। ਮੁਨੀਰ ਆਪਣੇ ਨਾਲ ਆਈ. ਐੱਸ. ਆਈ. ਦੇ ਡਾਇਰੈਕਟਰ ਜਨਰਲ ਅਸੀਮ ਮਲਿਕ ਨੂੰ ਡੀ. ਸੀ. ਲੰਚ ’ਤੇ ਲੈ ਕੇ ਗਏ ਜਦਕਿ ਸ਼ਰੀਫ ਨੂੰ ਮਾਰਕੋ ਰੂਬਿਓ ਦੇ ਫੋਨ ਕਾਲ ਨਾਲ ਹੀ ਸੰਤੁਸ਼ਟ ਹੋਣਾ ਪਿਆ। ਇਹ ਮਈ ’ਚ ਟਰੰਪ ਵਲੋਂ ਭਾਰਤ-ਪਾਕਿਸਤਾਨ ਸੰਘਰਸ਼ ’ਚ ਖੁਦ ਨੂੰ ਸ਼ਾਮਲ ਕਰਨ ਤੋਂ ਵੀ ਵੱਡੀ ਤਬਦੀਲੀ ਸੀ।
ਟਰੰਪ ਵਲੋਂ ਪਾਕਿਸਤਾਨ-ਮੁਨੀਰ ਨੂੰ ਲੁਭਾਉਣ ਨੂੰ ਭਾਰਤੀਆਂ ਨੇ ਨਵੀਂ ਦਿੱਲੀ ਦੇ ਅਪਮਾਨ ਵਜੋਂ ਦੇਖਿਆ। ਅਮਰੀਕਾ ਇਸ ਨੂੰ ਇਸ ਤਰ੍ਹਾਂ ਨਹੀਂ ਦੇਖਦਾ। ਉਹ ਪਾਕਿਸਤਾਨ ਵਿਚ ‘ਦੋਸਤਾਨਾ’ ਤਾਕਤਾਂ ਨੂੰ ਮੁੜ ਸੱਤਾ ਵਿਚ ਸਥਾਪਿਤ ਕਰ ਰਿਹਾ ਸੀ, ਵਿਸ਼ੇਸ਼ ਤੌਰ ’ਤੇ ਅਜਿਹੇ ਸਮੇਂ ’ਚ ਜਦੋਂ ਪੱਛਮੀ ਏਸ਼ੀਆ ਬਾਰੂਦ ਦੇ ਢੇਰ ’ਤੇ ਬੈਠਾ ਹੈ। ਇਸ ’ਚ ਇਹ ਵੀ ਸਹਾਇਕ ਰਿਹਾ ਕਿ ਪਾਕਿਸਤਾਨ ਦੀ ਲੀਡਰਸ਼ਿਪ ਨੇ ਕ੍ਰਿਪਟੋ ਨੂੰ ਉਸ ਤਰ੍ਹਾਂ ਅਪਣਾਇਆ ਜਿਵੇਂ ਕਿ ਹੋਰਨਾਂ ਦੇਸ਼ਾਂ ਨੇ ਨਹੀਂ ਕੀਤਾ।
ਮੂਲ ਤੌਰ ’ਤੇ ਰਾਵਲਪਿੰਡੀ ਦੇ ਸੂਤਰਧਾਰ ਅਤੇ ‘ਇਮਰਾਨ ਖਾਨ’ ਨੂੰ ਹਟਾਉਣ ਵਾਲੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਾਬਕਾ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਡੋਨਾਲਡ ਟਰੰਪ ਨੇ ਪੂਰਾ ਕੀਤਾ।
ਸਾਲ 2022 ’ਚ ਅਮਰੀਕਾ ’ਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਨੂੰ ਲੂ ਦੇ ਸੰਦੇਸ਼ ’ਚ ਸਪੱਸ਼ਟ ਬਦਲ ਪੇਸ਼ ਕੀਤਾ ਿਗਆ ਸੀ-‘ਇਮਰਾਨ ਖਾਨ ਨੂੰ ਹਟਾਓ’। ਕੇਬਲ ’ਚ ਲੀਕ ਹੋਏ ਪੇਜ ਦੇ ਅਨੁਸਾਰ ਲੂ ਨੇ ਕਥਿਤ ਤੌਰ ’ਤੇ ਕਿਹਾ ‘ਮੈਨੂੰ ਲੱਗਦਾ ਹੈ ਕਿ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਪ੍ਰਧਾਨ ਮੰਤਰੀ ਦਾ ਵੱਖਰੇਵਾਂ ਬਹੁਤ ਮਜ਼ਬੂਤ ਹੋ ਜਾਵੇਗਾ।’ ਲੂ ਨੇ ਸੁਝਾਅ ਦਿੱਤਾ ਕਿ ਜੇਕਰ ਖਾਨ ਭਰੋਸਗੀ ਮਤਾ ਹਾਰ ਜਾਂਦੇ ਹਨ ਤਾਂ ਅਮਰੀਕਾ-ਪਾਕਿਸਤਾਨ ਸੰਬੰਧ ਬਹਾਲ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਵਿਰੁੱਧ ਬੇਭੋਰਸਗੀ ਵੋਟ ਸਫਲ ਹੋ ਜਾਂਦੀ ਹੈ ਤਾਂ ਵਾਸ਼ਿੰਗਟਨ ’ਚ ਸਭ ਕੁਝ ਮੁਆਫ ਕਰ ਦਿੱਤਾ ਜਾਵੇਗਾ ਕਿਉਂਕਿ ਰੂਸ ਯਾਤਰਾ ਨੂੰ ਪ੍ਰਧਾਨ ਮੰਤਰੀ ਦੇ ਫੈਸਲੇ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਵਧਣਾ ਮੁਸ਼ਕਿਲ ਹੋਵੇਗਾ।’
ਖਾਨ ਨੂੰ ਅਹੁਦੇ ਤੋਂ ਹਟਾਉਣ ਅਤੇ ਉਸ ਦੇ ਬਾਅਦ ਮੁਨੀਰ ਨੂੰ ਸੈਨਾ ਮੁਖੀ ਬਣਾਉਣ ਅਤੇ ਖਾਨ ਨੂੰ ਲਗਾਤਾਰ ਜੇਲ ’ਚ ਰੱਖਣ ਦੀ ਮੌਨ ਮਨਜ਼ੂਰੀ ਨੂੰ ਅਮਰੀਕਾ ਦੀ ਨਵੀਂ ਮਨਜ਼ੂਰੀ ਮਿਲ ਗਈ ਹੈ। ਹੁਣ ਫੀਲਡ ਮਾਰਸ਼ਲ ਦੇ ਰੂਪ ’ਚ ਜਿਸ ਦੀ ਕੋਈ ਅੰਤਿਮ ਮਿਤੀ ਨਹੀਂ ਹੈ, ਮੁਨੀਰ ਵਲੋਂ ਖਾਨ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ ’ਚੋਂ ਿਜਊਂਦੇ ਬਾਹਰ ਕੱਢਣ ਦੀ ਇਜਾਜ਼ਤ ਦੇਣਾ ਸੰਭਵ ਨਹੀਂ ਹੈ। ਮੁਨੀਰ ਨੂੰ ਅਮਰੀਕਾ ਸਮਰਥਨ ਪੂਰਾ ਮਿਲ ਗਿਆ ਹੈ।
ਤੁਸੀਂ ਅਮਰੀਕਾ ਦੀਆਂ ਨਜ਼ਰਾਂ ’ਚ ਫਿਰ ਤੋਂ ਆਉਣ ਅਤੇ ਭਾਰਤ ਨੂੰ ਨੀਵਾਂ ਦਿਖਾਉਣ ਦੀ ਪਾਕਿਸਤਾਨ ਦੀ ਉਤਸੁਕਤਾ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਉਸ ਨੇ ਰਸਮੀ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਟਰੰਪ ਨੂੰ ਨਾਮਜ਼ਦ ਕੀਤਾ ਹੈ। ਇਹ ਗੱਲ ਚੰਗੀ ਨਹੀਂ ਰਹੀ ਕਿਉਂਕਿ ਟਰੰਪ ਨੇ ਗੁਆਂਢੀ ਦੇਸ਼ ਈਰਾਨ ਨਾਲ ਧਮਾਕਾਖੇਜ਼ ਜੰਗ ਛੇੜ ਦਿੱਤੀ ਹੈ, ਫਿਰ ਵੀ ਦੋ ਗੱਲਾਂ ਇਕਮਤ ਹੁੰਦੀਆਂ ਦਿਸ ਰਹੀਆਂ ਹਨ। ਟਰੰਪ ਨੂੰ ਖੁਸ਼ ਕਰਨ ਦੇ ਪਾਕਿਸਤਾਨ ਦੇ ਯਤਨ ਮੁਕਾਬਲਤਨ ਸਫਲ ਰਹੇ ਹਨ ਅਤੇ ਟਰੰਪ ਭਾਰਤ ਵਲੋਂ ਉਨ੍ਹਾਂ ਦਾ ਸਮਰਥਨ ਨਾ ਕੀਤੇ ਜਾਣ ਤੋਂ ਬਹੁਤ ਨਾਰਾਜ਼ ਹਨ। ਮੋਦੀ-ਟਰੰਪ ਦੀ ਅੰਤਿਮ ਫੋਨ ਗੱਲਬਾਤ ਵ੍ਹਾਈਟ ਹਾਊਸ ’ਚ ਪਚਾਉਣ ਲਾਈਕ ਨਹੀਂ ਹੈ।
ਪਾਕਿਸਤਾਨ ’ਚ ਤਖਤਾਪਲਟ ਹੋਵੇ ਜਾਂ ਨਾ ਹੋਵੇ, ਪਾਕਿਸਤਾਨੀ ਫੌਜ ਹਮੇਸ਼ਾ ਤੋਂ ਹੀ ਸੱਤਾ ’ਤੇ ਕਾਬਜ਼ ਰਹੀ ਹੈ। ਹਾਲਾਂਕਿ ਹਾਲੀਆ ਸਾਲਾਂ ’ਚ ਫੌਜ ਪ੍ਰਤੀ ਅਸੰਤੋਸ਼ ਵਧ ਰਿਹਾ ਹੈ ਜਿਸ ਨੂੰ ਕੁਝ ਹੱਦ ਤੱਕ ਇਮਰਾਨ ਖਾਨ ਨੇ ਬੜ੍ਹਾਵਾ ਦਿੱਤਾ ਹੈ। ਖਾਨ ਇਕ ਖਰੂਦੀ ਵਿਅਕਤੀ ਸਨ, ਤਾਲਿਬਾਨ ਦੇ ਬਹੁਤ ਕਰੀਬ ਸਨ ਅਤੇ ਅਮਰੀਕਾ ਅਤੇ ਭਾਰਤ ਨੂੰ ਲੈ ਕੇ ਬਹੁਤ ਚਿੜਚਿੜੇ ਸਨ ਪਰ ਉਹ ਜੀਵਤ ਸਭ ਤੋਂ ਲੋਕਪ੍ਰਿਯ ਪਾਕਿਸਤਾਨੀ ਨੇਤਾ ਬਣੇ ਹੋਏ ਹਨ। ਜੇਲ ’ਚ ਬੰਦ ਇਮਰਾਨ ਖਾਨ ਮੁਨੀਰ ਲਈ ਲਗਾਤਾਰ ਕੰਡਾ ਬਣੇ ਹੋਏ ਹਨ।
ਚੀਨ ਵਲੋਂ ਪਾਕਿਸਤਾਨ-ਅਮਰੀਕਾ ਵਿਚਾਲੇ ਮੁੜ ਬਣੇ ਗੱਠਜੋੜ ’ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਦਹਾਕਿਆਂ ਤੋਂ ਇਸ ਤੋਂ ਜਾਣੂ ਹੈ। ਕਿਉਂਕਿ ਪਾਕਿਸਤਾਨ ਦੇ 80 ਫੀਸਦੀ ਰੱਖਿਆ ਉਪਕਰਣ ਚੀਨ ਤੋਂ ਆਉਂਦੇ ਹਨ, ਇਸ ਲਈ ਇਸ ਗੱਲ ਦਾ ਕੋਈ ਖਦਸ਼ਾ ਨਹੀਂ ਹੈ ਕਿ ਪਾਕਿਸਤਾਨ ਬਹੁਤ ਦੂਰ ਚਲਾ ਜਾਵੇਗਾ।
ਹੁਣ ਬਚਦਾ ਹੈ ਭਾਰਤ-ਜਿਸ ਦੀ ਪਾਕਿਸਤਾਨ ਤੋਂ ਸਪੱਸ਼ਟ ਨਜ਼ਰ ਹਟ ਗਈ ਹੈ। ਅਸੀਂ 9/11 ਤੋਂ ਬਾਅਦ ਦੀ ਸਥਿਤੀ ’ਚ ਵਾਪਸ ਆ ਗਏ ਹਾਂ ਜਿੱਥੇ ਪਾਕਿਸਤਾਨ ਸਾਡੀ ਪਸੰਦ ਦਾ ਸਹਿਯੋਗੀ ਹੈ। ਪਾਕਿਸਤਾਨ ਅਤੇ ਅਮਰੀਕਾ ਵਪਾਰ ਅਤੇ ਖਣਿਜ ਸਮਝੌਤੇ ’ਤੇ ਦਸਤਖਤ ਕਰਨ ਲਈ ਤਿਆਰ ਹਨ। ਚੀਨ ਪਾਕਿਸਤਾਨ ਨੂੰ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਸੌਂਪਣ ਲਈ ਤਿਆਰ ਹੈ। ਬਾਈਡੇਨ ਨੇ ਪਾਕਿਸਤਾਨ ਦੇ ਮੁੱਢਲੇ ਆਈ. ਸੀ. ਬੀ. ਐੱਮ. ਪੋਗਰਾਮ ’ਤੇ ਪਾਬੰਦੀ ਲਗਾ ਦਿੱਤੀ ਸੀ-ਟਰੰਪ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਅੱਤਵਾਦੀ ਕੈਂਪਾਂ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ। ਪਾਕਿਸਤਾਨ ਸ਼ਾਇਦ 1971 ਦੀ ਸ਼ੈਲੀ ’ਚ ਅਮਰੀਕਾ ਅਤੇ ਚੀਨ ਵਿਚਾਲੇ ਇਕ ਪੁਲ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮੁਨੀਰ ਨੂੰ ਆਪਣੀ ਹਿੰਦੂ ਵਿਰੋਧੀ ਮੁਹਿੰਮ ’ਚ ਸਫਲਤਾ ਮਿਲੀ ਜਿਸ ਦਾ ਨਤੀਜਾ ਸ਼ਾਇਦ ਪਹਿਲਗਾਮ ਹਮਲੇ ਦੇ ਰੂਪ ’ਚ ਸਾਹਮਣੇ ਆਇਆ। ਮੁਨੀਰ ਦੀ ‘ਤਰੱਕੀ’ ‘ਆਪ੍ਰੇਸ਼ਨ’ ਸਿੰਧੂਰ ਦਾ ਨਤੀਜਾ ਸੀ। ਭਾਰਤ ਨੂੰ ਸਾਵਧਾਨ ਰਹਿਣਾ ਹੋਵੇਗਾ ਕਿ ਉਸ ਨੂੰ ਹੋਰ ਜ਼ਿਆਦਾ ‘ਜਿੱਤ’ ਨਾ ਮਿਲੇ।
ਇਹ ਭਾਰਤ ਲਈ ਪਾਕਿਸਤਾਨ ’ਚ ਲੋਕਤੰਤਰ ਪ੍ਰਤੀ ਸਮਰਥਨ ਲਈ ਮੁੜ ਪੁਸ਼ਟੀ ਕਰਨ ਦਾ ਮੌਕਾ ਹੈ। ਉੱਥੇ ਕੌਣ ਸ਼ਾਸਨ ਕਰੇਗਾ, ਇਸ ’ਚ ਸਾਡੀ ਮਜ਼ਬੂਤ ਹਿੱਸੇਦਾਰੀ ਹੈ। ਫਿਲਹਾਲ ਭਾਰਤ ਕਮਜ਼ੋਰ ਸਥਿਤੀ ’ਚ ਖੇਡ ਰਿਹਾ ਹੈ। ਨਵੀਂ ਦਿੱਲੀ ਨੂੰ ਬਿਹਤਰ ਕਰਨਾ ਹੋਵੇਗਾ।
ਇੰਦਰਾਣੀ ਬਾਗਚੀ
ਜ਼ਿਮਨੀ ਚੋਣ ਨਤੀਜਾ : ਸਾਰੀਆਂ ਪਾਰਟੀਆਂ ਨੂੰ ਸਵੈ-ਪੜਚੋਲ ਦੀ ਲੋੜ
NEXT STORY