ਪਾਕਿਸਤਾਨ ਦੇ ਸ਼ਾਸਕਾਂ ਦੀ ਦੂਰਦ੍ਰਿਸ਼ਟੀ ਤੋਂ ਬਿਨਾਂ ਦੀ ਸੋਚ ਅਤੇ ਉਥੋਂ ਦੀ ਸਰਕਾਰ ’ਤੇ ਫੌਜ ਦੇ ਜਰਨੈਲਾਂ ਦੀ ਵਧਦੀ ਪਕੜ ਦੇ ਕਾਰਨ ਦੇਸ਼ ’ਚ ਗਰੀਬੀ, ਬੇਰੋਜ਼ਗਾਰ ਅਤੇ ਅਵਿਵਸਥਾ ਲਗਾਤਾਰ ਵਧ ਰਹੀ ਹੈ।
ਪਾਕਿਸਤਾਨ ਦੀ ਜਨਤਾ ਮਹਿੰਗਾਈ ਦੀ ਚੱਕੀ ’ਚ ਪਿਸ ਰਹੀ ਹੈ ਪਰ ਜਨਤਾ ਦੀਅਾਂ ਸਮੱਸਿਆਵਾਂ ਤੋਂ ਅੱਖਾਂ ਬੰਦ ਕਰ ਕੇ ਪਾਕਿਸਤਾਨ ਦੇ ਸ਼ਾਸਕ ਕਲਿਆਣਕਾਰੀ ਯੋਜਨਾਵਾਂ ਦੇ ਲਈ ਬਜਟ ’ਚ ਕਟੌਤੀ ਕਰ ਕੇ ਰੱਖਿਆ ਬਜਟ ’ਚ ਅੰਨ੍ਹੇਵਾਹ ਵਾਧਾ ਕਰ ਰਹੇ ਹਨ। ਪਾਕਿਸਤਾਨ ਦੇ 44.7 ਫੀਸਦੀ ਲੋਕ ਗਰੀਬੀ ਦੀ ਰੇਖਾ ਦੇ ਹੇਠਾਂ ਜੀਵਨ ਗੁਜ਼ਾਰ ਰਹੇ ਹਨ।
ਪਾਕਿਸਤਾਨ ’ਚ ਬੇਰੋਜ਼ਗਾਰੀ ਦਾ ਹਾਲ ਇਹ ਹੈ ਕਿ ਉਥੇ ਮਹੱਤਵਪੂਰਨ ਪੇਸ਼ਿਅਾਂ ’ਚੋਂ ਇਕ ਪੇਸ਼ਾ ਭੀਖ ਮੰਗਣਾ ਬਣ ਗਿਆ ਹੈ। ਪਾਕਿਸਤਾਨ ਦੀ 23 ਕਰੋੜ ਦੀ ਆਬਾਦੀ ’ਚ ਲੱਗਭਗ 4 ਕਰੋੜ ਲੋਕ ਭੀਖ ਮੰਗ ਕੇ ਪੇਟ ਪਾਲ ਰਹੇ ਹਨ। ਪਾਕਿਸਤਾਨ ਦਾ ਹਰ 6ਵਾਂ ਵਿਅਕਤੀ ਭਿਖਾਰੀ ਹੈ ਅਤੇ ਉਹ ਵਿਦੇਸ਼ਾਂ ’ਚ ਵੀ ਭੀਖ ਮੰਗਣ ਲਈ ਜਾਂਦੇ ਹਨ।
ਤੀਰਥ ਯਾਤਰਾ ਦੀ ਆੜ ’ਚ ਪਾਕਿਸਤਾਨੀ ਨਾਗਰਿਕ ‘ਸਾਊਦੀ ਅਰਬ’, ‘ਇਰਾਕ’, ‘ਈਰਾਨ’, ‘ਮਲੇਸ਼ੀਆ’, ‘ਕਤਰ’ ਅਤੇ ‘ਓਮਾਨ’ ਆਦਿ ਇਸਲਾਮੀ ਦੇਸ਼ਾਂ ’ਚ ਜਾ ਕੇ ਭੀਖ ਮੰਗਦੇ ਹਨ। ਪਿਛਲੇ ਢਾਈ ਸਾਲਾਂ ’ਚ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਪਾਕਿਸਤਾਨੀ ਭਿਖਾਰੀਅਾਂ ਨੂੰ ਫੜ-ਫੜ ਕੇ ਖਦੇੜਿਆ ਗਿਆ ਹੈ।
ਇਸੇ ਕਾਰਨ ਪਾਕਿਸਤਾਨ ਨੂੰ ‘ਇੰਟਰਨੈਸ਼ਨਲ ਭਿਖਾਰੀ’ ਦਾ ਖਿਤਾਬ ਮਿਲ ਚੁੱਕਾ ਹੈ, ਸਾਊਦੀ ਅਰਬ ਦੇ ਲੋਕ ਪਾਕਿਸਤਾਨੀਅਾਂ ਨੂੰ ‘ਓਏ ਇਧਰ ’ਆ’ ਵਰਗੇ ਸੰਬੋਧਨਾਂ ਨਾਲ ਬੁਲਾਉਂਦੇ ਹਨ ਅਤੇ ਭਾਰਤੀਅਾਂ ਨੂੰ ‘ਜੀ’ ਕਹਿ ਕੇ।
ਆਰਥਿਕ ਤੰਗੀ ਦੇ ਕਾਰਨ ਉਥੇ ਸਰਕਾਰੀ ਕਰਮਚਾਰੀ ਤਨਖਾਹ ਤਕ ਦੇ ਲਈ ਤਰਸ ਰਹੇ ਹਨ। ਸਿੱਖਿਆ ਵਿਭਾਗ ਦੇ ਕਰਮਚਾਰੀਅਾਂ ਨੂੰ ਪਿਛਲੇ 28 ਮਹੀਨਿਅਾਂ ਤੋਂ ਤਨਖਾਹ ਨਾ ਮਿਲਣ ਕਾਰਨ ਉਹ ਲਗਾਤਾਰ ਸੜਕਾਂ ’ਤੇ ਉਤਰ ਕੇ ਧਰਨੇ-ਪ੍ਰਦਰਸ਼ਨ ਕਰ ਰਹੇ ਹਨ।
ਦੂਜੇ ਪਾਸੇ ਭਾਰਤ ’ਤੇ ਅੱਤਵਾਦੀ ਹਮਲਿਅਾਂ ਦੀਅਾਂ ਸਾਜ਼ਿਸ਼ਾਂ ਰਚਦੇ-ਰਚਦੇ ਪਾਕਿਸਤਾਨ ਖੁਦ ਵੀ ਅੱਤਵਾਦ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਸਾਲ 2006 ਤੋਂ 2024 ਤਕ ਪਾਕਿਸਤਾਨ ’ਚ 17,846 ਅੱਤਵਾਦੀ ਹਮਲੇ ਹੋਏ, ਜਿਨ੍ਹਾਂ ’ਚ 24,373 ਲੋਕਾਂ ਦੀ ਮੌਤ ਅਤੇ 48,085 ਲੋਕ ਜ਼ਖਮੀ ਹੋਏ।
* 20 ਅਗਸਤ, 2024 ਨੂੰ ਪਾਕਿਸਤਾਨ ਦੇ ‘ਲੱਕੀ ਮਰਵਤ’ ਜ਼ਿਲੇ ’ਚ ਪੁਲਸ ਦੀ ਕਾਰ ’ਤੇ ਅੱਤਵਾਦੀਅਾਂ ਦੇ ਹਮਲੇ ’ਚ 2 ਪੁਲਸ ਮੁਲਾਜ਼ਮ ਮਾਰੇ ਗਏ।
* 11 ਅਕਤੂਬਰ, 2024 ਨੂੰ ‘ਡੇਰਾ ਇਸਮਾਈਲ ਖਾਂ’ ਜ਼ਿਲੇ ’ਚ ਪੁਲਸ ਟ੍ਰੇਨਿੰਗ ਕੇਂਦਰ ’ਤੇ ਅੱਤਵਾਦੀ ਹਮਲੇ ’ਚ 7 ਪੁਲਸ ਅਧਿਕਾਰੀਅਾਂ ਦੀ ਮੌਤ ਹੋ ਗਈ।
* 7 ਨਵੰਬਰ, 2024 ਨੂੰ ‘ਦੱਖਣੀ ਵਜੀਰਿਸਤਾਨ’ ਵਿਚ ਅੱਤਵਾਦੀ ਹਮਲਿਅਾਂ ’ਚ 4 ਫੌਜੀਅਾਂ ਅਤੇ ਬੱਚਿਅਾਂ ਸਮੇਤ 7 ਲੋਕ ਮਾਰੇ ਗਏ।
* 21 ਦਸੰਬਰ, 2024 ਨੂੰ ‘ਖੈਬਰ ਪਖਤੂਨਖਵਾ’ ਪ੍ਰਾਂਤ ਦੇ ਦੱਖਣੀ ‘ਵਜੀਰਿਸਤਾਨ’ ਜ਼ਿਲੇ ’ਚ ਫੌਜ ਦੀ ਇਕ ਚੌਕੀ ’ਤੇ ਅੱਤਵਾਦੀ ਹਮਲੇ ’ਚ 16 ਫੌਜੀ ਮਾਰੇ ਗਏ।
* ਅਤੇ ਹੁਣ 11 ਨਵੰਬਰ, 2025 ਨੂੰ ‘ਇਸਲਾਮਾਬਾਦ’ ਵਿਚ ਇਕ ਅਦਾਲਤ ਦੇ ਬਾਹਰ ਆਤਮਘਾਤੀ ਬੰਬ ਧਮਾਕੇ ’ਚ 12 ਲੋਕਾਂ ਦੀ ਮੌਤ ਅਤੇ 26 ਹੋਰ ਜ਼ਖਮੀ ਹੋ ਗਏ। ਇਸੇ ਦਿਨ ‘ਖੈਬਰ ਪਖਤੂਨਖਵਾ’ ’ਚ ਤਾਲਿਬਾਨ ਅੱਤਵਾਦੀਅਾਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ ’ਚ ਘੱਟੋ-ਘੱਟ 16 ਫੌਜੀ ਜ਼ਖਮੀ ਹੋ ਗਏ।
‘ਖੈਬਰ ਪਖਤੂਨਖਵਾ’ ਪ੍ਰਾਂਤ ’ਚ ‘ਤਹਿਰੀਕ-ਏ-ਤਾਲਿਬਾਨ’ ਨੇ ਅਾਪਣੀ ਪਕੜ ਮਜ਼ਬੂਤ ਕਰ ਕੇ ਕਈ ਸਰੱਹਦੀ ਚੌਕੀਅਾਂ ’ਤੇ ਕਬਜ਼ਾ ਕਰ ਲਿਆ ਹੈ। ਬਲੋਚਿਸਤਾਨ ਅਤੇ ਸਿੰਧ ਪ੍ਰਾਂਤਾਂ ’ਚ ਪਹਿਲਾਂ ਹੀ ਪਾਕਿਸਤਾਨ ਸਰਕਾਰ ਦੇ ਵਿਰੁੱਧ ਅੰਦੋਲਨ ਚਲ ਰਹੇ ਹਨ।
ਅਜਿਹੇ ਹਾਲਾਤ ਵਿਚਾਲੇ ਪਾਕਿਸਤਾਨ ਦਾ ਅਾਰਮੀ ਚੀਫ ‘ਅਸੀਮ ਮੁਨੀਰ’ ਹੁਣ ਭਾਰਤੀ ਫੌਜ ’ਤੇ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਪਾਕਿਸਤਾਨੀ ਫੌਜ ਦੇ ਇਕ ਸਾਬਕਾ ਅਧਿਕਾਰੀ ‘ਆਦਿਲ ਰਜਾ’ ਦੇ ਅਨੁਸਾਰ ਉਹ ‘ਚੀਨ’ ਨੂੰ ਖੁਸ਼ ਕਰਨ ਲਈ ਭਾਰਤੀ ਫੌਜ ’ਤੇ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਪਾਕਿਸਤਾਨ ਦੇ ਸ਼ਾਸਕਾਂ ਨੇ 10 ਨਵੰਬਰ ਨੂੰ ਦਿੱਲੀ ’ਚ ਬੰਬ ਧਮਾਕੇ ਕਰਵਾ ਕੇ ਇਕ ਵਾਰ ਫਿਰ ਅਾਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਅਤੇ ਕਦਮ-ਕਦਮ ’ਤੇ ਭਾਰਤ ਨਾਲ ਦੁਸ਼ਮਣੀ ਮੁੱਲ ਲੈ ਕੇ ਅਾਪਣੇ ਹੀ ਪੈਰਾਂ ’ਤੇ ਖੁਦ ਕੁਲਹਾੜੀ ਮਾਰ ਰਿਹਾ ਹੈ।
ਉਥੇ ਹਾਲਾਤ ਇੰਨੇ ਖਰਾਬ ਹਨ ਕਿ ਦਿੱਲੀ ’ਚ ਹਮਲੇ ਤੋਂ ਬਾਅਦ 11 ਨਵੰਬਰ ਨੂੰ ਪਾਕਿਸਤਾਨ ਸ਼ੇਅਰ ਬਾਜ਼ਾਰ ਦਾ ‘ਕਰਾਚੀ ਇੰਡੈਕਸ’ ਕਰੀਬ 3600 ਅੰਕ ਲੁੜਕ ਗਿਆ ਜਿਸ ਨਾਲ ਪਾਕਿਸਤਾਨੀਅਾਂ ਦੇ 32000 ਕਰੋੜ ਰੁਪਏ ਡੁੱਬ ਗਏ।
ਇਸ ਲਈ ਪਾਕਿਸਤਾਨੀ ਸ਼ਾਸਕਾਂ ਦਾ ਭਲਾ ਇਸੇ ’ਚ ਹੈ ਕਿ ਉਹ ਭਾਰਤ ਵਿਰੁੱਧ ਹਮਲਿਆਂ ਦੀਆਂ ਸਾਜ਼ਿਸ਼ਾਂ ਰਚਣ ਦੀ ਬਜਾਏ ਆਪਣੇ ਘਰ ਦੇ ਹਾਲਾਤ ਠੀਕ ਕਰਨ ਵੱਲ ਧਿਆਨ ਦੇਣ। ਪਾਕਿਸਤਾਨ ਵੀ ਕਦੇ ਭਾਰਤ ਦਾ ਹਿੱਸਾ ਸੀ ਅਤੇ ਉਥੇ ਹਾਲਾਤ ਠੀਕ ਹੋਣ ਨਾਲ ਉਥੋਂ ਦੇ ਲੋਕਾਂ ਨੂੰ ਵੀ ਚੈਨ ਨਾਲ ਜਿਊਣਾ ਨਸੀਬ ਹੋਵੇਗਾ।
–ਵਿਜੇ ਕੁਮਾਰ
ਮੌਲਾਨਾ ਆਜ਼ਾਦ : ਉਹ ਸਿਪਾਹੀ, ਜਿਸ ਨੇ ਤਿਰੰਗੇ ਦੇ ਹੇਠਾਂ ਏਕਤਾ ਅਤੇ ਸਿੱਖਿਆ ਦਾ ਸੁਪਨਾ ਬੁਣਿਆ
NEXT STORY