ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਆਜ਼ਾਦੀ ਦੇ ਸੰਘਰਸ਼ ਨੂੰ ਯਾਦ ਕਰਨ ਦਾ ਦਿਨ ਹੈ। ਇਹ ਦਿਨ ਸੈਂਕੜੇ ਸਾਲਾਂ ਦੀ ਗੁਲਾਮੀ ਅਤੇ ਸੰਘਰਸ਼ਾਂ ਦਾ ਦਿਨ ਰਿਹਾ ਹੈ। ਚਾਹੇ ਉਹ ਨੌਜਵਾਨ ਹੋਵੇ, ਬਜ਼ੁਰਗ ਹੋਵੇ, ਔਰਤਾਂ, ਆਦਿਵਾਸੀ ਜਾਂ ਦਲਿਤ। ਇਹ ਲੋਕ ਗੁਲਾਮੀ ਵਿਰੁੱਧ ਲੜਦੇ ਰਹੇ। ਮੈਨੂੰ ਮਾਣ ਹੈ ਕਿ ਸਾਡੀਆਂ ਰਗਾਂ ਵਿਚ ਸਾਡੇ ਪੁਰਖਿਆਂ ਦਾ ਖੂਨ ਹੈ।
ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ 2047 ਵਿਕਸਿਤ ਭਾਰਤ ਸਿਰਫ਼ ਇਕ ਸ਼ਬਦ ਨਹੀਂ ਸਗੋਂ 140 ਕਰੋੜ ਦੇਸ਼ਵਾਸੀਆਂ ਦਾ ਸੁਪਨਾ ਹੈ। ਉਨ੍ਹਾਂ ਕਾਂਗਰਸ ਅਤੇ ਇਸ ਦੀਆਂ ਪਿਛਲੀਆਂ ਸਰਕਾਰਾਂ ’ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਬਦਲਾਅ ਚਾਹੁੰਦੇ ਸਨ ਪਰ ਅਸੀਂ ਸਿਆਸਤ ਦਾ ਗੁਣਾ-ਭਾਗ ਕਰ ਕੇ ਕੰਮ ਨਹੀਂ ਕਰਦੇ। ਅਸੀਂ ਨੇਸ਼ਨ ਫਸਟ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਦੇ ਹਾਂ।
ਆਜ਼ਾਦੀ ਦੇ ਸਮੇਂ ਭਾਰਤ ਦੀ ਆਬਾਦੀ ਸਿਰਫ 34 ਕਰੋੜ ਸੀ ਪਰ ਅੱਜ ਅਸੀਂ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਏ ਹਾਂ। ਉਸ ਸਮੇਂ ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵੀ ਲਗਭਗ 2.5 ਲੱਖ ਕਰੋੜ ਰੁਪਏ ਸੀ, ਜੋ ਹੁਣ 300 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਰਿਹਾ ਹੈ।
ਉਦੋਂ 12 ਫੀਸਦੀ ਸਾਖਰਤਾ ਸੀ, ਅੱਜ ਅਸੀਂ 75 ਫੀਸਦੀ ਦੇ ਅੰਕੜੇ ਨੂੰ ਵੀ ਪਾਰ ਕਰ ਰਹੇ ਹਾਂ। ਇਸ ਤੋਂ ਇਲਾਵਾ, ਫੋਰਬਸ ਦੀ ਹਾਲੀਆ ਰਿਪੋਰਟ ਵਿਚ ਸੋਨੇ ਦੇ ਭੰਡਾਰ ਵਾਲੇ ਚੋਟੀ ਦੇ 20 ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ ਸਾਊਦੀ ਅਰਬ, ਬ੍ਰਿਟੇਨ ਅਤੇ ਸਪੇਨ ਵਰਗੇ ਦੇਸ਼ਾਂ ਤੋਂ ਅੱਗੇ ਰੱਖਣਾ ਦੇਸ਼ ਦੀ ਆਰਥਿਕਤਾ ਵਿਚ ਵਿਸ਼ਵ ਭਰ ਦੇ ਵਿਸ਼ਵਾਸ ਦਾ ਪ੍ਰਤੀਕ ਹੈ।
ਭਾਰਤ ਇਸ ਸਮੇਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਜਲਦੀ ਹੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਇਨ੍ਹਾਂ ਉਪਲਬਧੀਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕੀਤਾ।
ਇਸ ਦੇ ਨਾਲ ਹੀ ਦੇਸ਼ ਨੂੰ ਅੱਗੇ ਲੈ ਜਾਣ ਦਾ ਰੋਡ ਮੈਪ ਪੇਸ਼ ਕੀਤਾ। ਪਿੱਛਲੇ ਤਕਰੀਬਨ ਇਕ ਦਹਾਕੇ ’ਚ ਦੇਸ਼ ਦੇ ਲਗਭਗ 25 ਕਰੋੜ ਲੋਕਾਂ ਦਾ ਗਰੀਬੀ ’ਚੋਂ ਬਾਹਰ ਆਉਣਾ ਇਕ ਵੱਡੀ ਪ੍ਰਾਪਤੀ ਹੈ।
ਬਦਕਿਸਮਤੀ ਨਾਲ ਸਾਡੇ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਇਕ ਤਰ੍ਹਾਂ ਦੇ ਜੀ -ਹਜ਼ੂਰੀ ਸੱਭਿਆਚਾਰ ਵਿਚੋਂ ਗੁਜ਼ਰਨਾ ਪਿਆ - ਸਰਕਾਰ ਤੋਂ ਮੰਗਦੇ ਰਹੋ, ਸਰਕਾਰ ਅੱਗੇ ਹੱਥ ਫੈਲਾਉਂਦੇ ਰਹੋ ਪਰ ਸਰਕਾਰ ਨੇ ਸ਼ਾਸਨ ਦੇ ਇਸ ਮਾਡਲ ਨੂੰ ਬਦਲ ਦਿੱਤਾ। ਅੱਜ ਸਰਕਾਰ ਖੁਦ ਹੀ ਲਾਭਪਾਤਰੀ ਕੋਲ ਜਾਂਦੀ ਹੈ।
ਅੱਜ ਉਸ ਦੇ ਘਰ ਗੈਸ ਚੁੱਲ੍ਹਾ, ਪਾਣੀ, ਬਿਜਲੀ ਅਤੇ ਆਰਥਿਕ ਸਹਾਇਤਾ ਸਰਕਾਰ ਖੁਦ ਦਿੰਦੀ ਹੈ। ਅੱਜ ਸਰਕਾਰ ਖੁਦ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਕਈ ਕਦਮ ਚੁੱਕ ਰਹੀ ਹੈ।
ਪਿਛਲੇ ਕੁਝ ਸਮੇਂ ਤੋਂ ਸੰਵਿਧਾਨ ਨੂੰ ਲੈ ਕੇ ਦੇਸ਼ ਵਿਚ ਚੱਲ ਰਹੀਆਂ ਬਹਿਸਾਂ ਸਿਆਸਤ ਦੀ ਘਟੀਆ ਮਿਸਾਲ ਹਨ। ਇਸ ਲਈ ਵਿਕਸਤ ਭਾਰਤ ਵੱਲ ਵਧਦੇ ਹੋਏ ਰਾਹ ਵਿਚ ਆਉਣ ਵਾਲੀਆਂ ਚੁਣੌਤੀਆਂ ਨੂੰ ਹਰਾਉਣ ਅਤੇ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਪ੍ਰਤੀ ਸੁਚੇਤ ਹੋਣ ਦਾ ਪ੍ਰਣ ਲੈਣ ਦਾ ਵੀ ਮੌਕਾ ਹੋਣਾ ਚਾਹੀਦਾ ਹੈ।
ਅੱਜ ਸਮਾਜਿਕ ਏਕਤਾ ’ਤੇ ਜ਼ੋਰ ਦੇਣ ਦੀ ਲੋੜ ਹੋਰ ਵਧ ਗਈ ਹੈ ਕਿਉਂਕਿ ਦੇਸ਼ ਨੂੰ ਕਈ ਮੋਰਚਿਆਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਦਰੂਨੀ ਮੋਰਚੇ ਦੇ ਨਾਲ-ਨਾਲ ਬਾਹਰੀ ਮੋਰਚੇ ’ਤੇ ਵੀ ਚੁਣੌਤੀਆਂ ਹਨ। ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਅੱਜ ਦੁਨੀਆ ਵਿਚ ਕਿੰਨੀ ਗੜਬੜ ਹੋ ਰਹੀ ਹੈ।
ਕਿਉਂਕਿ ਸਾਡੇ ਆਂਢ-ਗੁਆਂਢ ਵਿਚ ਵੀ ਗੜਬੜ ਹੋ ਰਹੀ ਹੈ, ਸਾਨੂੰ ਬਹੁਤ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ। ਸਾਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਸਿਰਫ਼ ਚਿੰਤਤ ਹੀ ਨਹੀਂ ਸਗੋਂ ਸੁਚੇਤ ਵੀ ਹੋਣਾ ਚਾਹੀਦਾ ਹੈ। ਸ਼ਾਇਦ ਬੰਗਲਾਦੇਸ਼ ਦੇ ਅਸਥਿਰਤਾ ਅਤੇ ਅਰਾਜਕਤਾ ਵਿਚ ਘਿਰੇ ਹੋਣ ਕਾਰਨ ਰਾਸ਼ਟਰਪਤੀ ਨੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਦੇਸ਼ ਦਾ ਧਿਆਨ ਵੰਡ ਦੀ ਭਿਆਨਕਤਾ ਵੱਲ ਵੀ ਖਿੱਚਿਆ ਸੀ।
ਬਦਕਿਸਮਤੀ ਨਾਲ ਅੱਜ ਕਈ ਪਾਰਟੀਆਂ ਦੇ ਆਗੂਆਂ ਨੇ ਸੱਤਾ ਨੂੰ ਸਿਰਫ਼ ਸਿਆਸਤ ਦੀ ਖੇਡ ਸਮਝ ਲਿਆ ਹੈ। ਉਨ੍ਹਾਂ ਕੋਲ ਦੇਸ਼ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਉਹ ਦੇਸੀ ਉੱਦਮੀਆਂ ਵਿਰੁੱਧ ਝੂਠੀਆਂ ਗੱਲਾਂ ਫੈਲਾਉਂਦੇ ਹਨ। ਉਹ ਖੁਦ ਵਿਦੇਸ਼ਾਂ ਤੋਂ ਚੰਦਾ ਲੈਂਦੇ ਹਨ। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਘਿਰੇ ਕਈ ਸਿਆਸਤਦਾਨ ਆਪਣੇ ਬਚਾਅ ਲਈ ਕੁਝ ਵੀ ਕਰਨ ਨੂੰ ਤਿਆਰ ਨਜ਼ਰ ਆ ਰਹੇ ਹਨ।
ਅੱਜ ਭ੍ਰਿਸ਼ਟਾਚਾਰ ਲੀਡਰਾਂ ਨੂੰ ਸ਼ਰਮਿੰਦਾ ਨਹੀਂ ਕਰਦਾ। ਸਗੋਂ ਉਹ ਬਹੁਤ ਹੀ ਹਮਲਾਵਰ ਤਰੀਕੇ ਨਾਲ ਜਾਂਚ ਏਜੰਸੀਆਂ ’ਤੇ ਹਮਲੇ ਕਰ ਰਹੇ ਹਨ। ਸਿਆਸਤ ਨਿਘਾਰ ਦੀਆਂ ਅਜਿਹੀਆਂ ਸਿਖਰਾਂ ’ਤੇ ਪਹੁੰਚ ਗਈ ਹੈ ਜਿੱਥੇ ਭ੍ਰਿਸ਼ਟ ਨੇਤਾ ਦੇਸ਼ ’ਚ ਅਰਾਜਕਤਾ ਫੈਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜਿਹੇ ਆਗੂ ਪੈਸੇ ਦੀ ਤਾਕਤ ਅਤੇ ਜਾਤ-ਪਾਤ ਫੈਲਾ ਕੇ ਆਪਣਾ ਬਚਾਅ ਕਰ ਰਹੇ ਹਨ। ਇਸ ਲਈ ਦੇਸ਼ ਦੇ ਜਾਗਰੂਕ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਜਿਹੇ ਚਿਹਰਿਆਂ ਨੂੰ ਪਛਾਣ ਕੇ ਚੋਣਾਂ ਵਿਚ ਸਬਕ ਸਿਖਾਉਣ।
ਜੇਕਰ ਅਸੀਂ ਜਾਤੀਵਾਦ ਦੇ ਨਾਂ ’ਤੇ ਭ੍ਰਿਸ਼ਟ ਅਤੇ ਬੇਈਮਾਨ ਆਗੂਆਂ ਨੂੰ ਆਪਣਾ ਹੀਰੋ ਸਮਝਦੇ ਰਹੇ ਤਾਂ ਇਸ ਦੇਸ਼ ਦੀ ਦੁਰਦਸ਼ਾ ਲਈ ਅਸੀਂ ਜ਼ਿੰਮੇਵਾਰ ਮੰਨੇ ਜਾਵਾਂਗੇ। ਦੇਸ਼ ਦੇ ਮੁੜ ਨਿਰਮਾਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਜਨਤਾ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਅੱਜ ਦੇਸ਼ ਦੀ ਤਰੱਕੀ ਦੇ ਰਾਹ ਵਿਚ ਅਰਾਜਕਤਾ ਦੀ ਸਿਆਸਤ ਸਭ ਤੋਂ ਵੱਡੀ ਰੁਕਾਵਟ ਹੈ। ਅਸੀਂ ਸਾਰੇ ਫਰਾਂਸ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਇਸ ਅਰਾਜਕਤਾ ਦੀ ਸਿਆਸਤ ਦਾ ਹਸ਼ਰ ਦੇਖ ਰਹੇ ਹਾਂ।
ਇਸ ਲਈ ਲੋਕਾਂ ਨੂੰ ਉਨ੍ਹਾਂ ਆਗੂਆਂ ਤੋਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਜੋ ਦੇਸ਼ ਅਤੇ ਸਮਾਜ ਵਿਚ ਕੂੜ ਪ੍ਰਚਾਰ ਕਰ ਕੇ ਅਰਾਜਕਤਾ ਦੀ ਸਿਆਸਤ ਕਰਦੇ ਹਨ। ਅਜਿਹੇ ਆਗੂ ਆਪਣੇ ਪ੍ਰੋਗਰਾਮਾਂ ਅਤੇ ਏਜੰਡੇ ਦੀ ਬਜਾਏ ਕੂੜ ਪ੍ਰਚਾਰ ਕਰ ਕੇ ਮੁੜ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਨ।
ਨਿਰੰਕਾਰ ਸਿੰਘ
ਆਗੂ ਮਮਤਾ ਬੈਨਰਜੀ ਬਨਾਮ ਮੁੱਖ ਮੰਤਰੀ ਮਮਤਾ ਬੈਨਰਜੀ
NEXT STORY