ਇਨ੍ਹੀਂ ਦਿਨੀਂ ਪ੍ਰਯਾਗਰਾਜ ’ਚ ਮਹਾਕੁੰਭ ਦਾ ਮੇਲਾ ਚੱਲ ਰਿਹਾ ਹੈ। ਇਸ ਮੇਲੇ ਨੂੰ ਭਾਰਤ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਰਵਾਇਤਾਂ ’ਚੋਂ ਇਕ ਮੰਨਿਆ ਜਾਂਦਾ ਹੈ ਅਤੇ ਇਸ ’ਚ ਆਸਥਾ ਦੀ ਡੁਬਕੀ ਲਾ ਕੇ ਭਗਵਾਨ ਦਾ ਆਸ਼ੀਰਵਾਦ ਪਾਉਣ ਲਈ ਦੇਸ਼-ਵਿਦੇਸ਼ ਤੋਂ ਕਰੋੜਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚ ਰਹੇ ਹਨ। ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਲੋਕ ਇਸ਼ਨਾਨ ਕਰ ਚੁੱਕੇ ਹਨ ਅਤੇ ਅਜੇ ਹੋਰ ਲੋਕ ਇਸ਼ਨਾਨ ਕਰਨਗੇ।
ਮੇਲੇ ਦੌਰਾਨ ਭੱਜ-ਦੌੜ ਮਚਣ ਦੇ ਨਤੀਜੇ ਵਜੋਂ ਕੁਝ ਮੌਤਾਂ ਵੀ ਹੋਈਆਂ ਅਤੇ ਕੁਝ ਲੋਕ ਨਦੀ ’ਚ ਵੀ ਡੁੱਬ ਗਏ ਅਤੇ ਇਸ ਦੌਰਾਨ ਕੁਝ ਅਗਨੀਕਾਂਡ ਵੀ ਹੋਏ। ਹਾਲ ਦੀ ਘੜੀ ਇਸ ਤਰ੍ਹਾਂ ਦੇ ਹਾਲਾਤ ’ਚ ਵੱਖ-ਵੱਖ ਵਿਚਾਰਧਾਰਾਵਾਂ ਦੇ ਕੁਝ ਆਗੂਆਂ ਨੇ ਦਿਲਚਸਪ ਅਤੇ ਵਿਅੰਗ ਭਰੇ ਬਿਆਨ ਦਿੱਤੇ ਹਨ ਜੋ ਅਸੀਂ ਪਾਠਕਾਂ ਦੀ ਦਿਲਚਸਪੀ ਲਈ ਹੇਠਾਂ ਦਰਜ ਕਰ ਰਹੇ ਹਾਂ :
* 27 ਜਨਵਰੀ ਨੂੰ ਮਹੂ (ਮੱਧ ਪ੍ਰਦੇਸ਼) ’ਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਕੁੰਭ ’ਚ ਭਾਜਪਾ ਆਗੂਆਂ ਦੇ ਡੁਬਕੀ ਲਾਉਣ ਨੂੰ ਲੈ ਕੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ, ‘‘ਬਈ ਭਰਾਵੋ, ਗੰਗਾ ’ਚ ਡੁਬਕੀ ਲਾਉਣ ਨਾਲ ਕੀ ਗਰੀਬੀ ਦੂਰ ਹੁੰਦੀ ਹੈ ? ਕੀ ਇਸ ਨਾਲ ਤੁਹਾਨੂੰ ਪੇਟ ਭਰਨ ਲਈ ਖਾਣਾ ਮਿਲਦਾ ਹੈ ? ਅਜਿਹੇ ਸਮੇਂ ’ਚ ਇਹ ਲੋਕ ਜਾ ਕੇ ਹਜ਼ਾਰਾਂ ਰੁਪਏ ਖਰਚ ਕਰ ਕੇ ਡੁਬਕੀਆਂ ਲਾ ਰਹੇ ਹਨ ਅਤੇ ਤਦ ਤੱਕ ਡੁਬਕੀ ਲਾਉਂਦੇ ਰਹਿੰਦੇ ਹਨ ਜਦੋਂ ਤੱਕ ਟੀ. ਵੀ. ’ਚ ਉਨ੍ਹਾਂ ਦੀ ਫੋਟੋ ਚੰਗੀ ਨਹੀਂ ਦਿਸਣ ਲੱਗਦੀ।’’
* 3 ਫਰਵਰੀ ਨੂੰ ਸਪਾ ਸੰਸਦ ਮੈਂਬਰ ਜਯਾ ਬਚਨ ਸੰਸਦ ’ਚ ਬੋਲੀ, ‘‘ਸਦਨ ’ਚ ਇਸ ਸਮੇਂ ‘ਜਲਸ਼ਕਤੀ ਵਿਭਾਗ’ ਗੰਦੇ ਪਾਣੀ ’ਤੇ ਚਰਚਾ ਕਰ ਰਿਹਾ ਹੈ। ਇਸ ਸਮੇਂ ਸਭ ਤੋਂ ਵੱਧ ਪ੍ਰਦੂਸ਼ਿਤ ਪਾਣੀ ਕਿੱਥੇ ਹੈ? ਇਹ ਕੁੰਭ ’ਚ ਹੈ। ਵੀ. ਆਈ. ਪੀ. ਚਲੇ ਜਾਂਦੇ ਹਨ। ਕੁੰਭ ’ਚ ਇਸ਼ਨਾਨ ਕਰਦੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਟਰੀਟਮੈਂਟ ਮਿਲਦਾ ਹੈ। ਉਨ੍ਹਾਂ ਦੀਆਂ ਤਸਵੀਰਾਂ ਆਉਂਦੀਆਂ ਹਨ।’’
* 4 ਫਰਵਰੀ ਨੂੰ ਪੂਰਨੀਆ (ਬਿਹਾਰ) ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਲੋਕ ਸਭਾ ਵਿਚ ਮਹਾਕੁੰਭ ਬਾਰੇ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਬੋਲੇ, ‘‘...ਮੈਂ ਇਕ ਬਾਬੇ ਦਾ ਨਾਂ ਨਹੀਂ ਲਵਾਂਗਾ, ਪਰ ਉਨ੍ਹਾਂ ਨੇ ਕਿਹਾ ਸੀ ਕਿ ਕੁੰਭ ਵਿਚ ਜੋ-ਜੋ ਮਰੇ ਉਹ ਮੁਕਤੀ ਨੂੰ ਪ੍ਰਾਪਤ ਹੋ ਗਏ ਹਨ। ਤਾਂ ਮੈਂ ਚਾਹੁੰਦਾ ਹਾਂ ਕਿ ਅਜਿਹੇ ਬਾਬਾ, ਨਾਂਗਾ, ਨੇਤਾ ਅਤੇ ਜੋ ਬਹੁਤ ਪੈਸੇ ਵਾਲੇ ਉੱਥੇ ਜਾਂਦੇ ਹਨ, ਉਨ੍ਹਾਂ ਨੂੰ ਵੀ ਡੁਬਕੀ ਲਾ ਕੇ ਮਰ ਜਾਣਾ ਚਾਹੀਦਾ ਹੈ... ਉਨ੍ਹਾਂ ਨੂੰ ਵੀ ਮੁਕਤੀ ਮਿਲ ਜਾਣੀ ਚਾਹੀਦੀ ਹੈ।’’
* 11 ਫਰਵਰੀ ਨੂੰ ਰਾਜਸਥਾਨ ਸਰਕਾਰ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ‘ਗੋਵਿੰਦ ਰਾਮ ਮੇਘਵਾਲ’ ਨੇ ਸਿੰਚਾਈ ਲਈ ਪਾਣੀ ਦੀ ਮੰਗ ਕਰਦੇ ਹੋਏ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ :
‘‘ਮੈਂ ਦੁਨੀਆ ’ਚ ਭਾਰਤ ਪਹਿਲਾ ਅਜਿਹਾ ਦੇਸ਼ ਦੇਖਿਆ ਹੈ ਜਿੱਥੇ ਨਦੀ ਵਿਚ ਨਹਾਉਣ ਨਾਲ ਪਾਪ ਧੋਤੇ ਜਾਂਦੇ ਹਨ। ਲੱਖਾਂ ਲੋਕ ਨਹਾਉਣ ਲਈ ਪੁੱਜਦੇ ਹਨ। ਜੇਕਰ ਨਦੀ ਵਿਚ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ ਤਾਂ ਜੇਲ੍ਹਾਂ ਵਿਚ ਬੰਦ ਸਾਰੇ ਕੈਦੀਆਂ ਨੂੰ ਕੁੰਭ ਇਸ਼ਨਾਨ ਕਰਵਾ ਕੇ ਛੱਡ ਦੇਣਾ ਚਾਹੀਦਾ ਹੈ।’’
* 13 ਫਰਵਰੀ ਨੂੰ ‘ਗਾਜ਼ੀਪੁਰ’ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ‘ਅਫਜ਼ਾਲ ਅੰਸਾਰੀ’ ਨੇ ਮਹਾਕੁੰਭ ਇਸ਼ਨਾਨ ਬਾਰੇ ਕਿਹਾ, “ਮਹਾਕੁੰਭ ਵਿਚ ਇਸ਼ਨਾਨ ਕਰਨ ਦੀ ਹੋੜ ਲੱਗੀ ਹੋਈ ਹੈ। ਲੋਕ ਮੰਨਦੇ ਹਨ ਕਿ ਮਹਾਕੁੰਭ ਵਿਚ ਇਸ਼ਨਾਨ ਕਰਨ ਨਾਲ ਉਨ੍ਹਾਂ ਨੂੰ ਬੈਕੁੰਠ ਦੀ ਪ੍ਰਾਪਤੀ ਹੋਵੇਗੀ। ਅਜਿਹੇ ਵਿਚ ਸਵਰਗ ਤਾਂ ਹਾਊਸਫੁੱਲ ਹੋ ਜਾਵੇਗਾ ਅਤੇ ਨਰਕ ਖਾਲੀ ਹੋ ਜਾਵੇਗਾ।’’
* 14 ਫਰਵਰੀ ਨੂੰ ਸ਼ਿਵ ਸੈਨਾ (ਊਧਵ ਠਾਕਰੇ) ਦੇ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਊਤ ਦੇ ਛੋਟੇ ਭਰਾ ਅਤੇ ਵਿਧਾਇਕ ਸੁਨੀਲ ਰਾਊਤ ਨੇ ਕਿਹਾ, ‘‘ਅੱਜ ਹੀ ਮੈਂ ਪ੍ਰਯਾਗਰਾਜ ਤੋਂ ਮੁੰਬਈ ਆਇਆ ਹਾਂ। ਦੋ ਦਿਨ ਪ੍ਰਯਾਗਰਾਜ ਵਿਚ ਸੀ। ਕੁੰਭ ਦਾ ‘ਮਜ਼ਾ’ ਦੇਖ ਰਿਹਾ ਸੀ। ਕੌਣ ਕਿੰਨੇ ਪਾਪ ਧੋ ਰਿਹਾ ਹੈ ਇਹ ਦੇਖ ਰਿਹਾ ਸੀ। ਲੋਕਾਂ ਨੂੰ ਪਾਪ ਧੋਂਦੇ-ਧੋਂਦੇ ਦੇਖ ਕੇ, ਉਨ੍ਹਾਂ ਦੇ ਪਾਪ ਮੇਰੇ ਹੀ ਸਰੀਰ ਨਾਲ ਚਿਪਕ ਤਾਂ ਨਹੀਂ ਜਾਣਗੇ, ਇਹ ਸੋਚ ਕੇ ਮੈਂ ਡੁਬਕੀ ਹੀ ਨਹੀਂ ਲਾਈ।’’
ਸੁਨੀਲ ਰਾਊਤ ਦੇ ਉਕਤ ਬਿਆਨ ਦੀ ਆਲੋਚਨਾ ਕਰਦੇ ਹੋਏ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ ਦੀ ਵਿਧਾਇਕਾ ਮਨੀਸ਼ਾ ਕਾਯੰਦੇ ਨੇ ਕਿਹਾ ਹੈ ਕਿ, ‘‘ਜਿਸ ਊਧਵ ਸ਼ਿਵ ਸੈਨਾ ਦਾ ਕਾਂਗਰਸੀਕਰਨ ਹੋ ਗਿਆ ਹੋਵੇ ਉਸ ਤੋਂ ਕੀ ਉਮੀਦ ਕਰ ਸਕਦੇ ਹਾਂ। ਬਾਲਾ ਸਾਹਿਬ ਠਾਕਰੇ ਹੁੰਦੇ ਤਾਂ ਉਹ ਸੁਨੀਲ ਰਾਊਤ ਨੂੰ ਜੁੱਤੀਆਂ ਨਾਲ ਕੁੱਟਦੇ।’’
ਦੇਸ਼ ਵਿਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹਨ ਅਤੇ ਕਈ ਧਾਰਮਿਕ ਆਸਥਾਵਾਂ ਅਤੇ ਮਾਨਤਾਵਾਂ ਵਾਲੇ ਲੋਕ ਰਹਿੰਦੇ ਹਨ। ਹਰ ਵਿਅਕਤੀ ਨੂੰ ਆਪਣੀ-ਆਪਣੀ ਵਿਚਾਰਧਾਰਾ ਅਨੁਸਾਰ ਬੋਲਣ ਦਾ ਅਧਿਕਾਰ ਹੈ। ਇਸ ਲਈ, ਇਸ ਨੂੰ ਹੋਰ ਢੰਗ ਨਾਲ ਨਾ ਲੈ ਕੇ ਇਨ੍ਹਾਂ ਬਿਆਨਾਂ ਨੂੰ ਮਨੋਰੰਜਨ ਦੀ ਨਜ਼ਰ ਨਾਲ ਹੀ ਪੜ੍ਹਿਆ ਜਾਵੇ।
-ਵਿਜੇ ਕੁਮਾਰ
ਪਾਕਿਸਤਾਨ ਦੀ ਨਿਆਪਾਲਿਕਾ ਦੇ ਸਾਹਮਣੇ ਹੋਂਦ ਦੀ ਲੜਾਈ
NEXT STORY