ਸਤੰਬਰ 1984, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਯੁੱਧਿਆ ਦੀ ਬਾਬਰੀ ਮਸਜਿਦ ਵਿਰੁੱਧ ਮੁਹਿੰਮ ਛੇੜੀ ਅਤੇ ਉਸ ਦੇ ਤਾਲੇ ਖੋਲ੍ਹਣ ਦੀ ਧਮਕੀ ਦਿੱਤੀ। ਦੋ ਸਾਲ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਦੀ ਪ੍ਰਵਾਨਗੀ ਦਿੱਤੀ ਅਤੇ ਹਿੰਦੂ ਮਸਜਿਦ ’ਚ ਦਾਖਲ ਹੋਏ।
ਸਾਲ 1989, ਰਾਜੀਵ ਗਾਂਧੀ ਨੇ ਮੰਦਰ ਦੇ ਸ਼ਿਲਾਨਿਆਸ ਦੀ ਇਜਾਜ਼ਤ ਦਿੱਤੀ ਅਤੇ ਅਯੁੱਧਿਆ ਤੋਂ ਲੋਕ ਸਭਾ ਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਰਾਮ ਰਾਜ ਲਿਆਉਣ ਦਾ ਵਾਅਦਾ ਕੀਤਾ।
25 ਸਤੰਬਰ 1990, ਭਾਜਪਾ ਮੁਖੀ ਅਡਵਾਨੀ ਨੇ ਗੁਜਰਾਤ ਦੇ ਸੋਮਨਾਥ ਤੋਂ ਅਯੁੱਧਿਆ ਤੱਕ ਦੀ ਰੱਥ ਯਾਤਰਾ ਸ਼ੁਰੂ ਕੀਤੀ, ਜੋ ਅਕਤੂਬਰ ’ਚ ਅਯੁੱਧਿਆ ਪਹੁੰਚ ਕੇ ਸੰਪੰਨ ਹੋਈ। ਇਸ ਰੱਥ ਯਾਤਰਾ ਨਾਲ ਇਹ ਯਾਦਗਾਰ ਧਾਰਮਿਕ ਸੰਦਰਭ ’ਚੋਂ ਬਾਹਰ ਨਿਕਲ ਗਈ ਅਤੇ ਭਾਜਪਾ ਨੂੰ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਭਰਨ ਲਈ ਇਕ ਮਜ਼ਬੂਤ ਸਿਆਸੀ ਸਾਧਨ ਮਿਲ ਗਿਆ ਅਤੇ ਉਦੋਂ ਤੋਂ ਇਹ ਭਾਰਤ ਦਾ ਇਕ ਪ੍ਰਭਾਵਸ਼ਾਲੀ ਸਿਆਸੀ ਮੁੱਦਾ ਬਣਿਆ ਹੋਇਆ ਹੈ। ਉਸ ਪਿੱਛੋਂ 6 ਦਸੰਬਰ 1992 ਨੂੰ ਕਾਰ ਸੇਵਕਾਂ ਨੇ ਮਸਜਿਦ ਨੂੰ ਢਹਿ-ਢੇਰੀ ਕੀਤਾ।
9 ਨਵੰਬਰ 2019, ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਸਰਵਸੰਮਤ ਫੈਸਲੇ ’ਚ ਕਿਹਾ ਕਿ ਅਯੁੱਧਿਆ ’ਚ 2.77 ਏਕੜ ਦਾ ਵਿਵਾਦਤ ਭੂਖੰਡ, ਜਿੱਥੇ ਬਾਬਰੀ ਮਸਜਿਦ ਹੈ, ਉਹ ਰਾਮ ਦਾ ਜਨਮ ਸਥਾਨ ਹੈ, ਇਸ ਨੂੰ ਰਾਮ ਲੱਲਾ ਨੂੰ ਸੌਂਪ ਦਿੱਤਾ ਜਾਵੇਗਾ। ਇਸ ਮਾਮਲੇ ’ਚ ਰਾਮ ਲੱਲਾ ਤਿੰਨ ਪੱਖਧਾਰੀਆਂ ’ਚੋਂ ਇਕ ਸਨ।
20 ਜਨਵਰੀ 2024, ਕਾਂਗਰਸ ਆਗੂ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੇ ਸੱਦੇ ਨੂੰ ਠੁਕਰਾ ਦਿੱਤਾ ਅਤੇ ਇਸ ਨੂੰ ਰਾਸ਼ਟਰੀ ਸਵੈਮਸੇਵਕ ਸੰਘ-ਭਾਜਪਾ ਦਾ ਸਮਾਗਮ ਦੱਸਿਆ ਅਤੇ ਇਹੀ ‘ਇੰਡੀਆ’ ਗੱਠਜੋੜ ਦੇ ਵਿਰੋਧੀ ਧਿਰ ਆਗੂਆਂ ਨੇ ਵੀ ਕੀਤਾ। ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਨੇ ਇਸ ਨੂੰ ਸਿਆਸੀ ਦਿਖਾਵਾ ਦੱਸਿਆ ਤਾਂ ਰਾਕਾਂਪਾ ਦੇ ਪਵਾਰ, ਸਪਾ ਦੇ ਅਖਿਲੇਸ਼ ਯਾਦਵ ਅਤੇ ‘ਆਪ’ ਦੇ ਕੇਜਰੀਵਾਲ ਨੇ ਕਿਹਾ ਕਿ ਉਹ ਉੱਥੇ ਬਾਅਦ ’ਚ ਜਾਣਗੇ। ਦ੍ਰਮੁਕ ਦੇ ਸਟਾਲਿਨ ਨੇ ਕਿਹਾ ਕਿ ਮਸਜਿਦ ਨੂੰ ਡੇਗਣ ਪਿੱਛੋਂ ਮੰਦਰ ਦੇ ਨਿਰਮਾਣ ਨੂੰ ਸੂਬੇ ਪ੍ਰਵਾਨ ਨਹੀਂ ਕਰ ਸਕਦੇ। ਉਤਸ਼ਾਹਿਤ ਭਾਜਪਾ ਨੇ ਵਿਰੋਧੀ ਧਿਰ ਦੇ ਇਸ ਫੈਸਲੇ ’ਤੇ ਕਿਹਾ ਕਿ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਨਾਲ ਨਫਰਤ ਕਰਦੀ ਹੈ, ਉਨ੍ਹਾਂ ਪ੍ਰਤੀ ਦੁਸ਼ਮਣੀ ਰੱਖਦੀ ਹੈ ਅਤੇ ਉਸ ’ਚ ਹੀਣਭਾਵਨਾ ਹੈ।
ਭਾਜਪਾ ਲਈ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਇਕ ਅਹਿਮ ਪਲ ਹੈ, ਜੋ ਹਿੰਦੂ ਪਛਾਣ ਅਤੇ ਆਸਥਾ ਨਾਲ ਜੁੜਿਆ ਹੋਇਆ ਹੈ ਅਤੇ ਆਗਾਮੀ ਚੋਣਾਂ ’ਚ ਸਿਆਸੀ ਨਿਰਵਾਣ ਪ੍ਰਾਪਤ ਕਰਨ ਦਾ ਮਾਰਗ ਹੈ। 1984 ’ਚ ਲੋਕ ਸਭਾ ’ਚ ਸਿਰਫ 2 ਸੀਟਾਂ ਤੋਂ ਲੈ ਕੇ 2019 ’ਚ ਭਾਜਪਾ ਦੀਆਂ ਲੋਕ ਸਭਾ ’ਚ 303 ਸੀਟਾਂ ਆ ਗਈਆਂ ਸਨ ਅਤੇ ਹੁਣ ਉਹ 400 ਤੋਂ ਵੱਧ ਸੀਟਾਂ ਲਿਆਉਣ ਦੀ ਆਸ ਕਰ ਰਹੀ ਹੈ।
ਬਿਨਾਂ ਸ਼ੱਕ ਮੋਦੀ ਨੇ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਪਿੱਛੋਂ ਪ੍ਰਮਾਣਿਤ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਦੀ ਰਗ ਨੂੰ ਪਛਾਣਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਰਾਮ ਮੰਦਰ ਦੇ ਨਿਰਮਾਣ ਅਤੇ ਪ੍ਰਾਣ-ਪ੍ਰਤਿਸ਼ਠਾ ਨਾਲ ਸਦੀਆਂ ਤੋਂ ਚਲਿਆ ਆ ਰਿਹਾ ਵਿਵਾਦ ਖਤਮ ਹੋ ਗਿਆ ਹੈ।
ਤ੍ਰਾਸਦੀ ਦੇਖੋ ਕਿ ਤਾਲਾ ਕਾਂਗਰਸ ਨੇ ਖੋਲ੍ਹਿਆ ਪਰ ਚਾਬੀ ਭਾਜਪਾ ਨੂੰ ਮਿਲੀ ਅਤੇ ਉਸ ਨੂੰ ਇਤਿਹਾਸ ’ਚ ਭਾਰਤ ਨੂੰ ਰਾਮ ਰਾਜ ’ਚ ਬਦਲਣ ਦੀ ਵਿਰਾਸਤ ਮਿਲੇਗੀ। ਰਾਮ ਭਗਤ ਬਨਾਮ ਮੌਸਮੀ ਹਿੰਦੂ ਬਾਰੇ ਵਿਰੋਧੀ ਧਿਰ ਅਤੇ ਭਾਜਪਾ ਦੀ ਤੂੰ-ਤੂੰ, ਮੈਂ-ਮੈਂ ਚੱਲ ਰਹੀ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਧਰਮ ਨਿੱਜੀ ਮਾਮਲਾ ਹੈ। ਕਾਂਗਰਸ ਦੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਾਣ-ਪ੍ਰਤਿਸ਼ਠਾ ਦਾ ਸਮਾਂ ਜਾਣਬੁੱਝ ਕੇ ਚੋਣਾਂ ਦੇ ਨੇੜੇ ਰੱਖਿਆ ਗਿਆ ਹੈ। ਹਿੰਦੂ ਧਰਮ ਹੋਰ ਧਰਮ ਦੇ ਲੋਕਾਂ ਨਾਲ ਜ਼ੁਲਮ ਕਰਨ ਵਾਲਾ ਨਹੀਂ ਹੈ। ਹਿੰਦੂ ਧਰਮ ਕਿਸੇ ਸਿੱਖ ਜਾਂ ਕਿਸੇ ਮੁਸਲਿਮ ਨੂੰ ਕੁੱਟਣ ਵਾਲਾ ਧਰਮ ਨਹੀਂ ਹੈ, ਜਦਕਿ ਹਿੰਦੂਤਵ ਯਕੀਨੀ ਤੌਰ ’ਤੇ ਹੈ।
ਕਾਸ਼ ਕਾਂਗਰਸ ਐਂਡ ਕੰਪਨੀ ਜਨਤਾ ਨੂੰ ਹਿੰਦੂਤਵ ਬਾਰੇ ਉਪਦੇਸ਼ ਨਾ ਦਿੰਦੀ। ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ’ਚ ਹਾਜ਼ਰ ਨਾ ਰਹਿ ਕੇ ਉਨ੍ਹਾਂ ਨੇ ਬਾਈਕਾਟ ਦੀ ਸਿਆਸਤ ਅਪਣਾਈ ਹੈ, ਹਾਲਾਂਕਿ ਉਹ ਕੱਟੜ ਹਿੰਦੂ ਹੋਣ ਦਾ ਦਾਅਵਾ ਕਰਦੇ ਹਨ ਅਤੇ 22 ਜਨਵਰੀ ਨੂੰ ਵੱਖ-ਵੱਖ ਸੂਬਿਆਂ ’ਚ ਮੰਦਰਾਂ ’ਚ ਗਏ ਤਾਂ ਕਿ ਉਨ੍ਹਾਂ ਨੂੰ ਹਿੰਦੂ ਵਿਰੋਧੀ ਨਾ ਸਮਝਿਆ ਜਾਵੇ ਪਰ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਤੁਸ਼ਟੀਕਰਨ ਦੀ ਸਿਆਸਤ ਕਰਦੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਟੁਕੜੇ-ਟੁਕੜੇ ਗੈਂਗ ਦਾ ਹਮਾਇਤੀ ਮੰਨਿਆ ਜਾ ਰਿਹਾ ਹੈ, ਜੋ ਮੁਸਲਮਾਨਾਂ ਦੀ ਹਮਾਇਤ ਕਰਦੇ ਹਨ।
ਹਿੰਦੂ ਅਤੇ ਅੱਤਵਾਦੀ ਹਿੰਦੂਆਂ ਵਿਚਾਲੇ ਇਸ ਰੱਸਾਕਸ਼ੀ ’ਚ ਧਰਮ ਤੋਂ ਕੀ ਆਸ ਕੀਤੀ ਜਾਂਦੀ ਹੈ? ਸਵਾਲ ਉੱਠਦਾ ਹੈ ਕਿ ਕੀ ਹਿੰਦੂਤਵ ਅਤੇ ਹਿੰਦੂਵਾਦ ਕਰਮ ਇਕ ਬਰਾਬਰ ਹਨ? ਇਨਸਾਇਕਲੋਪੀਡੀਆ ਆਫ ਹਿੰਦੂਇਜ਼ਮ ਅਨੁਸਾਰ, ਹਿੰਦੂਤਵ ਨੂੰ ਇਕ ਵਿਚਾਰਧਾਰਾ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਇਹ ਹਿੰਦੂ ਜਾਤੀ ਦਾ ਸੱਭਿਆਚਾਰ ਹੈ ਜਦਕਿ ਹਿੰਦੂ ਧਰਮ ਇਸ ਦਾ ਇਕ ਤੱਤ ਅਤੇ ਹਿੰਦੂ ਧਰਮ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਵੱਲੋਂ ਅਪਣਾਈ ਜਾਣ ਵਾਲੀ ਧਾਰਮਿਕ ਪ੍ਰਥਾ ਹੈ।
ਮਰੀਅਮ ਵੈਬਸਟਰਜ਼ ਦੀ ਇਨਸਾਇਕਲੋਪੀਡੀਆ ਆਫ ਵਰਲਡ ਰਿਲੀਜਨ ’ਚ ਹਿੰਦੂਤਵ ਨੂੰ ਭਾਰਤੀ ਸੱਭਿਆਚਾਰ, ਰਾਸ਼ਟਰੀ ਅਤੇ ਧਾਰਮਿਕ ਪਛਾਣ ਦੀ ਧਾਰਨਾ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਹੈ। ਇਹ ਸ਼ਬਦ ਧਾਰਮਿਕ, ਸੱਭਿਆਚਾਰਕ ਅਤੇ ਰਾਸ਼ਟਰੀ ਪਛਾਣ ’ਤੇ ਆਧਾਰਿਤ ਭੂਗੋਲਿਕ ਹੱਦ ਤੋਂ ਪਰ੍ਹੇ ਹੈ ਅਤੇ ਇਕ ਸੱਚਾ ਭਾਰਤੀ ਉਹ ਹੈ ਜੋ ਇਸ ਹਿੰਦੂ ਧਰਮ ਨੂੰ ਮੰਨਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਵਿਚਾਰਕ ਸਾਵਰਕਰ ਨੇ ਹਿੰਦੂਤਵ ਦੇ ਮੂਲ ਤੱਤਾਂ ਬਾਰੇ ਲਿਖਿਆ, ਜਿੱਥੇ ਉਨ੍ਹਾਂ ਨੇ ਇਸ ਨੂੰ ਇਕ ਸਾਂਝਾ ਰਾਸ਼ਟਰ, ਸਾਂਝੀ ਜਾਤੀ, ਸਾਂਝਾ ਸੱਭਿਆਚਾਰ ਜਾਂ ਸੱਭਿਅਤਾ ਵਜੋਂ ਪਰਿਭਾਸ਼ਿਤ ਕੀਤਾ ਹੈ। ਭਾਰਤੀ ਸੱਭਿਆਚਾਰ ਨੂੰ ਹਿੰਦੂ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਕਿਹਾ ਹੈ ਅਤੇ ਇਹ ਧਾਰਨਾ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਮੁੱਖ ਸਿਧਾਂਤ ਬਣਿਆ।
ਹਿੰਦੂਤਵ ਦਾ ਭਾਵ ਸੱਭਿਆਚਾਰਕ ਰਾਸ਼ਟਰਵਾਦ ਹੈ ਨਾ ਕਿ ਧਾਰਮਿਕ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਨੇ ਆਪਣੇ ਮੂਲ ਤੱਤਾਂ ਨੂੰ ਬਚਾਈ ਰੱਖਣਾ ਹੈ ਤਾਂ ਉਨ੍ਹਾਂ ਨੂੰ ਮਜ਼ਬੂਤ ਹੋ ਕੇ ਇਕਜੁੱਟ ਹੋਣਾ ਪਵੇਗਾ ਅਤੇ ਉਨ੍ਹਾਂ ਦੀ ਰਾਇ ’ਚ ਉਨ੍ਹਾਂ ਨੂੰ ਇਕਜੁੱਟ ਕਰਨ ਦਾ ਸਾਧਨ ਹਿੰਦੂ ਸੱਭਿਅਤਾ ਅਤੇ ਹਿੰਦੂ ਜੀਵਨਸ਼ੈਲੀ ਹੈ।
ਸਾਲ 1966 ’ਚ ਅਦਾਲਤ ਨੇ ਕਿਹਾ ਕਿ ਹਿੰਦੂਇਜ਼ਮ ਨੂੰ ਪਰਿਭਾਸ਼ਿਤ ਕਰਨਾ ਅਸੰਭਵ ਹੈ, ਇਹ ਗੁੰਝਲਦਾਰ ਹੈ। ਇਤਿਹਾਸਕ ਨਜ਼ਰੀਏ ਨਾਲ ਇਸ ਦੀ ਸਮਾਵੇਸ਼ੀ ਕੁਦਰਤੀ ਹੈ ਅਤੇ ਇਸ ਨੂੰ ਇਕ ਜੀਵਨਸ਼ੈਲੀ ਦੇ ਰੂਪ ’ਚ ਵਰਣਿਤ ਕੀਤਾ ਜਾ ਸਕਦਾ ਹੈ। ਨਾਸਤਿਕ ਅਤੇ ਆਸਤਿਕ ਸਾਰੇ ਹਿੰਦੂ ਹੋ ਸਕਦੇ ਹਨ ਜੇ ਉਹ ਹਿੰਦੂ ਸੱਭਿਆਚਾਰ ਅਤੇ ਜੀਵਨ ਪ੍ਰਣਾਲੀ ਨੂੰ ਅਪਣਾਉਂਦੇ ਹਨ। ਹਿੰਦੂਤਵ ਕਿਸੇ ਸੰਗਠਿਤ ਧਰਮ ਵਿਰੁੱਧ ਨਹੀਂ ਹੈ ਅਤੇ ਨਾ ਹੀ ਇਹ ਖੁਦ ਨੂੰ ਕਿਸੇ ਹੋਰ ਧਰਮ ਤੋਂ ਉਪਰ ਮੰਨਦਾ ਹੈ।
ਸਪੱਸ਼ਟ ਹੈ ਕਿ ਵਿਰੋਧੀ ਧਿਰ ਨੂੰ ਵੱਧ ਕਲਪਨਾਸ਼ੀਲ, ਸਿਆਸੀ ਅਤੇ ਹੌਸਲੇ ਵਾਲਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਇਕ ਬਦਲਵਾਂ ਵਿਚਾਰ ਅਤੇ ਸਿਆਸਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਔਖੀ ਸਿਆਸੀ ਕਿਰਤ ਕਰਨੀ ਚਾਹੀਦੀ ਹੈ ਅਤੇ ਜਨਤਾ ਦੀ ਭਾਸ਼ਾ ’ਚ ਜਨਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਭਲਾਈ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਭਾਜਪਾ ਵੱਲੋਂ ਨਿਰਧਾਰਿਤ ਏਜੰਡੇ ’ਤੇ ਪ੍ਰਤੀਕਿਰਿਆ ਪ੍ਰਗਟ ਕਰਨੀ ਚਾਹੀਦੀ ਹੈ ਕਿਉਂਕਿ ਮੈਦਾਨ ਛੱਡਣਾ ਸਿਆਸਤ ਨਹੀਂ ਹੈ।
22 ਜਨਵਰੀ ਆਧੁਨਿਕ ਭਾਰਤ ਦਾ ਰਾਸ਼ਟਰੀ ਪੁਰਬ ਹੈ ਕਿਉਂਕਿ ਇਸ ਤਰ੍ਹਾਂ ਦਾ ਕੋਈ ਹੋਰ ਆਯੋਜਨ ਨਹੀਂ ਕੀਤਾ ਗਿਆ ਜਿਸ ਨੂੰ ਸਿਰਫ ਭਾਜਪਾ ਦਾ ਪ੍ਰਚਾਰ ਕਿਹਾ ਜਾ ਸਕੇ। ਇਹ ਭਾਰਤ ਨੂੰ ਇਕ ਸੰਵਿਧਾਨਕ ਸੂਬੇ ਵਜੋਂ ਇਕ ਸੱਭਿਅਤਾਮੂਲਕ ਰਾਜ ’ਚ ਬਦਲਣ ਦਾ ਪ੍ਰਤੀਕ ਹੈ ਜਿਸ ਦਾ ਆਪਣਾ ਖਾਸ ਸੱਭਿਆਚਾਰ ਅਤੇ ਵਿਰਾਸਤ ਹੈ।
ਸੱਤਾਧਾਰੀ ਵਰਗ ਨੂੰ ਕਿਸੇ ਵੀ ਧਰਮ ਪ੍ਰਤੀ ਪੱਖਪਾਤ ਦਿਖਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅੰਤਰ-ਧਰਮ ਸਬੰਧਾਂ ’ਚ ਗੰਭੀਰ ਤਣਾਅ ਆ ਸਕਦਾ ਹੈ ਕਿਉਂਕਿ ਖੁਦ ਮੁਹੰਮਦ ਇਕਬਾਲ ਨੇ ਰਾਮ ਨੂੰ ਇਮਾਮ-ਏ-ਹਿੰਦ ਕਿਹਾ ਸੀ। ਬਿਨਾਂ ਸ਼ੱਕ ਸਾਡੇ ਸਿਆਸੀ ਆਗੂਆਂ ਨੂੰ ਭਾਵੇਂ ਰਾਮ ਭਗਤ ਹੋਣ ਜਾਂ ਰਹੀਮ ਭਗਤ, ਆਮ ਆਦਮੀ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰਨਾ ਚਾਹੀਦਾ ਹੈ। ਸਿਆਸੀ ਇੱਛਾਸ਼ਕਤੀ ਅਤੇ ਆਪਣੇ ਅਧਿਕਾਰ ਨਾਲ ਸਰਕਾਰ ਅਤੇ ਵਿਰੋਧੀ ਧਿਰ ਭਾਰਤ ਦੇ ਸੁਨਹਿਰੇ ਭਵਿੱਖ ਲਈ ਭਾਈਚਾਰਕ ਸੁਹਿਰਦਤਾ ਸਥਾਪਿਤ ਕਰ ਸਕਦੇ ਹਨ। ਕੀ ਉਹ ਅਜਿਹਾ ਕਰਨਗੇ?
ਪੂਨਮ ਆਈ. ਕੌਸ਼ਿਸ਼
ਕਰੋੜਾਂ ਦੇਸ਼ਵਾਸੀਆਂ ਦੇ ਦਿਲੋ-ਦਿਮਾਗ ’ਚ ਜਿਊਂਦੇ ਹਨ ਜਨਨਾਇਕ ਕਰਪੂਰੀ ਠਾਕੁਰ
NEXT STORY