ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੱਲ ’ਤੇ ਭਰੋਸਾ ਕਰਨਾ ਔਖਾ ਹੈ। ਸੱਚ ਨਾਲ ਉਨ੍ਹਾਂ ਦਾ 36 ਦਾ ਅੰਕੜਾ ਰਿਹਾ ਹੈ। ਵਾਸ਼ਿੰਗਟਨ ਪੋਸਟ ਅਨੁਸਾਰ, ਆਪਣੇ ਪਹਿਲੇ ਕਾਰਜਕਾਲ ’ਚ ਟਰੰਪ ਨੇ 30,537 ਵਾਰ ਝੂਠ ਬੋਲਿਆ ਸੀ, ਭਾਵ ਰੋਜ਼ਾਨਾ 21 ਝੂਠ। ਉਨ੍ਹਾਂ ਨੂੰ ਜਾਣਨ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਝੂਠ ਬੋਲਦਿਆਂ ਲੰਘੀ ਹੈ। ਆਪਣੇ ਮਾਂ-ਬਾਪ ਦੀ ਪੈਦਾਇਸ਼ ਤੋਂ ਲੈ ਕੇ ਆਪਣੇ ਬਿਜ਼ਨੈੱਸ ਅਤੇ ਔਰਤਾਂ ਨਾਲ ਸੰਬੰਧਾਂ ਤੋਂ ਲੈ ਕੇ ਸਿਆਸਤ, ਕੋਈ ਅਜਿਹਾ ਵਿਸ਼ਾ ਨਹੀਂ ਜਿਸ ’ਤੇ ਟਰੰਪ ਦਾ ਝੂਠ ਫੜਿਆ ਨਾ ਜਾ ਚੁੱਕਾ ਹੋਵੇ। ਝੂਠ ਫੜੇ ਜਾਣ ਨਾਲ ਉਨ੍ਹਾਂ ’ਤੇ ਓਨਾ ਹੀ ਅਸਰ ਹੁੰਦਾ ਹੈ ਜਿੰਨਾ ਥਿੰਦੇ ਘੜੇ ’ਤੇ ਪਾਣੀ ਦਾ। ਇਸ ਲਈ ਜਦੋਂ ਡੋਨਾਲਡ ਟਰੰਪ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ’ਚ ਜੰਗ ਨੂੰ ਐਟਮ ਵਾਲੀ ਖਤਰਨਾਕ ਦਿਸ਼ਾ ’ਚ ਜਾਣ ਤੋਂ ਰੋਕ ਦਿੱਤਾ, ਤਾਂ ਉਸ ਨੂੰ ਓਨੀ ਗੰਭੀਰਤਾ ਨਾਲ ਵੀ ਨਹੀਂ ਲਿਆ ਸਕਦਾ, ਜਿਵੇਂ ਕਿਸੇ ਵੀ ਰਾਸ਼ਟਰਮੁਖੀ ਦੇ ਬਿਆਨ ਨੂੰ ਲਿਆ ਜਾਣਾ ਚਾਹੀਦਾ ਹੈ।
ਉਧਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੋਈ ਸੱਤਿਆਵਾਦੀ ਹਰੀਸ਼ਚੰਦਰ ਨਹੀਂ ਹਨ। ਉਂਝ ਉਨ੍ਹਾਂ ਦੇ ਝੂਠ ਦੀ ਕੋਈ ਗਿਣਤੀ ਨਹੀਂ ਹੋਈ (ਸਾਡੇ ਕਿਸ ਅਖਬਾਰ ਦੀ ਮਜਾਲ!) ਪਰ ਜੇਕਰ ਹੁੰਦੀ ਵੀ ਤਾਂ ਟਰੰਪ ਨਾਲੋਂ ਘੱਟ ਹੀ ਨਿਕਲਦੀ। ਟਰੰਪ ਨੇ ਤਾਂ ਜਿਵੇਂ ਸੱਚ ਨਾ ਬੋਲਣ ਦੀ ਸਹੁੰ ਖਾਧੀ ਹੋਈ ਹੈ। ਮੋਦੀ ਜੀ ਨੇ ਅਜਿਹੀ ਕੋਈ ਪ੍ਰਤਿੱਗਿਆ ਨਹੀਂ ਕੀਤੀ ਹੈ। ਉਹ ਇਸ ਮਾਮਲੇ ’ਚ ਹਾਲਾਤ ਨਾਲ ਸੰਬੰਧਤ ਹਨ-ਨਾ ਸੱਚ ਨਾਲ ਦੋਸਤੀ ਨਾ ਹੀ ਸੱਚ ਨਾਲ ਵੈਰ।
ਜਿੱਥੇ ਸੱਚ ਨਾਲ ਕੰਮ ਚੱਲ ਗਿਆ ਉੱਥੇ ਸੱਚ ਪਰ ਲੋੜ ਪਵੇ ਤਾਂ ਝੂਠ ਤੋਂ ਵੀ ਪ੍ਰਹੇਜ਼ ਨਹੀਂ ਹੈ ਉਨ੍ਹਾਂ ਨੂੰ। ਭਾਵੇਂ ਹਰ ਭਾਰਤੀ ਦੇ ਅਕਾਊਂਟ ’ਚ 15 ਲੱਖ ਪਾਉਣ ਦਾ ਵਾਅਦਾ ਹੋਵੇ ਜਾਂ ਫਿਰ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ। ਨੋਟਬੰਦੀ ਨਾਲ ਦੇਸ਼ ਨੂੰ ਹੋਏ ਫਾਇਦੇ ਦਾ ਦਾਅਵਾ ਹੋਵੇ ਜਾਂ ਕੋਵਿਡ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਦਾ ਜਾਂ ਫਿਰ ਲੱਦਾਖ ’ਚ ‘ਕੋਈ ਨਹੀਂ ਦਾਖਲ ਹੋਇਆ’ ਵਰਗੇ ਬਿਆਨ ਹੋਣ। ਇਸ ਇਤਿਹਾਸ ਕਾਰਨ ਉਨ੍ਹਾਂ ਦੇ ਕਿਸੇ ਬਿਆਨ ਨੂੰ ਵੀ ਖੁਦ ਸਿੱਧ ਨਹੀਂ ਮੰਨਿਆ ਜਾ ਸਕਦਾ।
ਇਸ ਲਈ ਭਾਰਤ-ਪਾਕਿ ਜੰਗਬੰਦੀ ਕਿਵੇਂ ਹੋਈ, ਕਿਸ ਨੇ ਕਰਵਾਈ ਅਤੇ ਕਿਸ ਸ਼ਰਤ ’ਤੇ, ਇਸ ਮਾਮਲੇ ’ਚ ਕਿਸੇ ਨੇਤਾ ਦੇ ਬਿਆਨ ਨੂੰ ਅੱਖਾਂ ਮੀਟ ਕੇ ਮੰਨ ਲੈਣ ਦੀ ਬਜਾਏ ਤੱਥਾਂ ਦੀ ਜਾਂਚ ਕਰਨਾ ਜ਼ਰੂਰੀ ਹੋਵੇਗਾ। ਪਿਛਲੇ ਹਫਤੇ ਇਸ ਮੁੱਦੇ ’ਤੇ ਇਕ ਵੱਡਾ ਮੋੜ ਆਇਆ, ਜਦੋਂ ਜੀ-7 ਦੀ ਕੈਨੇਡਾ ’ਚ ਹੋਈ ਬੈਠਕ ’ਚੋਂ ਟਰੰਪ ਨੂੰ ਜਲਦੀ ਨਿਕਲਣਾ ਪਿਆ ਅਤੇ ਦੋਵਾਂ ਦੀ ਮੁਲਾਕਾਤ ਨਹੀਂ ਹੋ ਪਾਈ। ਤਦ ਕੈਨੇਡਾ ਤੋਂ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਤੋਂ ਰਾਸ਼ਟਰਪਤੀ ਟਰੰਪ ਦਰਮਿਆਨ 17 ਜੂਨ ਨੂੰ ਕੋਈ 35 ਮਿੰਟ ਤੱਕ ਟੈਲੀਫੋਨ ਕਾਲ ਹੋਈ।
ਇਸ ਗੱਲਬਾਤ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲਾ ਵਲੋਂ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਇਕ ਬਿਆਨ ਆਇਆ। ਇਸ ਬਿਆਨ ’ਚ ਪਹਿਲੀ ਵਾਰ ਭਾਰਤ ਸਰਕਾਰ ਨੇ ਟਰੰਪ ਵਲੋਂ ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਕਰਵਾਉਣ ਦੇ ਦਾਅਵੇ ਦਾ ਖੰਡਨ ਕੀਤਾ। ਇਸ ਬਿਆਨ ਅਨੁਸਾਰ ‘ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਕਿਸੇ ਵੀ ਪੱਧਰ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਅਮਰੀਕਾ ਵਲੋਂ ਵਿਚੋਲਗੀ ਦੀ ਕਿਸੇ ਤਜਵੀਜ਼ ’ਤੇ ਕੋਈ ਚਰਚਾ ਨਹੀਂ ਹੋਈ। ਫੌਜੀ ਕਾਰਵਾਈ ਬੰਦ ਕਰਨ ਦੀ ਚਰਚਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਵਾਂ ਹਥਿਆਰਬੰਦ ਬਲਾਂ ਦੇ ਵਿਚਾਲੇ ਮੌਜੂਦਾ ਸੰਚਾਰ ਚੈਨਲਾਂ ਰਾਹੀਂ ਸਿੱਧ ਹੋਈ ਅਤੇ ਇਸ ਦੀ ਸ਼ੁਰੂਆਤ ਪਾਕਿਸਤਾਨ ਦੀ ਬੇਨਤੀ ’ਤੇ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਭਾਰਤ ਵਿਚੋਲਗੀ ਪ੍ਰਵਾਨ ਨਹੀਂ ਕਰਦਾ ਅਤੇ ਕਦੀ ਨਹੀਂ ਕਰੇਗਾ। ਇਸ ਮਾਮਲੇ ’ਤੇ ਭਾਰਤ ’ਚ ਪੂਰੀ ਤਰ੍ਹਾਂ ਸਿਆਸੀ ਸਹਿਮਤੀ ਹੈ।’
ਤਾਂ ਕੀ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਨੂੰ ਮੰਨ ਲਿਆ? ਭਾਰਤ ਸਰਕਾਰ ਦਾ ਬਿਆਨ ਇਸ ’ਤੇ ਚੁੱਪ ਹੈ। ਅਮਰੀਕੀ ਧਿਰ ਤੋਂ ਟੈਲੀਫੋਨ ਕਾਲ ਬਾਰੇ ਕੋਈ ਬਿਆਨ ਜਾਰੀ ਨਹੀਂ ਹੋਇਆ। ਭਾਰਤੀ ਬਿਆਨ ਸਿਰਫ ਇੰਨਾ ਕਹਿੰਦਾ ਹੈ ਕਿ ਟਰੰਪ ਨੇ ਮੋਦੀ ਦੀ ਗੱਲ ਨੂੰ ਧਿਆਨ ਨਾਲ ਸੁਣਿਆ। ਧਿਆਨ ਨਾਲ ਸੁਣਨ ਦਾ ਕੀ ਅਸਰ ਹੋਇਆ। ਇਸ ਬਾਰੇ ਅਸੀਂ ਸਿਰਫ ਇੰਨਾ ਜਾਣਦੇ ਹਾਂ ਕਿ ਇਸ ਗੱਲਬਾਤ ਦੇ ਕੁਝ ਘੰਟਿਆਂ ਬਾਅਦ ਟਰੰਪ ਨੇ ਇਹ ਦਾਅਵਾ 13ਵੀਂ ਵਾਰ ਦੁਹਰਾਇਆ ਕਿ ਭਾਰਤ ਅਤੇ ਪਾਕਿਸਤਾਨ ਦੀ ਜੰਗ ਉਨ੍ਹਾਂ ਨੇ ਰੁਕਵਾਈ ਸੀ। ਗੱਲਬਾਤ ਦੇ ਅਗਲੇ ਦਿਨ ਟਰੰਪ ਨੇ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੂੰ ਲੰਚ ’ਤੇ ਸੱਦਿਆ, ਜਿੱਥੇ ਮੁਨੀਰ ਨੇ ਟਰੰਪ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦਾ ਜੰਗਬੰਦੀ ਲਈ ਧੰਨਵਾਦ ਕੀਤਾ। ਭਾਵ ਆਪੇ ਮੈਂ ਰੱਜੀ-ਪੁੱਜੀ।
ਫਿਰ ਵੀ ਭਾਰਤ ਸਰਕਾਰ ਦਾ ਬਿਆਨ ਮਹੱਤਵਹੀਣ ਨਹੀਂ ਹੈ। ਮੋਦੀ ਜੀ ਨੇ ਟਰੰਪ ਨੂੰ ਕੀ ਕਿਹਾ, ਉਨ੍ਹਾਂ ਨੇ ਕੀ ਸੁਣਿਆ, ਇਸ ਨੂੰ ਛੱਡ ਕੇ ਇਸ ਬਿਆਨ ’ਚ ਇਕ ਚੰਗੀ ਗੱਲ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ’ਚ ਭਾਰਤ-ਪਾਕਿ ਸਬੰਧ ’ਚ ਅਮਰੀਕਾ ਦੀ ਵਿਚੋਲਗੀ ਭਾਰਤ ’ਚ ਕਿਸੇ ਧਿਰ ਨੂੰ ਵੀ ਨਹੀਂ ਚਾਹੀਦੀ। ਪਿਛਲੇ 6 ਦਹਾਕਿਆਂ ਤੋਂ ਭਾਰਤ ਦੀਆਂ ਸਾਰੀਆਂ ਸਰਕਾਰਾਂ ’ਚ ਇਸ ਗੱਲ ’ਤੇ ਸਹਿਮਤੀ ਰਹੀ ਹੈ। ਭਾਵ ਕਿ ਇੰਨਾ ਤਾਂ ਆਸਵੰਦ ਹੋ ਸਕਦੇ ਹਾਂ ਕਿ ਇਸ ਕਾਂਡ ’ਚ ਜੋ ਵੀ ਹੋਇਆ, ਭਾਰਤ ਅੱਗੇ ਤੋਂ ਆਪਣੀ ਵਿਦੇਸ਼ ਨੀਤੀ ਦੇ ਇਸ ਸੰਕਲਪ ’ਤੇ ਕਾਇਮ ਰਹੇਗਾ।
ਪਰ ਇਹ ਸਵਾਲ ਅਜੇ ਵੀ ਅਣਉੱਤਰ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਕਿਸ ਨੇ ਕਰਵਾਈ ਹੈ, ਕਿਹੜੀਆਂ ਸ਼ਰਤਾਂ ’ਤੇ ਹੋਈ। ਮੋਦੀ-ਟਰੰਪ ਫੋਨ ਕਾਲ ਦੇ ਬਾਰੇ ’ਚ ਜਾਰੀ ਭਾਰਤੀ ਬਿਆਨ ਇਸ ਗੱਲ ਨੂੰ ਤਾਂ ਮੰਨਦਾ ਹੈ ਕਿ ਜੰਗਬੰਦੀ ਤੋਂ 24 ਘੰਟੇ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਵੇਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ, ਜੰਗ ਬਾਰੇ ਗੱਲਬਾਤ ਕੀਤੀ ਸੀ। ਮੋਦੀ ਜੀ ਨੇ ਫੋਨ ’ਤੇ ਇਹ ਤਾਂ ਕਿਹਾ ਕਿ ਉਸ ਦੌਰਾਨ ਕਿਤੇ ਵਪਾਰ ਦੀ ਗੱਲ ਨਹੀਂ ਹੋਈ ਪਰ ਇਹ ਨਹੀਂ ਦੱਸਿਆ ਕਿ ਹੋਰ ਕੀ ਕੁਝ ਗੱਲ ਹੋਈ।
ਬਿਆਨ ਇਸ ਦੀ ਸਫਾਈ ਨਹੀਂ ਦਿੰਦਾ ਹੈ ਕਿ ਜੇਕਰ ਜੰਗਬੰਦੀ ਦੀ ਗੱਲਬਾਤ ਸਿਰਫ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਤਾਂ ਜੰਗਬੰਦੀ ਦਾ ਐਲਾਨ ਭਾਰਤ ਜਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਬਜਾਏ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਵੇਂ ਕਰ ਦਿੱਤਾ? ਮੋਦੀ ਜੀ ਨੇ ਇਹ ਦੱਸਿਆ ਕਿ ਜੰਗਬੰਦੀ ਦੀ ਪਹਿਲ ਪਾਕਿਸਤਾਨ ਵਲੋਂ ਹੋਈ। ਇਹ ਗੱਲ ਸਹੀ ਜਾਪਦੀ ਹੈ, ਕਿਉਂਕਿ ਤੀਜੇ ਦਿਨ ਦੀ ਫੌਜੀ ਕਾਰਵਾਈ ’ਚ ਪਾਕਿਸਤਾਨ ਦੀ ਹਵਾਈ ਫੌਜ ਨੂੰ ਭਾਰੀ ਨੁਕਸਾਨ ਪੁੱਜਣ ਦੀ ਖਬਰ ਹੈ ਪਰ ਮੋਦੀ ਜੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪਾਕਿਸਤਾਨ ਦੀ ਬੇਨਤੀ ਅਮਰੀਕਾ ਰਾਹੀਂ ਆਈ ਸੀ।
ਮਤਲਬ ਕੀ ਗੱਲਬਾਤ ਦੀ ਸ਼ੁਰੂਆਤ ਅਮਰੀਕਾ ਨੇ ਕਰਵਾਈ ਸੀ? ਇਹ ਬਿਆਨ ਪ੍ਰਧਾਨ ਮੰਤਰੀ ਵਲੋਂ ਰਾਸ਼ਟਰ ਨੇ ਨਾਂ ਸੰਦੇਸ਼ ’ਚ ਕੀਤੇ ਉਸ ਵੱਡੇ ਦਾਅਵੇ ’ਤੇ ਵੀ ਚੁੱਪ ਧਾਰ ਜਾਂਦਾ ਹੈ ਕਿ ਜੰਗਬੰਦੀ ਤਦ ਹੀ ਹੋਈ, ਜਦੋਂ ਪਾਕਿਸਤਾਨ ਵਲੋਂ ਵਾਅਦਾ ਕੀਤਾ ਗਿਆ ਕਿ ‘ਉਸ ਵਲੋਂ ਅੱਗੇ ਕੋਈ ਅੱਤਵਾਦੀ ਸਰਗਰਮੀ ਅਤੇ ਫੌਜੀ ਘਟੀਆ ਕਰਤੂਤ ਨਹੀਂ ਕੀਤੀ ਜਾਵੇਗੀ’। ਦੇਸ਼ ਨੂੰ ਅੱਜ ਤਕ ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਉਡੀਕ ਹੈ-ਕਿਸ ਨੇ ਇਹ ਵਾਅਦਾ ਕੀਤਾ? ਕਿਸ ਨੂੰ ਕੀਤਾ? ਇਸ ਨੂੰ ਲਾਗੂ ਕਿਵੇਂ ਕਰਵਾਇਆ ਜਾਵੇਗਾ?
ਲੈ-ਦੇ ਕੇ ਅਜੇ ਵੀ ਦਾਲ ’ਚ ਕੁਝ ਕਾਲਾ ਨਜ਼ਰ ਆਉਂਦਾ ਹੈ। ਹੋਵੇ ਨਾ ਹੋਵੇ, ਸਾਰੇ ਪਾਸੇ ਕੁਝ ਨਾ ਕੁਝ ਝੂਠ ਬੋਲਿਆ ਜਾ ਰਿਹਾ ਹੈ। ਕਹਿਣਾ ਔਖਾ ਹੈ ਕਿਸ ਦਾ ਝੂਠ ਸਭ ਤੋਂ ਮਜ਼ਬੂਤ। ਪੂਰੇ ਸੱਚ ਲਈ ਸਾਨੂੰ ਇਤਿਹਾਸਕਾਰਾਂ ’ਤੇ ਨਿਰਭਰ ਹੋਣਾ ਪਵੇਗਾ।
-ਯੋਗੇਂਦਰ ਯਾਦਵ
ਬਦਲਵੀਂ ਸਿਆਸਤ ਦੀ ਆਸ ਕੇਜਰੀਵਾਲ
NEXT STORY