ਸਿੱਖ ਸਮਾਜ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਸਲੇ, ਭਾਵੇਂ ਉਹ ਧਾਰਮਿਕ ਹੋਣ ਜਾਂ ਸਮਾਜਿਕ ਤੇ ਭਾਵੇਂ ਸਿਆਸੀ ਹੋਣ, ਸਾਰੇ ਮਸਲਿਆਂ ਦੇ ਹੱਲ ਲਈ ਸਿੱਖ ਪੰਜ ਤਖਤਾਂ ਦੇ ਜਥੇਦਾਰਾਂ ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲ ਦੇਖਦੇ ਹਨ। ਸਿੱਖ ਉਮੀਦ ਕਰਦੇ ਹਨ ਕਿ ਪੰਜ ਤਖਤਾਂ ਦੇ ਪੰਜੇ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਸਿੰਘ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਸਿੱਖ ਸਮਾਜ ਨੂੰ ਸਹੀ ਰਸਤਾ ਦਿਖਾਉਣਗੇ।
ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਬਣੇ ਪੰਜ ਤਖਤਾਂ ਵਿਚ ਸਭ ਤੋਂ ਪਹਿਲੇ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਦਾ ਕੰਮ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ 15 ਜੂਨ 1606 ਨੂੰ ਆਪਣੇ ਹੱਥੀਂ ਪੂਰਾ ਕੀਤਾ।
ਦੂਜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੈ, ਜਿਸ ਦੀ ਉਸਾਰੀ 1689 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਰਵਾਈ ਗਈ ਤੇ ਇਥੋਂ ਹੀ 1699 ਵਿਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ।
ਤੀਜਾ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਥਾਪਤ ਹੈ ਤੇ ਇਸ ਜਗ੍ਹਾ ਨੂੰ ਤਖ਼ਤ ਵਜੋਂ ਮਾਨਤਾ 18 ਨਵੰਬਰ, 1966 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਸ ਕੀਤੇ ਗਏ ਮਤੇ ਰਾਹੀਂ ਦਿੱਤੀ ਗਈ। ਇਸ ਜਗ੍ਹਾ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕਰਵਾਇਆ।
ਇਸ ਬੀੜ ਨੂੰ ਦਮਦਮੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਬੀੜ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਇਆ ਅਤੇ ਇਸ ਬੀੜ ਨੂੰ ਤਿਆਰ ਕਰਨ ਵਿਚ ਕਾਗਜ਼, ਕਲਮਾਂ ਤੇ ਸਿਆਹੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਨੇ ਨਿਭਾਈ। ਇਸ ਸਥਾਨ ਦੀ ਮਹੱਤਤਾ ਨੂੰ ਦੇਖਦੇ ਹੋਏ ਹੀ ਇਸ ਨੂੰ ਤਖ਼ਤ ਵਜੋਂ ਮਾਨਤਾ ਦਿੱਤੀ ਗਈ।
ਚੌਥੇ ਤਖ਼ਤ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ। ਪੰਜਵਾਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚੱਲ ਨਗਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ’ਤੇ ਇਕ ਸਾਲ ਦਾ ਸਮਾਂ ਬਿਤਾਇਆ ਸੀ ਤੇ ਇੱਥੇ ਹੀ ਜੋਤੀ-ਜੋਤ ਸਮਾਏ ਸਨ। ਇਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਸੀ ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਸਰਬੱਤ ਖਾਲਸਾ ਅਤੇ ਬਾਅਦ ਵਿਚ ਸਿੱਖ ਸਮਾਜ ਦੀ ਤਰੱਕੀ ਤੇ ਮਰਿਆਦਾ ਕਾਇਮ ਕਰਨ ਲਈ ਤਖਤਾਂ ਦੇ ਜਥੇਦਾਰ ਸਿੱਖ ਸਮਾਜ ਨੂੰ ਸੇਧ ਦੇਣ ਵਾਲੇ ਪ੍ਰਮੁੱਖ ਅਹੁਦੇਦਾਰ ਮੰਨੇ ਜਾਂਦੇ ਹਨ ਤੇ ਜਦੋਂ ਕਦੇ ਵੀ ਸਿੱਖ ਪ੍ਰੰਪਰਾਵਾਂ ਨੂੰ ਢਾਅ ਲਗਦੀ ਜਾਂ ਸਿੱਖ ਪੰਥ ਨੂੰ ਕੋਈ ਮੁਸ਼ਕਲ ਦਰਪੇਸ਼ ਆਉਂਦੀ ਤਾਂ ਤਖਤਾਂ ਦੇ ਜਥੇਦਾਰ ਮਿਲ-ਬੈਠ ਕੇ ਉਨ੍ਹਾਂ ਦਾ ਹੱਲ ਲੱਭਦੇ।
ਸਿੱਖਾਂ ਲਈ ਹੁਕਮ ਜਾਰੀ ਕਰਦੇ ਤੇ ਖਾਸ ਹਾਲਾਤ ਵਿਚ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾ ਹੁਕਮਨਾਮਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਵਲੋਂ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ 30 ਜੂਨ, 1606 ਨੂੰ ਜਾਰੀ ਕੀਤਾ ਗਿਆ, ਜਿਸ ਵਿਚ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਨਕਦ ਰਾਸ਼ੀ ਦੀ ਜਗ੍ਹਾ ਘੋੜੇ ਤੇ ਸ਼ਸਤਰ ਭੇਟ ਕਰਨ ਤਾਂ ਜੋ ਮੁਗਲ ਹਾਕਮਾਂ ਦਾ ਟਾਕਰਾ ਕੀਤਾ ਜਾ ਸਕੇ।
ਪੁਰਾਤਨ ਸਮੇਂ ਵਿਚ ਬਹੁਤ ਸਾਰੇ ਹੁਕਮਨਾਮੇ ਜਾਰੀ ਹੋਏ, ਜਿਨ੍ਹਾਂ ਵਿਚ 2 ਹੁਕਮਨਾਮੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, 1 ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, 22 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, 34 ਸ੍ਰੀ ਗੁਰੂ ਗੋਬਿੰਦ ਸਿੰਘ ਜੀ, 2 ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤੇ ਅਤੇ 2 ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ। ਇਸ ਤੋਂ ਬਾਅਦ ਸਰਬੱਤ ਖਾਲਸਾ ਰਾਹੀਂ ਵੀ ਹੁਕਮਨਾਮੇ ਜਾਰੀ ਹੁੰਦੇ ਰਹੇ।
ਅਠਾਰ੍ਹਵੀਂ ਸਦੀ ਵਿਚ ਅੰਗਰੇਜ਼ਾਂ ਵਲੋਂ ਗੁਰਦੁਆਰਾ ਸਾਹਿਬ ’ਤੇ ਆਪਣਾ ਕੰਟਰੋਲ ਕਰਨ ਲਈ ਆਪਣੇ ਖਾਸ ਲੋਕਾਂ ਨੂੰ ਤਖ਼ਤਾਂ ਦੇ ਪ੍ਰਬੰਧਕ ਬਣਾ ਦਿੱਤਾ ਗਿਆ ਤੇ ਉਸ ਸਮੇਂ ਕਈ ਕਾਰਵਾਈਆਂ ਤੇ ਹੁਕਮਨਾਮੇ ਅਜਿਹੇ ਵੀ ਜਾਰੀ ਹੋਏ ਜਿਹੜੇ ਸਿੱਖ ਮਰਿਆਦਾਵਾਂ ਨਾਲ ਮੇਲ ਨਹੀਂ ਸਨ ਖਾਂਦੇ, ਜਿਨ੍ਹਾਂ ਵਿਚ ਖਾਸ ਕਰ ਕੇ ਸ੍ਰੀ ਅਕਾਲ ਤਖ਼ਤ ਤੋਂ ਗ਼ਦਰੀ ਕਾਰਕੁੰਨਾਂ ਖਿਲਾਫ ਹੁਕਮਨਾਮਾ ਅਤੇ ਜਥੇਦਾਰ ਅਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਸਿਰੋਪਾਓ ਦੇਣਾ ਸ਼ਾਮਲ ਹੈ। ਇਸ ਤੋਂ ਬਾਅਦ ਵੀ ਬਹੁਤ ਸਾਰੇ ਹੁਕਮਨਾਮੇ ਜਾਰੀ ਹੋਏ, ਜਿਨ੍ਹਾਂ ’ਤੇ ਕਈ ਵਾਰ ਸੰਗਤ ਨੇ ਪੂਰਨ ਭਰੋਸਾ ਪ੍ਰਗਟਾਇਆ।
ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਤਖ਼ਤ ਦਾ ਦਰਜਾ ਮਿਲਣ ਤੋਂ ਬਾਅਦ ਪੰਜਾਂ ਤਖਤਾਂ ਦੇ ਜਥੇਦਾਰ ਮਿਲ-ਬੈਠ ਕੇ ਸਿੱਖ ਪੰਥ ਦੇ ਮਸਲਿਆਂ ਬਾਰੇ ਚਰਚਾ ਕਰ ਕੇ ਫ਼ੈਸਲੇ ਕਰਦੇ ਰਹੇ ਜਿਵੇਂ ਕੇ 1998 ਵਿਚ ਜਾਰੀ ਕੀਤਾ ਹੁਕਮਨਾਮਾ, ਜਿਸ ਵਿਚ ਇਹ ਹੁਕਮ ਕੀਤਾ ਗਿਆ ਕਿ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੋਟਲ ਜਾਂ ਹੋਟਲ ਵਰਗੀ ਕਿਸੇ ਥਾਂ ’ਤੇ ਅਨੰਦ ਕਾਰਜ ਵਾਸਤੇ ਨਹੀਂ ਲਿਜਾ ਸਕਦਾ।
ਇਸ ਫੈਸਲੇ ’ਤੇ ਪੰਜ ਤਖਤਾਂ ਦੇ ਜਥੇਦਾਰਾਂ ਦੇ ਦਸਤਖ਼ਤ ਹਨ ਪਰ ਹੌਲੀ-ਹੌਲੀ ਪੰਜ ਤਖਤਾਂ ਦੇ ਜਥੇਦਾਰਾਂ ਦਾ ਮਿਲ-ਬੈਠ ਕੇ ਫ਼ੈਸਲੇ ਕਰਨ ਦਾ ਰੁਝਾਨ ਖਤਮ ਹੁੰਦਾ ਜਾ ਰਿਹਾ ਹੈ। ਮਸਲਾ ਹੁਕਮਨਾਮੇ ਜਾਰੀ ਕਰਨ ਤੱਕ ਦਾ ਨਹੀਂ ਹੈ ਸਗੋਂ ਮਸਲਾ ਜਥੇਦਾਰ ਸਾਹਿਬਾਨ ਦਾ ਜੋ ਰੁਤਬਾ ਸਿੱਖ ਕੌਮ ਵਿਚ ਹੈ ਤੇ ਜੋ ਵੱਡਾ ਸਨਮਾਨ ਉਨ੍ਹਾਂ ਦਾ ਹੈ, ਉਹ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਵੀ ਬਹੁਤ ਵੱਡਾ ਕਰ ਦਿੰਦਾ ਹੈ ਤੇ ਸਵਾਲ ਉਠਾਉਂਦਾ ਹੈ ਕਿ ਉਸ ਮੁਤਾਬਕ ਜਥੇਦਾਰ ਸਾਹਿਬਾਨ ਵਲੋਂ ਸਿੱਖ ਕੌਮ ਦੀ ਓਨੀ ਹੀ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ ਜਾਂ ਨਹੀਂ।
ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਜਥੇਦਾਰਾਂ ਦੀ ਆਖਰੀ ਇਕੱਤਰਤਾ 6 ਦਸੰਬਰ, 2022 ਨੂੰ ਹੋਈ ਸੀ, ਜਿਸ ਵਿਚ ਸਿਰਫ ਪ੍ਰਬੰਧਕੀ ਮਸਲੇ ਹੀ ਵਿਚਾਰੇ ਗਏ ਸਨ ਤੇ ਇਸ ਇਕੱਤਰਤਾ ਵਿਚ ਸਿੱਖ ਸਮਾਜ ਨਾਲ ਜੁੜੇ ਮਸਲਿਆਂ ’ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਸੀ। ਇਸ ਇਕੱਤਰਤਾ ਵਿਚ ਤਿੰਨ ਤਖਤਾਂ ਦੇ ਜਥੇਦਾਰ ਹੀ ਸ਼ਾਮਲ ਹੋਏ ਸਨ ਅਤੇ ਦੋ ਜਥੇਦਾਰਾਂ ਦੀ ਜਗ੍ਹਾ ’ਤੇ ਦਰਬਾਰ ਸਾਹਿਬ ਦੇ ਦੋ ਗ੍ਰੰਥੀ ਸਾਹਿਬ ਸ਼ਾਮਲ ਸਨ ਹਾਲਾਂਕਿ ਇਸ ਵਿਚ ਮਰਿਆਦਾ ਦੇ ਮੁਤਾਬਕ ਕੁਝ ਵੀ ਗਲਤ ਨਹੀਂ ਹੈ।
ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਕੋਲ ਸਿੱਖ ਪੰਥ ਦੇ ਮਸਲਿਆਂ ਲਈ ਵਿਚਾਰ ਚਰਚਾ ਕਰਨ ਤੇ ਇਨ੍ਹਾਂ ਦਾ ਹੱਲ ਕਰਨ ਲਈ ਕੋਈ ਵਿਹਲ ਨਹੀਂ ਹੈ। ਅੱਜ ਜਦੋਂ ਸਿੱਖ ਸਮਾਜ ਬਹੁਤ ਸਾਰੀ ਦੁਚਿੱਤੀ ਵਿਚ ਹੈ ਤੇ ਲੀਡਰਸ਼ਿਪ ਤੋਂ ਵਿਹੂਣਾ ਹੈ ਤਾਂ ਜਥੇਦਾਰ ਸਾਹਿਬਾਨ ਦੀ ਜ਼ਿੰਮੇਵਾਰੀ ਸਿੱਖ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਦੀ ਬਣਦੀ ਹੈ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)
ਨੇਪਾਲ ਨਾਲ ਅਗਨੀਵੀਰ ਅੜਿੱਕੇ ਨੂੰ ਤੋੜਿਆ ਜਾਵੇ
NEXT STORY