ਇਸ ਸੰਸਾਰ ਵਿਚ ਬਹੁਤ ਸਾਰੇ ਪ੍ਰਾਣੀ, ਇਸ ਅਮੋਲਕ ਮਨੁੱਖਾ ਜਨਮ ਨੂੰ ਸਿਰਫ ਇਸ ਯਾਤਰਾ ਦੇ ਤੌਰ 'ਤੇ ਜੀਵ ਕੇ ਇਥੋਂ ਰੁਖ਼ਸਤ ਹੋ ਜਾਂਦੇ ਹਨ। ਕੋਈ ਵਿਰਲੇ ਹੀ ਇਸ ਜੀਵਨ ਯਾਤਰਾ ਦਾ ਲਾਭ ਉਠਾਂਦੇ ਹਨ। ਇਕ ਸਵਾਲ ਜੋ ਮੁਦਤਾਂ ਤੋਂ ਚਲਿਆ ਆਉਂਦਾ ਹੈ ਕਿ “ਬੰਦਾ ਕਿਥੋਂ ਆਉਂਦਾ, ਉਸ ਦਾ ਕੀ ਮਕਸਦ ਹੈ ਅਤੇ ਮਰ ਕੇ ਕਿਥੇ ਜਾਵੇਗਾ? ਮਨੁੱਖਤਾ ਨੂੰ ਬੜਾ ਬੇਚੈਨ ਕਰਦਾ ਰਿਹਾ ਇਹ ਸਵਾਲ। ਅਸਲ ਵਿਚ ਜੀਵਨ ਯਾਤਰਾ ਦਾ ਪੜਾਅ ਮੌਤ ਏ। ਇਹ ਧਰਤੀ ਕਰਮ-ਖੰਡ ਏ, ਜੋ ਅਸੀਂ ਕਰਮ ਚੰਗੇ ਜਾਂ ਮਾੜੇ ਕਰਦੇ ਹਾਂ ਉਨ੍ਹਾਂ ਦਾ ਹਿਸਾਬ ਹੁੰਦਾ ਹੈ। ਇਸ ਕਰਮ-ਖੰਡ 'ਤੇ ਸਿਰਫ ਮਨੁੱਖ ਹੀ ਐਸਾ ਪ੍ਰਾਣੀ ਹੈ, ਜਿਸ ਨੂੰ ਮਾੜੇ ਚੰਗੇ ਦੀ ਸੋਝੀ ਏ, ਪਸ਼ੂ, ਪੰਛੀਆਂ ਨੂੰ ਨਹੀਂ।
ਬੰਦਾ ਆਪਣੇ ਅੱਖੀਂ ਦੇਖਦਾ ਹੈ ਕਿ ਬੰਦਾ ਮਰ ਰਿਹਾ ਹੈ ਪਰ ਦੇਖ ਕੇ ਵੀ ਨਹੀਂ ਦੇਖਦਾ, ਕਿਉਂਕਿ ਉਹ ਇਸ ਗਲੋਂ ਆਪਣੇ ਆਪ ਨੂੰ ਵੱਖ ਸਮਝਦਾ ਹੈ ਕਿ ਮੈਂ ਮਰਨਾ ਹੀ ਨਹੀਂ। ਇਸ ਭਰਮ ਵਿਚ ਤਮਾਮ ਮਾੜੇ ਕਰਮ ਕਰਕੇ ਧਨ ਜੋੜਦਾ ਹੈ ਆਪਣੀ ਸੰਤਾਨ ਨੂੰ ਪਾਲਦਾ, ਇਹ ਮਨੋਂ ਭੁਲਾ ਹੀ ਦੇਂਦਾ ਹੈ ਕਿ ਮੈਂ ਵੀ ਮਰਨਾ ਹੈ। ਸਭ ਕੁਝ ਸਮਝਦਾ ਅਤੇ ਅੱਖੀਂ ਵੇਖਦਾ ਵੀ ਹੈ ਕਿ ਮਰਨ ਵਾਲਾ ਕੁਝ ਵੀ ਇਥੋਂ ਲੈ ਕੇ ਨਹੀਂ ਗਿਆ। ਫਿਰ ਵੀ ਭਰਮ ਵਿਚ ਜਿਊਂਦਾ ਹੈ। ਮਹਾਂਭਾਰਤ ਵਿਚ ਇਕ ਕਾਂਡ ਇਸੇ ਸੰਬੰਧੀ ਆਉਂਦਾ ਹੈ, ਜਿਸ ਦਾ ਇਥੇ ਟੁਕ ਮਾਤਰ ਜ਼ਿਕਰ ਪ੍ਰਸੰਘਗਿਕ ਹੈ: ਪਾਂਡਵ ਬਨਵਾਸ ਦੌਰਾਨ ਜੰਗਲ ਵਿਚ ਕਿਸੇ ਜਗ੍ਹਾ ਰੁਕ ਗਏ, ਪ੍ਰਾਣੀ ਦੀ ਲੋੜ ਮਹਿਸੂਸ ਹੋਈ ਤਾਂ ਪਾਣੀ ਦੀ ਭਾਲ ਵਿਚ ਵਾਰੀ-ਵਾਰੀ ਚਾਰੇ ਪਾਂਡਵ ਗਏ ਪਰ ਪਰਤੇ ਨਾ, ਅਖੀਰ ਯੁਧਿਸ਼ਟਰ ਜੀ ਆਪ ਗਏ ਕਿ ਕੀ ਮਸਲਾ ਹੈ, ਇਸ ਦਾ ਪਤਾ ਕਰਨ। ਪਾਣੀ ਦੇ ਤਲਾਬ ਕੋਲ ਜਾ ਕੇ ਵੇਖਿਆ ਕਿ ਚਾਰੋਂ ਭਾਈ ਮੂਰਛਤ ਪਏ ਹਨ, ਅਵਾਜ਼ ਆਈ ਪਾਣੀ ਲੈਣ ਤੋਂ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਤਾਂ ਹੀ ਪਾਣੀ ਲੈ ਸਕੋਗੇ ਅਗਰ ਜਵਾਬ ਦਰੁਸਤ ਹੋਏ ਤਾਂ ਇਸ ਜਲ ਦੇ ਛਿੜਕਾ ਨਾਲ ਇਹ ਚਾਰੋਂ ਜੀਵਤ ਹੋ ਜਾਣਗੇ।
ਧਰਮਰਾਜ ਯੁਧਿਸ਼ਟਰ ਜੀ ਨੇ ਸਭ ਸਵਾਲਾਂ ਦੇ ਜਵਾਬ ਬੜੇ ਠਰਮੇ ਨਾਲ ਦੇ ਦਿੱਤੇ ਇਕ ਆਖਰੀ ਸਵਾਲ ਸੀ: “ਬੰਦਾ ਦੇਖਦਾ ਹੋਇਆ ਵੀ ਨਹੀਂ ਦੇਖਦਾ?'' ਅਗਰ ਇਸ ਸਵਾਲ ਦਾ ਜਵਾਬ ਠੀਕ ਨਾ ਆਇਆ ਤਾਂ ਸਭ ਸਮਾਪਤ ਹੋ ਜਾਵੇਗਾ। ਧਰਮਰਾਜ ਯੁਧਿਸ਼ਟਰ ਜੀ ਨੇ ਕਿਹਾ, ਇਸ ਦਾ ਜਵਾਬ ਬੜਾ ਸਿੱਧਾ ਸਾਦਾ ਹੈ: ਇਕ ਬੰਦਾ ਦੂਸਰੇ ਬੰਦੇ ਨੂੰ ਮਰ ਰਿਹਾ ਵੇਖ ਰਿਹਾ ਹੈ ਪਰ ਵੇਖਦਾ ਹੋਇਆ ਵੀ ਨਹੀਂ ਵੇਖਦਾ, ਸਭ ਅੰਘਤਿਮ ਸੰਸਕਾਰ ਹੱਥੀਂ ਕਰਦਾ ਹੈ ਵੇਖ ਰਿਹਾ ਕਿ ਇਹ ਇਥੋਂ ਕੁਝ ਵੀ ਲੈ ਕੇ ਨਹੀਂ ਜਾ ਰਿਹਾ, ਪੰਜ ਭੂਤਕ ਸਰੀਰ ਵੀ ਇਥੇ ਭਸਮ ਹੋ ਗਿਆ ਹੈ। ਜੋ ਬੰਦੇ ਨੇ ਜੀਵਨ ਵਿਚ ਮਾੜੇ ਕਰਮ ਕਰਕੇ ਧਨ ਸੰਪਦਾ ਇਕੱਠੀ ਕੀਤੀ ਸਭ ਇਥੇ ਰਹਿ ਗਈ। ਸਭ ਕੁਝ ਵੇਖ ਕੇ ਵੀ ਨਹੀਂ ਵੇਖਦਾ। ਭਰਮ ਕਿ ਇਹ ਸਭ ਕੁਝ ਮੇਰੇ ਨਾਲ ਨਹੀਂ ਵਾਪਰਨਾ।
ਮਰਨ ਉਪਰਾਂਤ ਜਦ ਧਰਮਰਾਜ ਮਾੜੇ-ਚੰਗੇ ਕਰਮਾਂ ਦਾ ਲੇਖਾ ਕਰਦੈ, ਉਹ ਆਪਣੀ ਤਰਫੋਂ ਕੁਝ ਨਹੀਂ ਕਰਦਾ, ਸਿਰਫ ਅਕਾਊਂਟੈਂਟ ਦੀ ਤਰ੍ਹਾਂ ਹਿਸਾਬ-ਕਿਤਾਬ ਕਰਦਾ, ਇਸੇ ਹਿਸਾਬ ਦੇ ਮੁਤਾਬਕ ਸਾਨੂੰ ਅਗਲਾ ਜਨਮ ਮਿਲ ਜਾਂਦਾ, ਫਿਰ ਜੀਵਨ ਯਾਤਰਾ ਆਰੰਭ ਹੋ ਜਾਂਦੀ ਹੈ। ਇਹ ਸਾਡੇ ਆਪਣੇ ਆਪ 'ਤੇ ਮੁਨੱਸਰ ਕਰਦਾ, ਕਿਉਂਕਿ ਚੰਗੇ-ਮਾੜੇ ਦੀ ਸੋਝੀ ਮਨੁੱਖ ਨੂੰ ਪ੍ਰਭੂ ਵਲੋਂ ਮਿਲੀ ਹੈ। ਆਪਣੇ ਜੀਵਨ ਸਫਰ ਨੂੰ ਚੰਗੇ ਕਰਮਾਂ ਨਾਲ ਸ਼ਿੰਗਾਰਨਾ ਚਾਹੀਦਾ।
ਸੰਸਾਰ ਵਿਚ ਕੁਝ ਐਸੇ ਧਰਮ ਹਨ ਜੋ ਪੁਨਰ ਜਨਮ ਨੂੰ ਨਹੀਂ ਮੰਨਦੇ। ਅਗਰ ਇਸ ਸਿਧਾਂਤ ਨਾਲ ਚਲਾਂਗੇ ਕਿ ਅਗਲਾ ਜਨਮ ਹੈ ਹੀ ਨਹੀਂ, ਇਕੋ ਜਨਮ ਦੀ ਹੀ ਗੱਲ ਹੈ। ਅਗਰ ਇਕੋਂ ਜਨਮ ਹੀ ਹੁੰਦਾ ਤਾਂ ਸਾਰੇ ਰਾਜੇ-ਮਹਾਰਾਜੇ ਹੀ ਪੈਦਾ ਹੁੰਦੇ, ਗਰੀਬ ਲੰਗੜਾ, ਲੂਲ੍ਹਾ, ਕਾਣਾ ਬਾਖਾ, ਅਪਾਹਜ ਕੋਈ ਪੈਦਾ ਹੀ ਨਾ ਹੁੰਦਾ। ਸਾਰੇ ਹੀ ਸਵਸਥ ਤੇ ਅਮੀਰ ਹੁੰਦੇ। ਜੀਵਨ ਸਾਡੇ ਕਰਮਾਂ ਮੁਤਾਬਕ ਹੀ ਮਿਲਦਾ।
ਜੋ ਕੁਝ ਵੀ ਸਾਨੂੰ ਜੀਵਨ ਵਿਚ ਮਿਲਦਾ ਹੈ ਇਹ ਸਾਡੇ ਕਰਮਾਂ ਦਾ ਫੱਲ ਹੀ ਤਾਂ ਹੈ। ਜੀਵਨ ਯਾਤਰਾ ਦੌਰਾਨ ਮਨੁੱਖ ਮਾੜੇ ਕਰਮ ਕਰਕੇ ਆਪਣਾ ਮਨੁੱਖਾ ਜਨਮ ਦਾ ਅਵਸਰ ਗੁਆ ਬੈਠਦਾ ਹੈ। ਇਹ ਮਨੁੱਖਾ ਦੇਹੀ ਸਾਨੂੰ ਚੰਗੇ ਕਰਮ ਕਰਨ ਲਈ ਮਿਲੀ ਹੈ। ਆਪਣੇ ਜੀਵਨ ਦੇ ਸਫਰ ਨੂੰ ਸਾਰਥਕ ਕਰਨ ਲਈ ਬੇਇਮਾਨੀ ਰਹਿਤ ਜੀਵਨ ਜੀ ਕੇ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਕੇ ਹੀ ਸਫਲ ਬਣਾਇਆ ਜਾ ਸਕਦਾ ਹੈ।
ਜਸਬੀਰ ਸਿੰਘ “ਤੇਗ''
ਜ਼ਿੰਦਗੀ ਪੀਂਘ ਬਣੀ ਹੈ...
NEXT STORY