ਕੇਂਦਰ ਅਤੇ ਸੂਬਿਆਂ ਦੀਆਂ ਚੋਣਾਂ ’ਚ ਲਗਾਤਾਰ ਹਾਰ ਰਹੀ ਕਾਂਗਰਸ ਪਾਰਟੀ ਆਪਣੀ ਚੋਟੀ ਦੀ ਲੀਡਰਸ਼ਿਪ ਦੀ ਕਥਿਤ ਫੈਸਲਾਹੀਣਤਾ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਅਣਦੇਖੀ ਦੇ ਕਾਰਨ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਹੈ। ਇਸ ’ਤੇ ਰੋਸ ਪ੍ਰਗਟ ਕਰਦੇ ਹੋਏ 23 ਅਗਸਤ ਨੂੰ ਗੁਲਾਮ ਨਬੀ ਆਜ਼ਾਦ, ਜਿਤਿਨ ਪ੍ਰਸਾਦ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ, ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਵੀਰੱਪਾ ਮੋਇਲੀ, ਪ੍ਰਿਥਵੀ ਰਾਜ ਚਵਾਨ, ਵਿਵੇਕ ਤੰਖਾ, ਮੁਕੁਲ ਵਾਸਨੀਕ, ਰਾਜ ਬੱਬਰ, ਅਰਵਿੰਦਰ ਸਿੰਘ ਲਵਲੀ, ਕੌਲ ਸਿੰਘ ਠਾਕੁਰ ਆਦਿ ਸਮੇਤ ਕੁਲ 23 ਸੀਨੀਅਰ ਨੇਤਾਵਾਂ ਨੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਪੱਤਰ ’ਚ ਪਾਰਟੀ ’ਚ ਸਮੂਹਿਕ ਅਗਵਾਈ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਪਾਰਟੀ ਦਾ ਪੂਰੇ ਸਮੇਂ ਲਈ ਸਰਗਰਮ ਪ੍ਰਧਾਨ ਨਿਯੁਕਤ ਕਰਨ ਅਤੇ ਸੰਗਠਨ ’ਚ ਮਾਮੂਲੀ ਬਦਲਾਅ ਦੀ ਮੰਗ ਕਰਨ ਵਾਲੇ ਉਕਤ ਪੱਤਰ ਨਾਲ ਪਾਰਟੀ ’ਚ ਪਏ ਭੜਥੂ ਦੇ ਬਾਅਦ ਹਾਲਾਂਕਿ 24 ਅਗਸਤ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਸੋਨੀਆ ਗਾਂਧੀ ਨੇ 6 ਮਹੀਨਿਆਂ ਤਕ ਪਾਰਟੀ ਦੀ ਅੰਤਰਿਮ ਪ੍ਰਧਾਨ ਬਣੀ ਰਹਿਣ ਦੀ ਪਾਰਟੀ ਨੇਤਾਵਾਂ ਦੇ ਇਕ ਧੜੇ ਦੀ ਬੇਨਤੀ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਇਸ ਦੌਰਾਨ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ ਪਰ ਪਾਰਟੀ ’ਚ ਜਾਰੀ ਘੁਸਰ-ਮੁਸਰ ਅਜੇ ਖਤਮ ਨਹੀਂ ਹੋਈ।
ਹੁਣ 5 ਸਤੰਬਰ ਨੂੰ ਕਾਂਗਰਸ ’ਚੋਂ ਕੱਢੇ ਉੱਤਰ ਪ੍ਰਦੇਸ਼ ਦੇ 9 ਨੇਤਾਵਾਂ ਵਲੋਂ ਸੋਨੀਆ ਨੂੰ ਲਿਖਿਆ ਪੱਤਰ ਜਨਤਕ ਹੋਇਆ ਹੈ, ਜਿਸ ’ਚ ਉਨ੍ਹਾਂ ਨੂੰ, ‘‘ਪਰਿਵਾਰ ਦੇ ਮੋਹ ਤੋਂ ਉਪਰ ਉੱਠ ਕੇ ਕੰਮ ਕਰਨ, ਪਾਰਟੀ ਦੀ ਲੋਕਤੰਤਰਿਕ ਪ੍ਰੰਪਰਾ ਬਹਾਲ ਕਰਨ ਅਤੇ ਪਾਰਟੀ ਨੂੰ ਇਤਿਹਾਸ ਦਾ ਹਿੱਸਾ ਬਣਨ ਤੋਂ ਬਚਾਉਣ’’ ਦੀ ਬੇਨਤੀ ਕੀਤੀ ਗਈ ਹੈ।
ਸਾਬਕਾ ਸੰਸਦ ਮੈਂਬਰ ਸੰਤੋਸ਼ ਸਿੰਘ, ਸਾਬਕਾ ਮੰਤਰੀ ਸਤਿਆਦੇਵ ਤ੍ਰਿਪਾਠੀ, ਸਾਬਕਾ ਵਿਧਾਇਕ ਵਿਨੋਦ ਚੌਧਰੀ, ਭੂਧਰ ਨਾਰਾਇਣ ਮਿਸ਼ਰਾ, ਨੇਕ ਚੰਦ ਪਾਂਡੇ, ਸਵੈਮ ਪ੍ਰਕਾਸ਼ ਗੋਸਵਾਮੀ ਤੇ ਹੋਰਨਾਂ ਦੇ ਦਸਤਖਤ ਵਾਲੇ ਪੱਤਰ ’ਚ ਉੱਤਰ ਪ੍ਰਦੇਸ਼ ਦੀ ਇੰਚਾਰਜ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਨਾਂ ਲਏ ਬਿਨਾਂ ਕਹਿ ਗਿਆ ਹੈ ਕਿ :
‘‘ਇਸ ਸਮੇਂ ਪਾਰਟੀ ਸੂਬੇ ’ਚ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੀ ਹੈ। ਤਨਖਾਹ ਦੇ ਆਧਾਰ ’ਤੇ ਕੰਮ ਕਰਨ ਵਾਲੇ ਨੇਤਾਵਾਂ ਦਾ ਪਾਰਟੀ ’ਤੇ ਕਬਜ਼ਾ ਹੈ। ਅਸੀਂ ਲਗਭਗ 1 ਸਾਲ ਤੋਂ ਤੁਹਾਡੇ ਕੋਲੋਂ ਮਿਲਣ ਲਈ ਸਮਾਂ ਮੰਗ ਰਹੇ ਹਾਂ ਪਰ ਮਨਾ ਕਰ ਦਿੱਤਾ ਜਾਂਦਾ ਹੈ।’’
ਹਾਲਾਂਕਿ ਜਿਨ੍ਹਾਂ ਲੋਕਾਂ ਨੇ ਦੂਸਰਾ ਪੱਤਰ ਲਿਖਿਆ ਹੈ ਉਨ੍ਹਾਂ ’ਚ ਕੋਈ ਵੱਡਾ ਨਾਂ ਨਹੀਂ ਹੈ ਪਰ ਉਹ ਕਾਂਗਰਸ ਦੇ ਸ਼ਰਧਾਵਾਨ ਵਰਕਰ ਤਾਂ ਹਨ ਹੀ ਅਤੇ ਉਕਤ ਦੋਵੇਂ ਪੱਤਰ ਪਾਰਟੀ ’ਚ ਪੈਦਾ ਗੱਲਬਾਤਹੀਣਤਾ ਨੂੰ ਉਜਾਗਰ ਕਰਦੇ ਹਨ, ਜਿਸ ਕਾਰਨ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਜ਼ਮੀਨੀ ਪੱਧਰ ’ਤੇ ਵਰਕਰਾਂ ਤੋਂ ਕੱਟ ਕੇ ਗਿਣੇ-ਚੁਣੇ ਲੋਕਾਂ ਤਕ ਹੀ ਸਿਮਟ ਦੀ ਜਾ ਰਹੀ ਹੈ।
ਅਸਹਿਮਤੀ ਪ੍ਰਗਟ ਕਰਨ ਵਾਲਿਆਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਨੂੰ ‘ਬਾਗੀ’ ਠਹਿਰਾਅ ਕੇ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਉਕਤ ਪੱਤਰਾਂ ਦੇ ਬਾਅਦ ਪਾਰਟੀ 2 ਧੜਿਆਂ ’ਚ ਵੰਡੀ ਨਜ਼ਰ ਆਉਣ ਲੱਗੀ ਹੈ ਅਤੇ ਕਾਂਗਰਸ ਲੀਡਰਸ਼ਿਪ ਨੇ ਨਾਰਾਜ਼ਾਂ ਦੇ ਪਰ ਕੁਤਰਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ।
ਇਸੇ ਕਾਰਨ ਲੋਕ ਸਭਾ ’ਚ ਪਾਰਟੀ ਦੀ ਬੜਬੋਲੀ ਆਵਾਜ਼ ਰਹੇ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਦੀ ਅਣਦੇਖੀ ਕਰ ਕੇ ਨੌਜਵਾਨ ਗੌਰਵ ਗੋਗੋਈ ਨੂੰ ਲੋਕ ਸਭਾ ’ਚ ਉਪ ਨੇਤਾ ਬਣਾ ਦਿੱਤਾ ਗਿਆ ਅਤੇ ਰਾਜ ਸਭਾ ’ਚ ਪਾਰਟੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਤੇ ਉਪ ਨੇਤਾ ਆਨੰਦ ਸ਼ਰਮਾ ਦਾ ਪ੍ਰਭਾਵ ਘਟਾਉਣ ਲਈ ਸੋਨੀਆ ਗਾਂਧੀ ਦੇ ਕਰੀਬੀ ਜੈਰਾਮ ਰਮੇਸ਼ ਨੂੰ ਚੀਫ ਵ੍ਹਿਪ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿਤਿਨ ਪ੍ਰਸਾਦ ਅਤੇ ਰਾਜ ਬੱਬਰ ਨੂੰ ਉੱਤਰ ਪ੍ਰਦੇਸ਼ ਲਈ ਐਲਾਨੀਆਂ ਕਾਂਗਰਸ ਦੀਆਂ ਚੋਣ ਕਮੇਟੀਆਂ ’ਚੋਂ ਬਾਹਰ ਕਰ ਦਿੱਤਾ ਗਿਆ ਹੈ।
ਇਸੇ ਝਰੋਖੇ ’ਚ ਜਿਥੇ ਕਪਿਲ ਸਿੱਬਲ ਕਾਂਗਰਸ ਲੀਡਰਸ਼ਿਪ ਨੂੰ ਆਪਣੇ ਲੋਕਾਂ ’ਤੇ ਨਹੀਂ ਭਾਜਪਾ ’ਤੇ ਸਰਜੀਕਲ ਸਟ੍ਰਾਈਕ ਕਰਨ ਦੀ ਸਲਾਹ ਦੇ ਚੁੱਕੇ ਹਨ, ਉਧਰ ਗੁਲਾਮ ਨਬੀ ਆਜ਼ਾਦ ਨੇ ਵੀ ਚਿਤਾਵਨੀ ਦਿੱਤੀ ਹੈ ਕਿ ‘‘ਪਾਰਟੀ ਦੀ ਚੋਣ ਨਾ ਕਰਵਾਉਣ ’ਤੇ ਪਾਰਟੀ ਅਗਲੇ 50 ਸਾਲਾਂ ਤਕ ਵਿਰੋਧੀ ਧਿਰ ’ਚ ਹੀ ਬੈਠੇਗੀ।’’
ਆਪਣਿਆਂ ਤੋਂ ਹੀ ਦੂਰ ਹੁੰਦੀ ਚਲੀ ਜਾਣ ਦੇ ਕਾਰਨ ਜਿਥੇ ਕਾਂਗਰਸ ਪਾਰਟੀ ’ਚ ਉੱਪਰ ਤੋਂ ਹੇਠਾਂ ਤਕ ਨਾਰਾਜ਼ਗੀ ਪੈਦਾ ਹੈ, ਉਥੇ ਵਿਰੋਧੀ ਪਾਰਟੀਆਂ ਦੇ ਸੂਝਵਾਨ ਨੇਤਾ ਅਤੇ ਬੁੱਧੀਜੀਵੀ ਵੀ ਕਾਂਗਰਸ ਦੇ ਇਸ ਹਸ਼ਰ ਤੋਂ ਦੁਖੀ ਹਨ। ਕਿਉਂਕਿ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਦੇਸ਼ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ, ਜੋ ਸਿਰਫ ਕਾਂਗਰਸ ਹੀ ਮੁਹੱਈਆ ਕਰਵਾ ਸਕਦੀ ਹੈ ਅਤੇ ਇਸਦੇ ਲਈ ਕਾਂਗਰਸ ਨੂੰ ਮੁੜ-ਸੁਰਜੀਤ ਕਰਨਾ ਹੋਵੇਗਾ।
ਇਸ ਲਈ ਪਾਰਟੀ ਦੇ ਨਾਰਾਜ਼ ਨੇਤਾਵਾਂ ਦੇ ਵਿਰੁੱਧ ‘ਕ੍ਰੋਧ’ ਕਰਨ ਜਾਂ ਉਨ੍ਹਾਂ ਦੇ ਵਿਰੁੱਧ ‘ਬਦਲਾਖੋਰੀ’ ਦੀ ਕਾਰਵਾਈ ਕਰਨ ਦੀ ਨਹੀਂ ਸਗੋਂ ਪਾਰਟੀ ਨੂੰ ਇਕ ਪੂਰੇ ਸਮੇਂ ਲਈ ਅਤੇ ਸਰਗਰਮ ਪ੍ਰਧਾਨ ਅਤੇ ਹੋਰ ਅਹੁਦੇਦਾਰ ਨਿਯੁਕਤ ਕਰਨ ਦੀ ਲੋੜ ਹੈ।
ਜੇਕਰ ਜਲਦੀ ਹੀ ਪਾਰਟੀ ਦੀ ਚੋਣ ਕਰਵਾਉਣ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਅਹੁਦੇ ਲਈ ਖੜ੍ਹਾ ਕਰਨ ਦਾ ਐਲਾਨ ਕਰ ਦਿੱਤਾ ਜਾਵੇ ਤਾਂ ਅੱਵਲ ਤਾਂ ਕੋਈ ਉਨ੍ਹਾਂ ਦੇ ਮੁਕਾਬਲੇ ’ਤੇ ਖੜ੍ਹਾ ਨਹੀਂ ਹੋਵੇਗਾ ਅਤੇ ਜੇਕਰ ਹੋਵੇਗਾ ਵੀ ਤਾਂ ਜਾਂ ਤਾਂ ਉਹ ਅੰਤਿਮ ਸਮੇਂ ’ਤੇ ਆਪਣਾ ਨਾਂ ਵਾਪਸ ਲੈ ਲਵੇਗਾ ਅਤੇ ਚੋਣ ਲੜੇਗਾ ਵੀ ਤਾਂ ਉਸਦੇ ਜਿੱਤਣ ਦੀ ਸੰਭਾਵਨਾ ਘੱਟ ਹੋਵੇਗੀ ਅਤੇ ਜੇਕਰ ਉਹ ਜਿੱਤ ਵੀ ਜਾਵੇ ਤਾਂ ਉਸਦੀ ਪ੍ਰਸਿੱਧੀ ਅਤੇ ਪਾਰਟੀ ’ਚ ਪ੍ਰਾਪਤ ਸਮਰਥਨ ਅਤੇ ਸਮਰੱਥਾ ਦਾ ਪਤਾ ਲੱਗ ਜਾਵੇਗਾ।
ਪਾਰਟੀ ਦੇ ਮੌਜੂਦਾ ਜਾਂ ਸਾਬਕਾ ਮੈਂਬਰਾਂ ਵਲੋਂ ਲਿਖਤ ਪੱਤਰਾਂ ਨੂੰ ਇਕ ‘ਬਗਾਵਤ’ ਦੇ ਰੂਪ ’ਚ ਨਹੀਂ ਸਗੋਂ ‘ਜਗਾਵਤ’ ਰੂਪ ’ਚ ਹੀ ਲੈਣਾ ਚਾਹੀਦਾ ਹੈ। ਕਿਉਂਕਿ ਇਹ ਪਾਰਟੀ ਨੂੰ ਬਰਬਾਦ ਕਰਨ ਵਾਲਾ ਕੋਈ ‘ਬੰਬ’ ਨਹੀਂ ਸਗੋਂ ਇਕ ‘ਪਟਾਕਾ’ ਹੈ ਜਿਸਨੂੰ ਚਲਾਉਣ ਵਾਲਿਆਂ ਨੇ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਨੂੰ ਨੀਂਦ ’ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘‘ਜਾਗੋ, ਨਾਰਾਜ਼ਗੀ ਦੀਆਂ ਆਵਾਜ਼ਾਂ ਨੂੰ ਸੁਣੋ ਅਤੇ ਪਾਰਟੀ ਨੂੰ ਤਬਾਹ-ਬਰਬਾਦ ਹੋਣ ਤੋਂ ਬਚਾ ਕੇ ਦੇਸ਼ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਮੁਹੱਈਆ ਕਰੋ!’’
-ਵਿਜੇ ਕੁਮਾਰ
ਸੰਸਦ ਸੈਸ਼ਨ ’ਚ ‘ਸਿਫਰ ਕਾਲ’ ਕਿਉਂ ਨਹੀਂ?
NEXT STORY