22 ਅਪ੍ਰੈਲ ਨੂੰ ਅੱਤਵਾਦੀਆਂ ਵਲੋਂ ‘ਪਹਿਲਗਾਮ’ ’ਚ 26 ਹਿੰਦੂ ਸੈਲਾਨੀਆਂ ਦੀ ਹੱਤਿਆ ਤੋਂ ਬਾਅਦ ਕੇਂਦਰ ਸਰਕਾਰ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਅਧੀਨ ਜਿੱਥੇ ਅੱਤਵਾਦੀਆਂ ਦੇ ਅਨੇਕ ਟਿਕਾਣਿਆਂ ਨੂੰ ਤਬਾਹ ਕੀਤਾ ਉਥੇ ਹੀ ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਦੇਸ਼ਧ੍ਰੋਹੀਆਂ ਦੇ ਵਿਰੁੱਧ ਵੀ ਮੁਹਿੰਮ ਚਲਾਈ ਹੋਈ ਹੈ।
ਇਸ ਦੇ ਅਧੀਨ ਅਜਿਹੇ ਗੱਦਾਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਰਿਹੈ ਹੈ, ਜਿਨ੍ਹਾਂ ’ਚ ਸਰਕਾਰੀ ਕਰਮਚਾਰੀ ਅਤੇ ਹੋਰ ਲੋਕ ਸ਼ਾਮਲ ਹਨ। ਇਸੇ ਕੜੀ ’ਚ ਹਾਲ ਹੀ ’ਚ ਅੱਤਵਾਦੀਆਂ ਦੇ 4 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ’ਚ 2 ਸਰਕਾਰੀ ਕਰਮਚਾਰੀ ਵੀ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਰਜ ਹੈ :
* 23 ਅਗਸਤ, 2025 ਨੂੰ ਜੰਮੂ-ਕਸ਼ਮੀਰ ਦੀ ‘ਸਟੇਟ ਇਨਵੈਸਟੀਗੇਸ਼ਨ ਏਜੰਸੀ’ (ਐੱਸ. ਆਈ. ਟੀ.) ਨੇ ਸ਼ੋਪੀਆ ’ਚ ‘ਹਿਜਬ-ਉਲ-ਮੁਜਾਹੀਦੀਨ’ ਦੇ ਇਕ ਮਦਦਗਾਰ ‘ਅਲਤਾਫ ਹੁਸੈਨ ਵਾਗੇ’ ਨੂੰ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਹ ਇਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ’ਚ ਸੀ।
* 24 ਸਤੰਬਰ ਨੂੰ ਜੰਮੂ-ਕਸ਼ਮੀਰ ਪੁਲਸ ਨੇ 22 ਅਪ੍ਰੈਲ ਦੇ ‘ਪਹਿਲਗਾਮ ਅੱਤਵਾਦੀ ਹਮਲੇ’ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਹਥਿਆਰ, ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਸਪਲਾਈ ਕਰਨ ਵਾਲੇ ਉਨ੍ਹਾਂ ਦੇ ਮਦਦਗਾਰ ਅਤੇ ‘ਲਸ਼ਕਰ-ਏ-ਤੋਇਬਾ’ ਦੇ ਮੈਂਬਰ ‘ਮੁਹੰਮਦ ਯੁਸੂਫ ਕਟਾਰੀਆ’ ਨੂੰ ‘ਬ੍ਰਿਨਾਲ ਲਾਮੜ’ ਇਲਾਕੇ ਤੋਂ ਗ੍ਰਿਫਤਾਰ ਕੀਤਾ
‘ਮੁਹੰਮਦ ਯੂਸੁਫ ਕਟਾਰੀਆ’ ਕੁਲਗਾਮ ਦੇ ਉਪਰੀ ਇਲਾਕਿਆਂ ’ਚ ਰਹਿਣ ਵਾਲੇ ਕਬਾਇਲੀ ਭਾਈਚਾਰੇ, ਜਿਨ੍ਹਾਂ ਦੀਆਂ ਝੌਂਪੜੀਆਂ ਪਹਾੜੀ ਖੇਤਰਾਂ ’ਚ ਸਥਿਤ ਹਨ, ਨਾਲ ਸੰਬੰਧ ਰੱਖਦਾ ਹੈ। ਇਹ ਇਲਾਕੇ ‘ਲਸ਼ਕਰ-ਏ-ਤੋਇਬਾ’ ਦੇ ਅੱਤਵਾਦੀਆਂ ਵਲੋਂ ਦੱਖਣੀ ਕਸ਼ਮੀਰ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਣ ਲਈ ਵਰਤੇ ਜਾਂਦੇ ਹਨ।
* 30 ਅਕਤੂਬਰ ਨੂੰ ਸਿੱਖਿਆ ਵਿਭਾਗ ਦੇ 2 ਕਰਮਚਾਰੀਆਂ ‘ਗੁਲਾਮ ਹੁਸੈਨ’ ਅਤੇ ‘ਮਾਜਿਦ ਇਕਬਾਲ ਡਾਰ’ ਨੂੰ ਅੱਤਵਾਦੀ ਸਮੂਹਾਂ ਨਾਲ ਸੰਬੰਧਾਂ ਲਈ ਬਰਖਾਸਤ ਕੀਤਾ ਿਗਆ। ਇਨ੍ਹਾਂ ’ਚੋਂ ‘ਗੁਲਾਮ ਹੁਸੈਨ’ ਰਿਆਸੀ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਕਾਲਵਾ’ ’ਚ ਤਾਇਨਾਤ ਸੀ। ਉਹ ਵੀ ‘ਲਸ਼ਕਰ-ਏ-ਤੋਇਬਾ’ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੂੰ ‘ਲਸ਼ਕਰ-ਏ-ਤੋਇਬਾ’ ਵਲੋਂ ਰਿਆਸੀ ਅਤੇ ਆਸਪਾਸ ਦੇ ਇਲਾਕਿਆਂ ’ਚ ਅੱਤਵਾਦੀ ਨੈੱਟਵਰਕ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਇਸੇ ਤਰ੍ਹਾਂ ਦੂਜੇ ਬਰਖਾਸਤ ਕੀਤੇ ਗਏ ਅੱਤਵਾਦੀਆਂ ਦੇ ਮਦਦਗਾਰ ‘ਮਾਜਿਦ ਇਕਬਾਲ ਡਾਰ’ ਨੂੰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਸਿੱਖਿਆ ਵਿਭਾਗ ’ਚ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਸੀ ਜੋ ਲੈਬੋਰੇਟਰੀ ਅਸਿਸਟੈਂਟ ਦੇ ਰੂਪ ’ਚ ਕੰਮ ਕਰਨ ਦੇ ਨਾਲ-ਨਾਲ ਅੱਤਵਾਦੀ ਸੰਗਠਨ ਲਈ ਕੰਮ ਕਰ ਕੇ ਦੇਸ਼ਧ੍ਰੋਹ ਕਰ ਰਿਹਾ ਸੀ।
ਭਾਰੀ ਬੇਰੁਜ਼ਗਾਰੀ ਦੇ ਦੌਰ ’ਚ ਸਰਕਾਰੀ ਨੌਕਰੀ ਹਾਸਲ ਕਰ ਕੇ ਦੇਸ਼ ਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਅਜਿਹੇ ਲੋਕ ਪਤਾ ਨਹੀਂ ਆਪਣੇ ਹੀ ਕਿੰਨੇ ਲੋਕਾਂ ਨੂੰ ਮਰਵਾ ਅਤੇ ਦੇਸ਼ ਦਾ ਕਿੰਨਾ ਨੁਕਸਾਨ ਕਰਵਾ ਚੁੱਕੇ ਹੋਣਗੇ।
ਹਾਲਾਂਕਿ ਹਾਲ ਹੀ ’ਚ ਉਪ ਰਾਜਪਾਲ ‘ਸ਼੍ਰੀ ਮਨੋਜ ਸਿਨਹਾ’ ਨੇ ਇਕ ਸੁਰੱਖਿਆ ਸਮੀਖਿਆ ਬੈਠਕ ’ਚ ਇੱਥੋਂ ਅੱਤਵਾਦ ਅਤੇ ਉਸ ਦੇ ਸਮਰਥਕਾਂ ਨੂੰ ਜੜ੍ਹੋਂ ਖਤਮ ਕਰਨਾ ਆਪਣੀ ਤਰਜੀਹ ਦੱਸੀ ਅਤੇ ਸੁਰੱਖਿਆ ਬਲ ਅਜਿਹਾ ਕਰ ਵੀ ਰਹੇ ਹਨ, ਪਰ ਇਸ ਕੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ ਕਿਉਂਕਿ ਅਜੇ ਵੀ ਪਤਾ ਨਹੀਂ ਕਿੰਨੇ ਦੇਸ਼ਧ੍ਰੋਹੀ ਬਚੇ ਹੋਏ ਹੋਣਗੇ।
ਇਸ ਲਈ ਜਿੱਥੇ ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਕਰ ਕੇ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਲਈ ਇੱਥੇ ਸਰਗਰਮ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਦੇਸ਼ਧ੍ਰੋਹੀਆਂ ਦਾ ਪਤਾ ਲਗਾ ਕਿ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਅਤੇ ਸਖਤ ਤੋਂ ਸਖਤ ਸਜ਼ਾ ਦੇਣਾ ਬਹੁਤ ਜ਼ਰੂਰੀ ਹੈ।
ਇਸ ਦੇ ਲਈ ਇਸ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ, ਉਥੇ ਹੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਬਾਰੇ ਸੂਚਨਾ ਦੇਣ ਵਾਲੇ ਲੋਕਾਂ ਨੂੰ ਇਨਾਮ ਦੇਣ ਦੀ ਵੀ ਲੋੜ ਹੈ।
–ਵਿਜੇ ਕੁਮਾਰ
ਗੋਪੀਚੰਦ ਹਿੰਦੂਜਾ : ਭਾਰਤੀ ਸੰਸਾਰਕ ਸਮੂਹਾਂ ਲਈ ਮਿਸਾਲ ਕਾਇਮ ਕਰਨ ਵਾਲੇ ਕਾਰੋਬਾਰੀ
NEXT STORY