ਦਾਸਤਾਂ-ਏ-ਪਿਆਜ਼
ਇੱਥੇ ਦਾਲ ਨੂੰ ਪਿਆਜ਼ ਦਾ ਤੜਕਾ ਲਾਇਆ ਜਾਂਦਾ ਹੈ ਸਾਹਮਣੇ ਢਾਬੇ ਤੇ ਲੱਗੇ ਬੋਰਡ ਨੂੰ ਪੜ੍ਹ ਕੇ ਮੇਰੀਆਂ ਵਾਸ਼ਾਂ ਖਿੜ ਗਈਆਂ।ਪਿਆਜ ਦਾ ਤੜਕਾ ਉਹ ਵੀ ਜਦੋਂ ਪਿਆਜ਼ ਅੱਸੀ ਰੁਪਏ ਕਿਲੋ ਨੂੰ ਢੁੱਕ ਰਿਹਾ ਹੋਵੇ। ਮੈਂ ਬਿਨਾਂ ਅੱਗਾ ਪਿੱਛਾ ਦੇਖੇ ਢਾਬੇ ਚ ਵੜ੍ਹ ਜਾਂਦਾ ਹਾਂ। ਤੇ ਰੇਟ ਪੁੱਛੇ ਬਿਨਾ ਹੀ ਇਕ ਦਾਲ ਫਰਾਈ ਦਾ ਆਰਡਰ ਦੇ ਦਿੰਦਾ ਹਾਂ। ਕਈ ਦਿਨ ਹੋ ਗਏ ਪਿਆਜ਼ ਦਾ ਮੂੰਹ ਨਹੀ ਦੇਖਿਆ। ਜ਼ੀਰੇ ਦੇ ਤੜਕੇ ਆਲੀ ਦਾਲ ਖਾ ਖਾ ਕੇ ਸਾਲਾ ਮਨ ਅੱਕਿਆ ਪਿਆ ਹੈ। ਸੋਚਿਆ ਸਲਾਦ ਦੀ ਪਲੇਟ ਤੇ ਪੈਸੇ ਕਿਉਂ ਲਾਉਣੇ ਹਨ। ਇਕੱਲੇ ਪਿਆਜ ਤੇ ਹੀ ਲੂਣ ਭੁੱਕ ਲਵਾਂਗੇ ਤੇ ਰੋਟੀ ਖਾ ਲਵਾਂਗੇ ਪਰ ਇੱਥੇ ਤਾਂ ਘਸੀ ਜਿਹੀ ਜੀਨ ਵਾਲਾ ਵੇਟਰ ਹਰ ਇਕ ਨਾਲ ਬੱਤਮੀਜੀ ਨਾਲ ਪੇਸ਼ ਆ ਰਿਹਾ ਸੀ। ਮੇਰੇ ਨਾਲ ਦੇ ਟੇਬਲ ਤੇ ਬੈਠੇ ਸਰਦਾਰ ਜੀ ਨੇ ਜਦੋਂ ਗੰਢਾ ਮੰਗਿਆ ਤਾਂ ਉਹ ਛਾਲ ਮਾਰ ਕੇ ਪੈ ਗਿਆ। ਪਤਾ ਨਹੀਂ ਕੀ ਕੁਝ ਬੋਲ ਗਿਆ ਹਿੰਦੀ ਪੰਜਾਬੀ ਵਿਚ। ਸਰਦਾਰ ਜੀ ਵਿਚਾਰਾ ਚੁੱਪ ਕਰ ਗਿਆ। ਸੋਚਦਾ ਹੋਣਾ ਹੈ ਕਿਉਂ ਦੋ ਟਕੇ ਦੇ ਭਈਏ ਦੇ ਮੂੰਹ ਲੱਗਣਾ ਹੈ।ਰੋਟੀ ਖਾ ਕੇ ਉਹ ਤੁਰਦਾ ਬਣਿਆ।
ਰੋਟੀ ਆ ਗਈ ਤੇ ਫਿੱਕੀ ਜਿਹੀ ਦਾਲ , ਖਾਣ ਨੂੰ ਵੱਢੀ ਰੂਹ ਨਾ ਕਰੇ। ਬੁਰਕੀ ਲਬੇੜ ਲਬੇੜ ਕੇ ਢਿੱਡ ਭਰ ਲਿਆ। ਮੇਰੇ ਮੇਜ਼ ਦੇ ਨਾਲ ਹੀ ਲਿਖਿਆ ਸੀ ਨਮਕ ਸਵਾਦ ਅਨੁਸਾਰ ਤੇ ਪਿਆਜ਼ ਅੋਕਾਤ ਅਨੁਸਾਰ।' ਵਾਕਿਆ ਹੀ ਆਮ ਆਦਮੀ ਦੀ ਕੀ ਅੋਕਾਤ ਉਹ ਪਿਆਜ਼ ਖਾ ਲਵੇ। ਅੱਠ ਰੁਪਏ ਦੇ ਸੋ ਗਰਾਮ ਪਿਆਜ਼। ਗਰੀਬ ਆਦਮੀ ਬਾਰੇ ਕਿਹਾ ਜਾਂਦਾ ਹੈ ਕਿ ਏਨੀਆਂ ਮਹਿੰਗੀਆਂ ਸਬਜੀਆਂ ਨਾਲ ਰੋਟੀ ਤਾਂ ਨਹੀ ਖਾ ਸਕਦਾ ਚਲੋ ਪਿਆਜ਼ ਨਾਲ ਡੰਗ ਟਪਾ ਲਵੇਗਾ। ਪਰ ਹੁਣ ਤਾਂ ਇਹ ਪਿਆਜ਼ ਵੀ ਪਹੁੰਚ ਤੋਂ ਦੂਰ ਚਲਾ ਗਿਆ। ਵਿਚਾਰੀਆਂ ਤੋਰੀਆਂ, ਸਿਮਲਾ ਮਿਰਚ, ਅਰਬੀ ਤੇ ਖੱਖੜੀਆ ਖਰਬੂਜੇ ਹਨ ਜੋ ਬਿਨਾ ਪਿਆਜ ਤੋਂ ਬਣ ਜਾਂਦੇ ਹਨ। ਪਿਆਜ਼ ਨਾਲੋਂ ਤਾਂ ਸਾਇਦ ਇਹਨਾ ਸਬਜੀਆਂ ਨਾਲ ਰੋਟੀ ਖਾਣੀ ਸਸਤੀ ਹੋਵੇਗੀ । ਆਮ ਆਦਮੀ ਦੀ ਕਿੱਥੇ ਪਾਹੁੰਚ ਪਿਆਜ਼ ਖਾਣ ਦੀ।
ਹੁਣ ਤੇ ਲੱਗਦਾ ਹੈ ਐਤਕੀ ਦਿਵਾਲੀ ਤੇ ਲੋਕੀ ਪਿਆਜ਼ ਦੇਣਗੇ ਗਿਫਟ ਵਿਚ। ਮਿਠਾਈ ਤਾਂ ਨਕਲੀ ਮਿਲਦੀ ਹੈ। ਰਸਾਇਣਕ ਦੁੱਧ ਤੋਂ ਖੋਆ ਤਿਆਰ ਕੀਤਾ ਜਾਂਦਾ ਹੈ। ਨਿਰਾ ਜਹਿਰ ਹੁੰਦਾ ਹੈ। ਸਿਹਤ ਦਾ ਵੀ ਨੁਕਸਾਨ ਕਰਦਾ ਹੈ ਪਰ ਪਿਆਜ਼ 'ਚ ਅਜੇਹਾ ਕੁਝ ਨਹੀ ਹੋਵੇਗਾ। ਪਿਆਜ਼ ਤੇ ਸੁੱਧ ਤਾਜਾ ਖਾਲਸ ਮਿਲੇਗਾ। ਕੋਈ ਮਿਲਾਵਟ ਨਹੀ। ਹਰ ਘਰ ਦੇ ਕੰਮ ਆਉਣ ਵਾਲਾ ਪਿਆਜ਼। ਅਮੀਰ ਗਰੀਬ ਦੀ ਰਸੋਈ ਦੀ ਜਰੂਰਤ ਹੈ ਪਿਆਜ਼। ਇਸ ਨੂੰ ਤਾਂ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹਨ।ਮੋਟਾਪੇ ਬਲੱਡ ਪ੍ਰੇਸ਼ਰ ਦੇ ਸ਼ਿਕਾਰ ਵੀ। ਦੀਵਾਲੀ ਤਾਂ ਦੂਰ ਹੈ ਅਜੇ। ਲੋਕੀ ਰੱਖੜੀ ਤੇ ਹੀ ਭੈਣਾਂ ਨੂੰ ਪਿਆਜ਼ ਗਿਫਟ ਕਰਨਗੇ ।ਭੈਣਾ ਪਿਆਜ਼ ਚੋਂ ਆਪਣੇ ਭਰਾਵਾਂ ਦੀ ਝਲਕ ਵੇਖਣਗੀਆਂ। ਭੈਣਾਂ ਰੱਖੜੀ ਦੇ ਨਾਲ ਨਾਰੀਅਲ ਦੀ ਬਜਾਏ ਪਿਆਜ਼ ਦੇਣਗੀਆਂ। ਪੇਕਿਆ ਤੋਂ ਆਏ ਪਿਆਜ਼ ਅੋਰਤਾਂ ਬੜਾ ਸੰਭਲ ਸੰਭਲ ਕੇ ਵਰਤਣ ਗੀਆਂ।
ਚਾਰ ਤੋਂ ਛੇ ਰੁਪਏ ਵਿਕਣ ਵਾਲਾ ਪਿਆਜ਼ 15 ਗੁਣਾ ਮਹਿੰਗਾ ਹੋ ਗਿਆ। ਸੋਨਾ ਵੀ ਬੱਤੀ ਹਜਾਰੀ ਹੋ ਕੇ ਫਿਰ ਛੱਬੀ ਹਜਾਰੀ ਹੋ ਗਿਆ। ਚਾਂਦੀ ਵੀ 75 ਹਜ਼ਾਰ ਕਿਲੋ ਤੋਂ ਚਾਲੀ ਹਜਾਰ ਤੇ ਆ ਗਈ। ਪਰ ਪਿਆਜ਼ ਦੀ ਛਲਾਂਗ ਨੇ ਤਾਂ ਮਨਮੋਹਨ ਤੇ ਮੋਂਟੇਕ ਦੋਹਾਂ ਦਾ ਅਰਥ ਸ਼ਾਸਤਰ ਫੇਲ ਕਰਤਾ।ਲੋਕੀ ਰਿਸ਼ਵਤ ਵਿਚ ਪਿਆਜ਼ ਦੀ ਮੰਗ ਕਰਣਗੇ। ਨੇਤਾ ਲੋਕ ਦੋ ਨੰਬਰ ਦੀ ਕਾਲੀ ਕਮਾਈ ਨੂੰ ਪਿਆਜ਼ ਦੇ ਰੂਪ ਵਿਚ ਸੰਭਾਲਣਗੇ। ਘਪਲਿਆਂ ਨੂੰ ਪਿਆਜ਼ ਦੇ ਹਿਸਾਬ ਨਾਲ ਦੇਖਿਆ ਜਾਵੇ ਗਾ। ਹੋਰ ਤਾਂ ਹੋਰ ਦਾਜ ਵਿੱਚ ਪਿਆਜ਼ ਮੰਗਣ ਦਾ ਇਲਜਾਮ ਲਗਾਕੇ ਲੋਕ ਆਪਣੀ ਲੜਕੀ ਦੇ ਸਹੁਰਿਆ ਨੂੰ ਜੇਲ ਦਾ ਡਰਾਵਾ ਦਿਖਾ ਕੇ ਤਲਾਕ ਦੀ ਆਪਣੀ ਮੰਗ ਪੂਰੀ ਕਰਣਗੇ। ਆਪਣੇ ਜਵਾਈ ਤੇ ਪਿਆਜ਼ ਮੰਗਣ ਦਾ ਝੂਠਾ ਇਲਜਾਮ ਲਾਉਣ ਤੋਂ ਗੁਰੇਜ ਨਹੀ ਕਰਣਗੇ।
ਮੋਦੀ ਦੀ ਡਗਮਗਾਉਂਦੀ ਬੇੜੀ ਨੂੰ ਪਿਆਜ਼ ਦੇਵਤਾ ਨੇ ਆਪਣਾ ਆਸ਼ੀਰਵਾਦ ਦੇ ਦਿੱਤਾ ਹੈ। 2014 ਦੇ ਯੁੱਧ ਨੂੰ ਅਮਰੀਕਾ ਦੀਆਂ ਚਾਲਾਂ ਨਾਲ ਨਹੀਂ ਪਿਆਜ਼ ਦੀਆਂ ਨੀਤੀਆਂ ਨਾਲ ਲੜਿਆ ਜਾਵੇਗਾ। ਪਿਆਜ਼ ਨੂੰ ਲੈ ਕੇ ਨਵੇਂ-ਨਵੇਂ ਡਰਾਮੇ ਕੀਤੇ ਜਾਣਗੇ। ਵਿਦੇਸ਼ਾਂ ਤੋਂ ਸਸਤਾ ਪਿਆਜ਼ ਮੰਗਾਉਣ ਦੇ ਝੂਠੇ ਲਾਰੇ ਲਾਏ ਜਾਣਗੇ। ਵਿਰੋਧੀ ਪਾਰਟੀਆਂ ਪਿਆਜ਼ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਣਗੀਆਂ। ਸਰਕਾਰ ਪਿਆਜ਼ ਦੇ ਮਾਮਲੇ ਵਿਚ ਵਿਦੇਸ਼ੀ ਹੱਥ ਹੋਣ ਦਾ ਰੋਣਾ ਰੋਏਗੀ। ਕਿਸੇ ਨੂੰ ਕੁਝ ਫਰਕ ਨਹੀ ਪਵੇਗਾ। ਬਸ ਪਿਆਜ਼ ਗਰੀਬ ਦਾ ਸੁਪਨਾ ਬਣ ਕੇ ਰਹਿ ਜਾਵੇਗਾ। ਲੋਕਾਂ ਦਾ ਧਿਆਨ ਹੋਰ ਪਾਸਿਉ ਹੱਟ ਕੇ ਬਸ ਪਿਆਜ਼ ਤੇ ਹੀ ਟਿੱਕ ਜਾਵੇਗਾ। ਕੋਈ ਵੀ ਚਾਰਾ ਘੋਟਾਲਾ, ਕੋਇਲਾ ਸਕੈਮ, ਬਾਰੇ ਨਹੀ ਸੋਚੇਗਾ। ਬਸ ਪਿਆਜ਼ ਹੀ ਪਿਆਜ਼ ਦੀ ਚਰਚਾ ਹੋਵੇਗੀ। ਮੇਰੀ ਅੱਖ ਖੁੱਲ੍ਹਦੀ ਹੈ ਤਾਂ ਯਾਦ ਆਉਂਦਾ ਹੈ ਕਿ ਸਾਹਿਬਾਂ ਨੇ ਕਿਹਾ ਸੀ ਕਿ ਬਾਜਾਰ ਜਾਉਂ ਤਾਂ ਕਿਲੋ ਕੁ ਪਿਆਜ਼ ਲੈ ਆਇਓ। ਮੈਂ ਘੇਸਲ ਜਿਹੀ ਵੱਟ ਕੇ ਸੋਫੇ ਤੇ ਲੇਟ ਗਿਆ ਤੇ ਮੇਰੀ ਅੱਖ ਲੱਗ ਗਈ। ਹੁਣ ਤਾਂ ਸੁਤਿਆਂ ਨੂੰ ਵੀ ਪਿਆਜ਼ ਦੇ ਸੁਪਨੇ ਆਉਂਦੇ ਹਨ।
ਰਮੇਸ਼ ਸੇਠੀ ਬਾਦਲ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਗਰੀਬ ਆਦਮੀ ਦੇ ਚੰਗੇ ਦਿਨ...
NEXT STORY