ਜੇਕਰ ਭਾਰਤ ਦਾ ਲੋਕਤੰਤਰ ਇਕ ਵਿਅਕਤੀ, ਇਕ ਵੋਟ ਦੇ ਸਿਧਾਂਤ ’ਤੇ ਆਧਾਰਿਤ ਹੈ, ਤਾਂ ਚੋਣਾਂ ਇਕ ਪਰਿਵਾਰ ’ਤੇ ਨਿਰਭਰ ਕਰਦੀਆਂ ਹਨ, ਭਾਵੇਂ ਉਹ ਮਹਾਰਾਸ਼ਟਰ, ਝਾਰਖੰਡ ਜਾਂ ਕੋਈ ਹੋਰ ਸੂਬਾ ਹੋਵੇ। ਹਾਲਾਂਕਿ, ਇਸ ਵਾਰ ਸਭ ਦੀਆਂ ਨਜ਼ਰਾਂ ਕੇਰਲ ਦੀ ਵਾਇਨਾਡ ਸੀਟ ਦੀ ਉਪ ਚੋਣ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਕਾਂਗਰਸ ਨੇ ਨਹਿਰੂ-ਗਾਂਧੀ ਪਰਿਵਾਰ ਦੀ ਪ੍ਰਿਅੰਕਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਕਿਉਂਕਿ ਰਾਹੁਲ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।
35 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਪਰ ਸਿਆਸਤ ਵਿਚ ਇਸ ਨੂੰ ਲੰਮਾ ਸਮਾਂ ਨਹੀਂ ਮੰਨਿਆ ਜਾਂਦਾ। ਪ੍ਰਿਅੰਕਾ ਗਾਂਧੀ 35 ਸਾਲਾਂ ਤੋਂ ਚੋਣ ਪ੍ਰਚਾਰ ਕਰ ਰਹੀ ਹੈ। ਆਪਣੀ ਜਾਣ-ਪਛਾਣ ਵਿਚ ਉਸ ਨੇ ਆਪਣੇ ਲਈ ਜਨਤਾ ਦੀ ਹਮਾਇਤ ਮੰਗੀ ਹੈ। ਉਸ ਨੇ ਰਸਮੀ ਤੌਰ ’ਤੇ 2019 ਵਿਚ ਸਿਆਸਤ ਵਿਚ ਪ੍ਰਵੇਸ਼ ਕੀਤਾ ਅਤੇ ਕਾਂਗਰਸ ਦੀ ਜਨਰਲ ਸਕੱਤਰ ਬਣੀ ਅਤੇ ਇਸ ਤੋਂ ਬਾਅਦ ਉਸ ਨੂੰ ਉੱਤਰ ਪ੍ਰਦੇਸ਼ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਸਾਲ ਚੋਣ ਇੰਚਾਰਜ ਵਜੋਂ ਉਸ ਨੂੰ ਹਿਮਾਚਲ ਵਿਚ ਸ਼ਾਨਦਾਰ ਜਿੱਤ ਮਿਲੀ।
ਬਿਨਾਂ ਸ਼ੱਕ ਉਹ ਇਕ ਕ੍ਰਿਸ਼ਮਈ ਨੇਤਾ ਹੈ ਅਤੇ ਉਸ ਦੀ ਦਿੱਖ ਉਸ ਦੀ ਦਾਦੀ ਇੰਦਰਾ ਵਰਗੀ ਹੈ। ਉਸ ਕੋਲ ਸਪੱਸ਼ਟਤਾ ਅਤੇ ਸਵੈ-ਭਰੋਸਾ ਹੈ ਅਤੇ ਉਹ ਲੋਕਾਂ ਨਾਲ ਜਲਦੀ ਜੁੜ ਜਾਂਦੀ ਹੈ। ਗਾਂਧੀ ਪਰਿਵਾਰ ਦੇ ਇਕ ਵਫ਼ਾਦਾਰ ਆਗੂ ਦਾ ਕਹਿਣਾ ਹੈ ਕਿ ਉਹ ਜਨਮ ਤੋਂ ਹੀ ਸਿਆਸੀ ਤੌਰ ’ਤੇ ਨਿਪੁੰਨ ਹੈ ਅਤੇ ਭੀੜ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ, ਜਦਕਿ ਰਾਹੁਲ ਗਾਂਧੀ ਨਰਮ ਸੁਭਾਅ ਦੇ ਹਨ।
ਹਾਲਾਂਕਿ, ਉਨ੍ਹਾਂ ਦਾ ਸਿਆਸੀ ਜੀਵਨ ਅਜੇ ਵੀ ਕੋਈ ਖਾਸ ਵਰਨਣਯੋਗ ਨਹੀਂ ਹੈ। ਉਸ ਕੋਲ ਕੋਈ ਸਰਗਰਮ ਸਿਆਸੀ ਤਜਰਬਾ ਨਹੀਂ ਹੈ। ਉਹ ਸਿਰਫ਼ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਚੋਣ ਪ੍ਰਬੰਧਕ ਰਹੀ ਹੈ ਅਤੇ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਦੌਰਾਨ ਕੁਝ ਭਾਸ਼ਣ ਵੀ ਦਿੱਤੇ ਹਨ। ਇਸ ਨਾਲ ਸਵਾਲ ਉੱਠਦਾ ਹੈ ਕਿ ਪ੍ਰਿਅੰਕਾ ਦੀ ਚੋਣ ਮੁਹਿੰਮ ਕਿੰਨੀ ਤਿੱਖੀ ਹੋਵੇਗੀ? ਕੀ ਉਸ ਲਈ ਜਿੱਤਣਾ ਸੌਖਾ ਹੋਵੇਗਾ, ਖਾਸ ਕਰ ਕੇ ਇਸ ਲਈ ਵੀ ਕਿ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਕਈ ਘਪਲਿਆਂ ਨਾਲ ਜੁੜੇ ਹੋਏ ਹਨ? ਕੀ ਉਹ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਬੇਲਚੀ ਕਤਲੇਆਮ ਦਾ ਸਿਆਸੀ ਲਾਹਾ ਲੈ ਸਕੇਗੀ? ਹਾਲਾਂਕਿ ਵਾਇਨਾਡ ਉਸ ਲਈ ਸੁਰੱਖਿਅਤ ਸੀਟ ਹੈ। ਵਾਇਨਾਡ ਹਲਕਾ ਕੁਦਰਤੀ ਆਫ਼ਤ ਦੀ ਮਾਰ ਹੇਠ ਰਿਹਾ ਹੈ ਅਤੇ ਇੱਥੇ ਸਖ਼ਤ ਸਿਆਸਤ ਦੀ ਲੋੜ ਹੈ।
ਵਾਇਨਾਡ ਤੋਂ ਪ੍ਰਿਅੰਕਾ ਨੂੰ ਮੈਦਾਨ ਵਿਚ ਉਤਾਰਨ ’ਤੇ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਉਸ ਆਲੋਚਨਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿਚ ਗਾਂਧੀ ਪਰਿਵਾਰ ਨੇ ਦੱਖਣ ਨੂੰ ਨਜ਼ਰਅੰਦਾਜ਼ ਕੀਤਾ ਸੀ, ਹਾਲਾਂਕਿ ਕਾਂਗਰਸ ਨੂੰ ਇਸ ਖੇਤਰ ਤੋਂ ਸਿਆਸੀ ਲਾਭ ਮਿਲ ਰਿਹਾ ਹੈ। ਪ੍ਰਿਅੰਕਾ ਦੇ ਸਿਆਸਤ ਵਿਚ ਦਾਖਲੇ ਨਾਲ ਨਾ ਸਿਰਫ਼ ਵਰਕਰਾਂ ਵਿਚ ਜੋਸ਼ ਭਰੇਗਾ, ਸਗੋਂ ਉਹ ਇਹ ਵੀ ਸੁਨੇਹਾ ਦੇਵੇਗੀ ਕਿ ਉਹ ਆਪਣੇ ਭਰਾ ਦੇ ਪਰਛਾਵੇਂ ਤੋਂ ਬਾਹਰ ਆ ਗਈ ਹੈ ਅਤੇ ਆਪਣੇ ਭਰਾ ਅਤੇ ਮਾਂ ਨਾਲ ਮਿਲ ਕੇ ਕਾਂਗਰਸ ਲੀਡਰਸ਼ਿਪ ’ਤੇ ਨਹਿਰੂ-ਗਾਂਧੀ ਪਰਿਵਾਰ ਦੀ ਪਕੜ ਮਜ਼ਬੂਤ ਕਰੇਗੀ ਅਤੇ ਪਾਰਟੀ ਦਾ ਭਵਿੱਖ ਤੈਅ ਕਰਨ ’ਚ ਆਪਣੀ ਭੂਮਿਕਾ ਦੀ ਪੁਸ਼ਟੀ ਕਰ ਰਹੀ ਹੈ।
ਦੇਖਣਾ ਇਹ ਹੋਵੇਗਾ ਕਿ ਉਹ ਵੋਟਰਾਂ ਦਾ ਦਿਲ ਜਿੱਤਦੀ ਹੈ ਜਾਂ ਨਹੀਂ। ਉਨ੍ਹਾਂ ਦੀ ਮੌਜੂਦਗੀ ਦਾ ਕਾਂਗਰਸ ਨੂੰ ਫਾਇਦਾ ਹੋਵੇਗਾ। ਪ੍ਰਿਅੰਕਾ ਰਾਹੁਲ ਗਾਂਧੀ ਦੇ ਅਕਸ ਨੂੰ ਪ੍ਰਭਾਵਿਤ ਕੀਤੇ ਬਿਨਾਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੇ ਵਿਰੋਧੀ ਰਾਹੁਲ ਗਾਂਧੀ ਦੀ ਉਸ ਟਿੱਪਣੀ ਦੀ ਆਲੋਚਨਾ ਕਰ ਰਹੇ ਹਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪ੍ਰਿਅੰਕਾ ਨੂੰ ਚੁਣ ਕੇ ਵਾਇਨਾਡ ਦੇ ਲੋਕ ਇਹ ਯਕੀਨੀ ਬਣਾਉਣਗੇ ਕਿ ਵਾਇਨਾਡ ਨੂੰ ਦੋ ਸੰਸਦ ਮੈਂਬਰ ਮਿਲਣਗੇ, ਇਕ ਅਧਿਕਾਰਤ ਅਤੇ ਇਕ ਗੈਰ-ਅਧਿਕਾਰਤ। ਸ਼ਾਇਦ ਉਹ ਇਸ ਹਲਕੇ ਪ੍ਰਤੀ ਭੈਣ-ਭਰਾ ਦੇ ਸਮਰਪਣ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਬਿਆਨ ਦਾ ਅਰਥ ਇਹ ਕੱਢਿਆ ਗਿਆ ਕਿ ਪ੍ਰਿਅੰਕਾ ਰਾਹੁਲ ਦੀ ਪ੍ਰੌਕਸੀ ਹੋਵੇਗੀ।
ਪ੍ਰਿਅੰਕਾ ਦੇ ਚੋਣ ਸਿਆਸਤ ਵਿਚ ਦਾਖਲੇ ਦਾ ਇਕ ਪਹਿਲੂ ਇਹ ਵੀ ਹੈ ਕਿ ਜੇਕਰ ਉਹ ਰਾਹੁਲ ਨੂੰ ਪਛਾੜ ਕੇ ਉਸ ਨੂੰ ਬੇਕਾਰ ਸਾਬਤ ਕਰ ਦਿੰਦੀ ਹੈ ਅਤੇ ਸੱਤਾ ਦਾ ਕੇਂਦਰ ਬਣ ਜਾਂਦੀ ਹੈ ਤਾਂ ਇਹ ਕਾਂਗਰਸ ਲਈ ਤਬਾਹਕੁੰਨ ਹੋ ਸਕਦਾ ਹੈ। ਇਕ ਪੁਰਾਣੇ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਇਸ ਤੋਂ ਇਲਾਵਾ ਉਹ ਨਾ ਤਾਂ ਇੰਦਰਾ ਹਨ ਅਤੇ ਨਾ ਹੀ ਸੋਨੀਆ, ਜਿਨ੍ਹਾਂ ਨੇ ਕਾਂਗਰਸ ਦੀ ਕਿਸਮਤ ਰੌਸ਼ਨ ਕੀਤੀ ਸੀ। ਉਨ੍ਹਾਂ ਦੀ ਬੌਧਿਕ ਸਮਰੱਥਾ ਦੀ ਅਜੇ ਤੱਕ ਪਰਖ ਨਹੀਂ ਕੀਤੀ ਗਈ ਹੈ। ਇਹ ਠੀਕ ਹੈ ਕਿ ਉਹ ਪਰਿਵਾਰਕ ਗੜ੍ਹ ਵਿਚ ਕਾਮਯਾਬ ਰਹੀ ਹੈ, ਪਰ ਉਹ ਗੜ੍ਹ ਪੂਰੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦਾ।
ਪ੍ਰਿਅੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਦੇ ਵਿਵਾਦਿਤ ਜ਼ਮੀਨੀ ਸੌਦਿਆਂ ਅਤੇ ਨਾਜਾਇਜ਼ ਕਮਾਈ ਦਾ ਬਚਾਅ ਕਰ ਰਹੀ ਹੈ। ਕਾਂਗਰਸ ਦੇ ਪਹਿਲੇ ਜਵਾਈ ਰਾਜਾ ’ਤੇ ਦਿੱਲੀ ਸਥਿਤ ਇਮਾਰਤ ਨਿਰਮਾਣ ਕੰਪਨੀ ਡੀ. ਐੱਲ. ਐੱਫ. ਤੋਂ ਨਾਜਾਇਜ਼ ਲਾਭ ਲੈਣ ਦਾ ਦੋਸ਼ ਹੈ, ਜਿੱਥੇ ਉਸ ਦੀ ਜਾਇਦਾਦ 2007 ਵਿਚ 50 ਲੱਖ ਰੁਪਏ ਤੋਂ ਵਧ ਕੇ 2012 ਵਿਚ 300 ਕਰੋੜ ਰੁਪਏ ਹੋ ਗਈ ਸੀ।
ਪ੍ਰਿਅੰਕਾ ਨੇ ਰਾਬਰਟ ਵਾਡਰਾ ਦੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 37 ਕਰੋੜ ਰੁਪਏ ਅਤੇ 27 ਕਰੋੜ ਰੁਪਏ ਦੱਸੀ ਹੈ। ਇੰਨਾ ਹੀ ਨਹੀਂ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਾਡਰਾ ’ਤੇ ਮਨੀ ਲਾਂਡਰਿੰਗ ਅਤੇ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ੀ ਸੰਪਤੀਆਂ ਹਾਸਲ ਕਰਨ ਦਾ ਦੋਸ਼ ਲਾਇਆ ਹੈ, ਜਿਸ ਵਿਚ 2005 ਤੋਂ 2010 ਦਰਮਿਆਨ ਯੂ. ਪੀ. ਏ. ਸਰਕਾਰ ਦੌਰਾਨ ਰੱਖਿਆ ਅਤੇ ਪੈਟਰੋਲੀਅਮ ਸੌਦਿਆਂ ਵਿਚ ਰਿਸ਼ਵਤ ਦੀ ਕਮਾਈ ਵਿਚ ਦੋ ਵੱਡੀਆਂ ਜਾਇਦਾਦਾਂ ਅਤੇ ਲੰਡਨ ਵਿਚ 12 ਮਿਲੀਅਨ ਪੌਂਡ ਦੇ ਛੇ ਫਲੈਟ ਵੀ ਸ਼ਾਮਲ ਹਨ। ਵਾਡਰਾ ਖਿਲਾਫ ਰਾਜਸਥਾਨ ਦੇ ਬੀਕਾਨੇਰ ’ਚ ਨਿਯਮਾਂ ਦੇ ਖਿਲਾਫ 275 ਵਿੱਘੇ ਜ਼ਮੀਨ ਖਰੀਦਣ ਦੇ ਮਾਮਲੇ ’ਚ ਵੀ ਜਾਂਚ ਚੱਲ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 2015 ਵਿਚ ਇਸ ਸਬੰਧ ਵਿਚ ਕੇਸ ਦਰਜ ਕੀਤਾ ਸੀ।
ਹੁਣ ਪ੍ਰਿਅੰਕਾ ਦੀ ਚੋਣ ਸਿਆਸਤ ਵਿਚ ਐਂਟਰੀ ਨਾਲ ਵਾਡਰਾ ਦੇ ਕਥਿਤ ਗਲਤ ਸੌਦਿਆਂ ਦਾ ਮਾਮਲਾ ਫਿਰ ਤੋਂ ਉੱਠੇਗਾ, ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਖਿਲਾਫ ਜਾਂਚ ਚੱਲ ਰਹੀ ਹੈ। ਬਿਨਾਂ ਸ਼ੱਕ ਵਾਡਰਾ ਪ੍ਰਿਅੰਕਾ ਦੇ ਸਿਰ ’ਤੇ ਲਟਕਦੀ ਤਲਵਾਰ ਵਾਂਗ ਹੈ। ਕਾਂਗਰਸ ਦੇ ਸੀਨੀਅਰ ਆਗੂ ਵੀ ਚਿੰਤਤ ਹਨ ਕਿ ਕੀ ਬੇਬਾਕ ਵਾਡਰਾ ਪਿਛੋਕੜ ਵਿਚ ਰਹੇਗਾ ਜਾਂ ਜਨਤਕ ਬਿਆਨ ਦੇਣੇ ਸ਼ੁਰੂ ਕਰ ਦੇਵੇਗਾ ਕਿਉਂਕਿ ਉਹ ਕਈ ਵਾਰ ਚੋਣ ਲੜਨ ਦੀ ਇੱਛਾ ਜ਼ਾਹਿਰ ਕਰ ਚੁੱਕਾ ਹੈ।
ਪ੍ਰਿਅੰਕਾ ਨੂੰ ਇਹ ਵੀ ਧਿਆਨ ਵਿਚ ਰੱਖਣਾ ਪਵੇਗਾ ਕਿ ਸਿਆਸਤ ਕੋਈ ਪਾਰਟ-ਟਾਈਮ ਕਾਰੋਬਾਰ ਨਹੀਂ ਹੈ ਅਤੇ ਸਫਲਤਾ ਮੀਡੀਆ ਸਪੇਸ ਰਾਹੀਂ ਨਹੀਂ, ਸਗੋਂ ਵੋਟਾਂ ਰਾਹੀਂ ਪ੍ਰਾਪਤ ਹੁੰਦੀ ਹੈ। ਭਾਵੇਂ ਉਹ ਅੱਜ ਕਾਂਗਰਸ ਦੀ ਸਿਆਸੀ ਦੋਮੇਲ ਵਿਚ ਸਤਰੰਗੀ ਪੀਂਘ ਵਾਂਗ ਹੈ ਪਰ ਉਸ ਨੂੰ ਹਕੀਕਤ ਦਾ ਸਾਹਮਣਾ ਕਰਨਾ ਪਵੇਗਾ।
ਸਿਆਸਤ ਇਕ ਵੱਡਾ ਜੂਆ ਹੈ, ਜੋ ਕਿਸੇ ਵੀ ਪਾਸੇ ਉਲਟ ਸਕਦਾ ਹੈ। ਪ੍ਰਿਅੰਕਾ ਨੂੰ ਹਮੇਸ਼ਾ ਪ੍ਰਚਾਰ ਕਰਨ ਵਾਲੀ ਭੈਣ ਦੀ ਭੂਮਿਕਾ ਤੋਂ ਬਾਹਰ ਆ ਕੇ ਸਿਆਸਤ ਵਿਚ ਆਪਣੀ ਥਾਂ ਪੱਕੀ ਕਰਨੀ ਪਵੇਗੀ। ਉਸ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਸ ਦੀ ਕਾਬਲੀਅਤ ਦਾ ਫੈਸਲਾ ਵਾਇਨਾਡ ਅਤੇ ਹੋਰ ਚੋਣ ਜਿੱਤਾਂ ਨਾਲ ਕੀਤਾ ਜਾਵੇਗਾ। ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਂ ਲੈ ਕੇ ਚੋਣਾਂ ਜਿੱਤ ਸਕਦੇ ਹੋ, ਪਰ ਕਿੰਨੀਆਂ ਚੋਣਾਂ ਅਤੇ ਕਿੰਨੀ ਦੇਰ ਲਈ? ਉਸ ਨੂੰ ਆਪਣੇ ਆਪ ਨੂੰ ਇਕ ਆਗੂ ਵਜੋਂ ਸਾਬਤ ਕਰਨਾ ਪਵੇਗਾ ਕਿ ਉਹ ਪਾਰਟੀ ਵਿਚ ਇਕ ਨਵੀਂ ਜਾਨ ਫੂਕ ਸਕਦੀ ਹੈ।
ਕਾਂਗਰਸ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਸਭ ਤੋਂ ਵਧੀਆ ਸਿਆਸੀ ਪ੍ਰਣਾਲੀ ਆਜ਼ਾਦ, ਨਿਰਪੱਖ ਅਤੇ ਨਿਯਮਿਤ ਪਾਰਟੀ ਚੋਣਾਂ ਕਰਵਾਉਣਾ ਹੈ। ਥੋੜ੍ਹੇ ਸਮੇਂ ਦੇ ਵੰਸ਼ਵਾਦ ਦੇ ਫਾਇਦੇ ਲੰਬੇ ਸਮੇਂ ਲਈ ਪਾਰਟੀ ਲਈ ਮੌਤ ਦੀ ਘੰਟੀ ਸਾਬਤ ਹੋਣਗੇ। ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਕੁਝ ਆਤਮ ਚਿੰਤਨ ਕਰੇ। ਨਹੀਂ ਤਾਂ ਸਾਨੂੰ ਇਕ ਅਜਿਹੀ ਸਿਆਸੀ ਰਸਾਤਲ ਵਿਚ ਹੀ ਰਹਿਣਾ ਪਵੇਗਾ ਜੋ ਭਰਾ-ਭੈਣ ਅਤੇ ਜਾਗੀਰਦਾਰੀ ਕਾਂਗਰਸ ਦੇ ਉਭਾਰ ਦਾ ਸਵਾਗਤ ਕਰਦੀ ਹੈ।
-ਪੂਨਮ ਆਈ. ਕੌਸ਼ਿਸ਼
ਜੰਮੂ-ਕਸ਼ਮੀਰ ’ਚ ਲੋਕਤੰਤਰ ਦੀ ਬਹਾਲੀ ਪਿੱਛੋਂ ਅੱਤਵਾਦੀ ਹਮਲਿਆਂ ’ਚ ਆਈ ਤੇਜ਼ੀ
NEXT STORY