ਜੰਮੂ-ਕਸ਼ਮੀਰ ’ਚ 10 ਸਾਲ ਪਿੱਛੋਂ ਹੋਈਆਂ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਣ ਅਤੇ ਉਮਰ ਅਬਦੁੱਲਾ ਵਲੋਂ 16 ਅਕਤੂਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਪਿੱਛੋਂ ਇੱਥੇ ਲੋਕਤੰਤਰੀ ਸਰਕਾਰ ਦੀ ਬਹਾਲੀ ਅਤੇ ਸ਼ਾਂਤੀ ਕਾਇਮ ਹੋਣ ਦੀ ਆਸ ਬੱਝੀ ਸੀ, ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਹ ਸਹੁੰ ਚੁੱਕ ਸਮਾਗਮ ਦੇ ਤੁਰੰਤ ਪਿੱਛੋਂ ਸੂਬੇ ’ਚ ਹੋਈਆਂ ਅੱਤਵਾਦੀ ਹਿੰਸਾ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 18 ਅਕਤੂਬਰ ਨੂੰ ਸ਼ੋਪੀਆਂ ਦੇ ‘ਵੰਦਾਨਾ ਮਲਹੋਰੇ’ ਇਲਾਕੇ ’ਚ ਅੱਤਵਾਦੀਆਂ ਨੇ ਇਕ ਗੈਰ-ਸਥਾਨਕ ਵਿਅਕਤੀ ਬਿਹਾਰ ਨਿਵਾਸੀ ਮੱਕੀ ਵੇਚਣ ਵਾਲੇ ਦੀ ਹੱਤਿਆ ਕਰ ਦਿੱਤੀ।
* 20 ਅਕਤੂਬਰ ਨੂੰ ਅੱਤਵਾਦੀਆਂ ਨੇ ਗਾਂਦਰਬਲ ’ਚ ਸੁਰੰਗ ਨਿਰਮਾਣ ’ਚ ਲੱਗੇ ਮਜ਼ਦੂਰਾਂ ’ਤੇ ਗੋਲੀਆਂ ਵਰ੍ਹਾ ਕੇ 6 ਪ੍ਰਵਾਸੀ ਮਜ਼ਦੂਰਾਂ ਅਤੇ ਇਕ ਕਸ਼ਮੀਰੀ ਡਾਕਟਰ ਦੀ ਹੱਤਿਆ ਅਤੇ 5 ਹੋਰਾਂ ਨੂੰ ਜ਼ਖਮੀ ਕਰ ਦਿੱਤਾ।
* 24 ਅਕਤੂਬਰ ਦੁਪਹਿਰ ਨੂੰ ਅੱਤਵਾਦੀਆਂ ਨੇ ਬਾਰਾਮੁੱਲਾ ਜ਼ਿਲੇ ਦੇ ਗੁਲਮਰਗ ਇਲਾਕੇ ’ਚ ਫੌਜ ਦੇ ਇਕ ਕਾਫਲੇ ’ਤੇ ਹਮਲਾ ਕਰ ਕੇ 3 ਫੌਜੀਆਂ ਅਤੇ ਫੌਜ ਦੇ ਪੋਰਟਰਾਂ (ਕੁਲੀਆਂ) ਦੀ ਜਾਨ ਲੈ ਲਈ ਅਤੇ 3 ਹੋਰਾਂ ਨੂੰ ਜ਼ਖਮੀ ਕਰ ਦਿੱਤਾ।
ਇਸੇ ਦਿਨ ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ਦੇ ‘ਬਾਟਾਗੁੰਡ’ ਪਿੰਡ ’ਚ ਉੱਤਰ ਪ੍ਰਦੇਸ਼ ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
* ਅਤੇ ਹੁਣ 28 ਅਕਤੂਬਰ ਨੂੰ ਸਵੇਰ ਸਮੇਂ 3 ਅੱਤਵਾਦੀਆਂ ਨੇ ਫੌਜ ਦੀ ਇਕ ਐਂਬੂਲੈਂਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸਾਡੇ ਕਿਸੇ ਜਵਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਮੁਕਾਬਲੇ ’ਚ ਅੱਤਵਾਦੀਆਂ ਨੂੰ ਲੱਭ ਲੈਣ ਵਾਲਾ 4 ਸਾਲਾ ਬਹਾਦਰ ਕੁੱਤਾ ‘ਫੈਂਟਮ’ ਅੱਤਵਾਦੀਆਂ ਦੀ ਗੋਲੀਬਾਰੀ ’ਚ ਸ਼ਹੀਦ ਹੋ ਗਿਆ।
ਇਕ ਪਾਸੇ ਤਾਂ ਫੌਜ ਆਲਆਊਟ ਮੁਹਿੰਮ ਤਹਿਤ ਅੱਤਵਾਦੀਆਂ ਦਾ ਸਫਾਇਆ ਕਰਨ ’ਚ ਲੱਗੀ ਹੋਈ ਹੈ ਪਰ ਦੂਜੇ ਪਾਸੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਹਿੰਸਾ ਤੋਂ ਬਾਜ਼ ਨਹੀਂ ਆ ਰਹੇ ਅਤੇ ਪਿਛਲੇ 18 ਅਕਤੂਬਰ ਤੋਂ ਹੁਣ ਤਕ 11 ਦਿਨਾਂ ’ਚ ਹੀ 11 ਸਥਾਨਕ ਅਤੇ ਬਾਹਰੀ ਲੋਕਾਂ ਦੀ ਹੱਤਿਆ ਕਰ ਚੁੱਕੇ ਹਨ।
ਇਕ ਅਧਿਕਾਰੀ ਅਨੁਸਾਰ ਹਮਲਿਆਂ ਲਈ ਅੱਤਵਾਦੀ ਅਜਿਹੇ ਸਥਾਨਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਦੇ ਆਲੇ-ਦੁਆਲੇ ਸੰਘਣੇ ਜੰਗਲ ਅਤੇ ਪਹਾੜੀਆਂ ਹੋਣ ਤਾਂ ਕਿ ਹਮਲਾ ਕਰਨ ਪਿੱਛੋਂ ਉਹ ਸੰਘਣੇ ਜੰਗਲਾਂ ਅਤੇ ਪਹਾੜੀਆਂ ’ਚ ਜਾ ਕੇ ਲੁਕ ਸਕਣ।
ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਅੱਤਵਾਦੀਆਂ ਨੂੰ ਸਥਾਨਕ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਕੁਝ ਲੋਕ ਚੋਰੀ-ਛਿਪੇ ਅੱਤਵਾਦੀਆਂ ਲਈ ਰੇਕੀ ਕਰਨ ਦੇ ਨਾਲ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਵੀ ਦੇ ਰਹੇ ਹਨ। ਇਹ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਕੁਝ ਸਥਾਨਾਂ ’ਤੇ ਅੱਤਵਾਦੀ ਸਥਾਨਕ ਲੋਕਾਂ ਕੋਲੋਂ ਬੰਦੂਕ ਦੇ ਜ਼ੋਰ ’ਤੇ ਜ਼ਬਰਦਸਤੀ ਭੋਜਨ ਅਤੇ ਹੋਰ ਤਰ੍ਹਾਂ ਦੀ ਸਹਾਇਤਾ ਵੀ ਪ੍ਰਾਪਤ ਕਰਦੇ ਹਨ।
ਬੀਤੀ 21 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਾਂਦਰਬਲ ਜ਼ਿਲੇ ’ਚ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਇਸ ਘਿਨੌਣੇ ਕਾਰੇ ’ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਾਕਿਸਤਾਨ ਨੂੰ ਅੱਤਵਾਦ ਦਾ ਰਾਹ ਛੱਡਣ ਦੀ ਨਸੀਹਤ ਦੇਣ ਦੇ ਨਾਲ ਹੀ ਇਹ ਚਿਤਾਵਨੀ ਵੀ ਦੇ ਚੁੱਕੇ ਹਨ ਕਿ ਦੇਸ਼ ਨੂੰ ਖਤਰਾ ਹੋਣ ’ਤੇ ਕੋਈ ਵੀ ਕਦਮ ਚੁੱਕਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ।
ਪਰ ਅਜਿਹਾ ਲੱਗਦਾ ਹੈ ਕਿ ਅੱਤਵਾਦੀਆਂ ’ਤੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਲਗਾਤਾਰ ਹਿੰਸਾ ’ਚ ਲੱਗੇ ਹੋਏ ਹਨ ਅਤੇ ਫੌਜ ਦੇ ਜਵਾਨਾਂ ਅਤੇ ਸਥਾਨਕ ਅਤੇ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ‘ਦਿ ਰੈਜਿਸਟੈਂਸ ਫ੍ਰੰਟ’ (ਟੀ. ਆਰ. ਐੱਫ.) ਅਤੇ ਹੋਰ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਸੰਗਠਨਾਂ ਨੇ ਲਈ ਹੈ। ਇਹ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ ਦਾ ਮਖੌਟਾ ਦੱਸਿਆ ਜਾਂਦਾ ਹੈ। ਪਾਕਿਸਤਾਨ ਤੋਂ ਹੀ ਵਾਦੀ ’ਚ ਖੂਨ-ਖਰਾਬਾ ਕਰਨ ਦੀ ਸਾਜ਼ਿਸ਼ ਰਚੀ ਜਾਂਦੀ ਹੈ ਅਤੇ ਪਾਕਿਸਤਾਨ ਹੀ ਇਨ੍ਹਾਂ ਹਮਲਿਆਂ ਲਈ ਫੰਡਿੰਗ ਵੀ ਕਰਦਾ ਹੈ।
‘ਟੀ. ਆਰ. ਐੱਫ.’ ਦਾ ਸਰਗਣਾ ਸ਼ੇਖ ਸੱਜਾਦ ਗੁਲ ਪਾਕਿਸਤਾਨ ’ਚ ਰਹਿੰਦਾ ਹੈ। ਉਸ ਦੀਆਂ ਹੀ ਹਦਾਇਤਾਂ ’ਤੇ ‘ਟੀ. ਆਰ. ਐੱਫ.’ ਦਾ ਸਥਾਨਕ ਮਾਡਿਊਲ ਜੰਮੂ-ਕਸ਼ਮੀਰ ’ਚ ਸਰਗਰਮ ਹੋਇਆ ਹੈ ਜਿਸ ਨੇ ਪਹਿਲੀ ਵਾਰ ਕਸ਼ਮੀਰੀਆਂ ਅਤੇ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਤਰ੍ਹਾਂ ਦੇ ਘਟਨਾਕ੍ਰਮ ਦਰਮਿਆਨ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ, ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਅੱਤਵਾਦੀਆਂ ਵਿਰੁੱਧ ਠੋਸ ਰਣਨੀਤੀ ਬਣਾਉਣ ਦੀ ਲੋੜ ਹੈ, ਤਾਂ ਕਿ ਇਨ੍ਹਾਂ ਦਾ ਸਫਾਇਆ ਹੋ ਸਕੇ।
-ਵਿਜੇ ਕੁਮਾਰ
ਨਾਜਾਇਜ਼ ਘੁਸਪੈਠੀਆਂ ਦੇ ਖਿਲਾਫ ਕਾਰਵਾਈ ਹੋਵੇ
NEXT STORY