ਵਿਸ਼ਵ ਸੀਨੀਅਰ ਨਾਗਰਿਕ ਦਿਵਸ ਹਰ ਸਾਲ ਜ਼ਿਆਦਾਤਰ ਰਸਮੀ ਤੌਰ ’ਤੇ ਅਤੇ ਬਹੁਤ ਘੱਟ ਗੰਭੀਰਤਾ ਨਾਲ ਦੁਨੀਆ ਭਰ ’ਚ ਮਨਾਇਆ ਜਾਂਦਾ ਹੈ। ਅਸਲ ’ਚ ਕੀ ਹੁੰਦਾ ਹੈ ਕਿ ਜੋ ਨੌਜਵਾਨ ਪੀੜ੍ਹੀ ਹੈ, ਉਹ ਹਰ ਦੌਰ ’ਚ ਖੁਦ ਨੂੰ ਸਰਵਸ਼ਕਤੀਮਾਨ ਅਤੇ ਵੱਡੀ ਉਮਰ ਵਾਲਿਆਂ ਨੂੰ ਬੁੱਢੇ-ਠੇਰੇ ਜਾਂ ਅਜਿਹੇ ਨਾਵਾਂ ਨਾਲ ਸੰਬੋਧਨ ਕਰਦੀ ਹੈ, ਓਏ ਇਨ੍ਹਾਂ ਦਾ ਜ਼ਮਾਨਾ ਚਲਾ ਗਿਆ ਹੁਣ ਸਾਡਾ ਹੈ। ਉਨ੍ਹਾਂ ਦੀ ਕਹੀ ਹਰ ਗੱਲ ਨੂੰ ਅਣਡਿੱਠ ਕਰਨ ਤੋਂ ਲੈ ਕੇ ਮਜ਼ਾਕ ’ਚ ਉਡਾ ਦਿੱਤੇ ਜਾਣ ਦੀ ਪ੍ਰਵਿਰਤੀ ਜਵਾਨੀ ਮੌਕੇ ਹੁੰਦੀ ਹੀ ਹੈ।
ਜੋ ਲੋਕ ਬਜ਼ੁਰਗ ਜਾਂ ਵੱਡੀ ਉਮਰ ਦੇ ਹੋ ਚੁੱਕੇ ਹਨ, ਉਨ੍ਹਾਂ ’ਚੋਂ ਕੁਝ ਤਾਂ ਇਹ ਸੋਚ ਕੇ ਕਿ ਅਸੀਂ ਵੀ ਕਦੇ ਜਵਾਨ ਸੀ, ਆਪਣੇ ਸਾਹਮਣੇ ਖੜ੍ਹੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ ਮੁਸਕਰਾਉਂਦੇ ਹਨ ਜਾਂ ਿਫਰ ਕਹਿੰਦੇ ਹਨ ਕਿ ਦੇਖੋ ਕਿਹੋ ਜਿਹਾ ਜ਼ਮਾਨਾ ਆ ਗਿਆ? ਇਸ ਦਿਵਸ ਦਾ ਮਕਸਦ ਇਹੀ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਆਪਣੇ ਯੋਗਦਾਨ ਅਤੇ ਆਪਣੀਆਂ ਮੌਜੂਦਾ ਲੋੜਾਂ ਨੂੰ ਸਮਝ ਕੇ ਵਿਵਹਾਰ ਕਰਨਾ ਹੈ, ਉਮਰ ਤਾਂ ਹਰੇਕ ਦੀ ਵਧਣੀ ਹੈ ਅਤੇ ਇਹ ਤੈਅ ਹੈ ਕਿ ਸਰੀਰਕ ਅਤੇ ਮਾਨਸਿਕ ਤੌਰ ’ਤੇ ਕੁਦਰਤ ਦੇ ਅਨੁਸਾਰ ਸਮਰੱਥਾਵਾਂ ’ਚ ਕਮੀ ਹੋਣੀ ਹੈ, ਭਾਵ ਫਿਜ਼ੀਕਲ ਡੀਜਨਰੇਸ਼ਨ ਹੋਣਾ ਹੈ।
ਸੱਠਾਂ ਦੇ ਅਜੇ ਵੀ ਗੱਭਰੂ : ਇਹ ਕਹਾਵਤ ਅਜੇ ਵੀ ਬਣੀ ਹੈ ਪਰ ਮਤਲਬ ਸਾਫ ਹੈ ਕਿ ਸੱਠ ਸਾਲ ਦੇ ਹੋ ਗਏ ਤਾਂ ਕੀ ਹੋਇਆ, ਪੂਰੀ ਤਰ੍ਹਾਂ ਜੋਸ਼ ਤਾਂ ਕਾਇਮ ਹੈ ਭਾਵ ਇਹ ਹੈ ਕਿ ਆਮ ਤੌਰ ’ਤੇ ਇਹ ਉਮਰ ਨੌਕਰੀ ਤੋਂ ਰਿਟਾਇਰਮੈਂਟ ਜਾਂ ਆਪਣਾ ਕਾਰੋਬਾਰ ਨੌਜਵਾਨ ਪੀੜ੍ਹੀ ਨੂੰ ਸੌਂਪਣ ਦੀ ਹੁੰਦੀ ਹੈ ਪਰ ਮਨ ਕਰਦਾ ਹੈ ਕਿ ਅਜੇ ਹੋਰ ਕੰਮ ਕੀਤਾ ਜਾਵੇ, ਭਾਵ ਇਹੀ ਰਹਿੰਦਾ ਹੈ ਕਿ ਅਜੇ ਤਾਂ ਮੈਂ ਜਵਾਨ ਹਾਂ, ਇਸ ਲਈ ਕੋਈ ਹੋਰ ਨੌਕਰੀ ਲੱਭਣ ’ਚ ਲੱਗ ਜਾਂਦੇ ਹਾਂ ਜਾਂ ਆਪਣੇ ਕਾਰੋਬਾਰ ਨਾਲ ਚਿੰਬੜੇ ਰਹਿੰਦੇ ਹਾਂ। ਇਸ ਦੇ ਉਲਟ ਕੁਦਰਤ ਚਾਹੁੰਦੀ ਹੈ ਕਿ ਤੁਸੀਂ ਹੁਣ ਤੱਕ ਜੋ ਵੀ ਹਾਸਲ ਕੀਤਾ, ਪਰਿਵਾਰ ਨੂੰ ਸੁਖੀ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ-ਸਾਰੀਆਂ ਇੱਛਾਵਾਂ ਨੂੰ ਅੱਧ-ਅਧੂਰੀਆਂ ਛੱਡ ਕੇ ਆਪਣੇ ਕੰਮ ’ਚ ਲੱਗੇ ਰਹੇ ਤਾਂ ਹੁਣ ਸਮਾਂ ਆਇਆ ਹੈ ਕਿ ਉਨ੍ਹਾਂ ਨੂੰ ਪੂਰਾ ਕਰੋ ਅਤੇ ਕਿਉਂਕਿ ਅਜੇ ਬੰਦੇ ’ਚ ਦਮ ਹੈ ਤਾਂ ਕਿਉਂ ਨਾ ਆਪਣੀ ਮਰਜ਼ੀ ਨਾਲ ਜੀਵਿਆ ਜਾਵੇ।
ਜੇਕਰ ਬੱਚੇ ਕਹਿਣ ਅਤੇ ਪਤਨੀ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਏ ਕਿ ਜੋ ਜਮ੍ਹਾ ਪੂੰਜੀ ਹੈ, ਉਨ੍ਹਾਂ ਨੂੰ ਦੇ ਦਿਓ ਜਾਂ ਉਨ੍ਹਾਂ ਦੀ ਰੀਝ ਪੂਰੀ ਕਰੋ ਤਾਂ ਇਸ ਦੇ ਲਈ ਨਾਂਹ ਕਹਿਣੀ ਸਿੱਖ ਲਓ ਅਤੇ ਫਿਰ ਵੀ ਜੇਕਰ ਦਬਾਅ ਬਣਾ ਰਹੇ ਹੋਣ ਤਾਂ ਪਤਨੀ ਦੇ ਨਾਲ ਜਾਂ ਇਕੱਲਿਆਂ ਹੀ ਕਿਤੇ ਹੋਰ ਵਸ ਜਾਓ ਅਤੇ ਆਪਣੀ ਵੱਖਰੀ ਦੁਨੀਆ ਬਣਾ ਲਓ। ਨਵੇਂ ਗੁਆਂਢੀ ਮਿਲਣਗੇ, ਸਵੇਰ ਦੀ ਸੈਰ ਕਰਦੇ ਹੋਏ ਬਹੁਤ ਸਾਰੇ ਜਵਾਨ ਹੋ ਰਹੇ ਲੜਕੇ-ਲੜਕੀਆਂ ਮਿਲਣ ਤਾਂ ਉਨ੍ਹਾਂ ਨਾਲ ਦੋਸਤਾਂ ਵਾਂਗ ਗੱਲ ਕਰੋ, ਕੁਝ ਤੁਹਾਡੀ ਤਬੀਅਤ ਅਤੇ ਸੁਭਾਅ ਦੇ ਅਨੁਸਾਰ ਜ਼ਰੂਰ ਹੋਣਗੇ। ਉਨ੍ਹਾਂ ਦਾ ਸਾਥ ਲਓ।
ਮਹਿਫਿਲ, ਜਿਮ, ਤੈਰਾਕੀ ਜਾਂ ਸਹੂਲਤ ਹੋਵੇ ਤਾਂ ਗੋਲਫ ਵਰਗੀ ਖੇਡ ਖੇਡੋ। ਤੁਹਾਡੀ ਸਿਹਤ ਠੀਕ ਰਹੇਗੀ ਅਤੇ ਸਮਾਂ ਜੋ ਇਸ ਉਮਰ ’ਚ ਕੱਟਿਆ ਨਹੀਂ ਕੱਟਦਾ, ਸਗੋਂ ਕੱਟਣ ਲਈ ਦੌੜਦਾ ਹੈ, ਉਹ ਗੂੜ੍ਹਾ ਮਿੱਤਰ ਬਣ ਜਾਵੇਗਾ ਅਤੇ ਕਹਿਣ ਲੱਗੋਗੇ ਕਿ ਸਮਾਂ ਹੀ ਨਹੀਂ ਮਿਲਦਾ, ਕਿੰਨੇ ਰੁਝੇਵੇਂ ਹਨ ਪਰਿਵਾਰ ਦੇ ਲੋਕ ਜਾਂ ਕੋਈ ਵੀ ਹਾਲ-ਚਾਲ ਪੁੱਛੇ ਜਾਂ ਮਿਲਣ ਆਉਣ ਲਈ ਕਹਿਣ ਜਾਂ ਜਿੱਥੇ ਤੁਸੀਂ ਬਸੇਰਾ ਬਣਾਇਆ ਹੈ, ਆਉਣ ਲਈ ਕਹਿਣ ਤਾਂ ਇਕਦਮ ਹਾਂ ਨਾ ਕਹੋ, ਸਗੋਂ ਸੋਚ ਕੇ ਦੱਸਾਂਗਾ, ਕਹਿ ਕੇ ਆਪਣੀ ਨਵੀਂ ਰੋਜ਼ਮੱਰਾ ਦਾ ਿਵਸ਼ਲੇਸ਼ਣ ਕਰੋ, ਸਮਾਂ ਹੀ ਨਹੀਂ ਹੈ ਤੁਹਾਡੇ ਕੋਲ ਜੋ ਕਿਸੇ ਦੇ ਆਉਣ ਦੀ ਉਡੀਕ ਕਰਨੀ ਪਵੇ।
ਤੁਹਾਡੀ ਆਪਣੀ ਇਕ ਰੁਟੀਨ ਹੋ ਗਈ ਹੈ ਅਤੇ ਉਹੀ ਤੁਹਾਡੀ ਜੀਵਨ ਸਾਥਣ ਹੈ, ਇਹ ਮੰਨ ਕੇ ਜ਼ਿੰਦਗੀ ਦੇ ਸੁਨਹਿਰੇ ਪਲਾਂ ਨੂੰ ਜੀਵੰਤ ਕਰਦੇ ਰਹੋ, ਬਹੁਤ ਸਾਰੇ ਕੰਮ ਨਿਕਲ ਆਉਣਗੇ, ਜਿਨ੍ਹਾਂ ਨੂੰ ਤੁਹਾਡੇ ਵਲੋਂ ਪੂਰਾ ਕੀਤੇ ਜਾਣ ਦੀ ਉਡੀਕ ਹੈ। ਜਿਵੇਂ ਬੱਚਿਆਂ ਨੂੰ ਪੜ੍ਹਾਉਣਾ, ਸਫਾਈ ਮੁਹਿੰਮ ’ਚ ਸਹਿਯੋਗ, ਧਾਰਮਿਕ ਅਤੇ ਅਧਿਆਤਮਿਕ ਪ੍ਰੋਗਰਾਮ ਅਤੇ ਕੁਝ ਨਾ ਹੋਵੇ ਤਾਂ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਓ। ਜਿਸ ਨੂੰ ਪੜ੍ਹਨ ਦੀ ਇੱਛਾ ਤੁਹਾਡੀ ਬਚਪਨ ਤੋਂ ਸੀ ਪਰ ਜ਼ਿੰਦਗੀ ਦੀ ਆਪੋਧਾਪੀ ’ਚ ਇਹ ਨਾ ਹੋ ਸਕਿਆ। ਪਹਿਲੀ ਈਨਿੰਗ ਦੇ ਬਾਅਦ ਇਹ ਦੂਜੀ ਈਨਿੰਗ ਹੈ ਜਿਸ ਦੇ ਖਿਡਾਰੀ ਵੀ ਤੁਸੀਂ, ਕਪਤਾਨ ਵੀ ਖੁਦ ਅਤੇ ਜਿੱਤ ਅਤੇ ਜਿਤਾਉਣ ਵਾਲੇ ਵੀ ਖੁਦ, ਇਹ ਜ਼ਿੰਦਗੀ ਮੁੜ ਨਾ ਮਿਲੇਗੀ ਦੁਬਾਰਾ, ਮੂਲਮੰਤਰ ਤੁਹਾਨੂੰ ਸਦਾ ਲਈ ਜਵਾਨ ਬਣਾਈ ਰੱਖੇਗਾ।
ਸਾਰੇ ਬੰਧਨ ਤੋੜ ਆਪਣੇ ਨਿਯਮ ਬਣਾਉਣੇ : ਜਦੋਂ 70-75 ਦੀ ਉਮਰ ਹੋਣ ਲੱਗਦੀ ਹੈ ਤਾਂ ਸਰੀਰਕ ਅਤੇ ਮਾਨਸਿਕ ਅਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਜ਼ਮੀਨ ’ਤੇ ਬੈਠ ਜਾਓ ਤਾਂ ਉੱਠਣ ਲਈ ਸਹਾਰੇ ਦੀ ਲੋੜ ਹੋਣ ਲੱਗਦੀ ਹੈ, ਹੇਠਾਂ ਕੁਝ ਡਿੱਗ ਜਾਵੇ ਤਾਂ ਉਸ ਨੂੰ ਚੁੱਕਣ ਲਈ ਹੇਠਾਂ ਝੁਕਣ ’ਚ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ, ਦਨਾਦਨ ਪੌੜੀਆਂ ਚੜ੍ਹਨ ਤੋਂ ਡਰ ਲੱਗਦਾ ਹੈ, ਰੇਲਿੰਗ ਨਾ ਲੱਗੀ ਹੋਵੇ ਤਾਂ ਉਪਰੋਂ-ਹੇਠਾਂ ਉਤਰਨਾ ਮੁਸ਼ਕਲ ਹੋ ਜਾਂਦਾ ਹੈ, ਅਲਮਾਰੀ ’ਚੋਂ ਜਾਂ ਉਪਰ ਰੱਖੇ ਬਾਕਸ ’ਚੋਂ ਕੁਝ ਕੱਢਣਾ ਹੋਵੇ ਜਾਂ ਉਸ ਨੂੰ ਹੇਠਾਂ ਉਤਾਰਨਾ ਜਾਂ ਉਸ ’ਚ ਕੁਝ ਰੱਖਣਾ ਮੁਸ਼ਕਲ ਲੱਗਦਾ ਹੈ, ਸਮਝ ਲਓ ਕਿ ਤੁਸੀਂ ਇਹ ਸਭ ਨਹੀਂ ਕਰਨਾ, ਭਾਵੇਂ ਕੁਝ ਵੀ ਹੋ ਜਾਵੇ।
ਤੁਸੀਂ ਇਸ ਸਭ ਤੋਂ ਬਚਣ ਲਈ ਇੰਨਾ ਕਰਨਾ ਹੈ ਕਿ ਬਾਥਰੂਮ ਦੀ ਫਿਟਿੰਗ ਤੁਹਾਡੇ ਹਿਸਾਬ ਨਾਲ ਬਦਲਵਾਉਣੀ ਹੈ, ਕੋਈ ਅਜਿਹੀ ਜੁਰਅੱਤ ਨਹੀਂ ਕਰਨੀ ਕਿ ਉਸ ਦਾ ਖਮਿਆਜ਼ਾ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਖਾਸ ਕਰ ਕੇ ਹੱਥ, ਪੈਰ, ਕਮਰ ਅਤੇ ਮੋਢਿਆਂ ਨੂੰ ਭੁਗਤਨਾ ਪਵੇ। ਹੁਣ ਤਾਂ ਹੋਟਲਾਂ ’ਚ ਵੀ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸਹੂਲਤ ਵਾਲੇ ਕਮਰੇ ਰੱਖਣੇ ਲਾਜ਼ਮੀ ਕਰ ਦਿੱਤੇ ਗਏ ਹਨ, ਤਾਂ ਲੋੜ ਪੈਣ ’ਤੇ ਇਨ੍ਹਾਂ ’ਚ ਰਹੋ, ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਜਾਂ ਖੁਦ ਨੂੰ ਬੁੱਢਾ ਨਾ ਸਮਝਣ ਨਾਲ ਤੁਸੀਂ ਕੋਈ ਤੀਰ ਮਾਰ ਲਵੋਗੇ। ਇਹ ਉਮਰ ਦਾ ਉਹ ਪੜਾਅ ਹੈ ਜਦੋਂ ਥੋੜ੍ਹੀ ਜਿਹੀ ਬੇਧਿਆਨੀ ਹਾਦਸੇ ਦਾ ਕਾਰਨ ਬਣ ਸਕਦੀ ਹੈ, ਕੱਪੜੇ ਬਦਲਣੇ ਹੋਣ ਤਾਂ ਸਹੂਲਤ ਅਨੁਸਾਰ ਸਟੂਲ ਜਾਂ ਕੁਰਸੀ ’ਤੇ ਬੈਠ ਕੇ ਬਦਲੋ, ਅਜਿਹੀ ਚੱਪਲ ਜਾਂ ਬੂਟ ਪਹਿਨੋ ਜਿਨ੍ਹਾਂ ਨਾਲ ਤਿਲਕਣ ਦਾ ਡਰ ਨਾ ਹੋਵੇ। ਬਸ ਇਹ ਧਿਆਨ ਰੱਖਣਾ ਹੈ ਕਿ ਸਰੀਰ ਤੁਹਾਡਾ ਹੈ ਤਾਂ ਇਸ ਦੀ ਦੇਖਭਾਲ ਲਈ ਕਿਸੇ ਹੋਰ ਦੇ ਆਸਰੇ ’ਤੇ ਕਿਉਂ ਰਹਿਣਾ ਹੈ।
ਅੰਤਿਮ ਪੜਾਅ : 80 ਦੀ ਉਮਰ ਦਾ ਦਹਾਕਾ ਅਜਿਹਾ ਹੈ ਜਦੋਂ ਮਾਨਸਿਕ ਤਣਾਅ ਦੇਣ ਵਾਲੇ ਲੋਕਾਂ ਅਤੇ ਹਾਲਤਾਂ ਨੂੰ ਦੂਰ ਤੋਂ ਹੀ ਨਮਸਤੇ ਕਹਿਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਲੰਬੇ ਸਮੇਂ ਤੋਂ ਇਕ ਹੀ ਥਾਂ ’ਤੇ ਬੈਠੇ ਰਹਿਣਾ, ਟਹਿਲਣ ਤੋਂ ਬਚਣਾ ਅਤੇ ਕਸਰਤ ਨਾ ਕਰਨ ਦਾ ਬਹਾਨਾ ਲੱਭਣਾ ਅਤੇ ਇਕੱਲੇਪਨ ਨੂੰ ਚਾਦਰ ਵਾਂਗ ਉਤੇ ਲੈ ਲੈਣਾ ਕੋਈ ਅਕਲਮੰਦੀ ਨਹੀਂ ਸਗੋਂ ਸਰੀਰ ਨੂੰ ਸਮਝਣਾ ਹੁੰਦਾ ਹੈ ਕਿ ਚੱਲ ਯਾਰ ਕੁਝ ਤਾਂ ਕਰ ਲੈ।
ਅਸਲ ’ਚ ਬੁਢਾਪਾ ਇਕ ਸੋਚ ਹੈ ਜਿਵੇਂ ਉਮਰ ਸਿਰਫ ਇਕ ਗਿਣਤੀ ਮਾਤਰ ਹੈ, ਨਹੀਂ ਤਾਂ ਅਜਿਹੇ ਲੋਕਾਂ ਦੀਆਂ ਕਹਾਣੀਆਂ ਨਾਲ ਇਹ ਦੁਨੀਆ ਭਰੀ ਹੋਈ ਹੈ, ਜਿਨ੍ਹਾਂ ਨੇ 80 ਦੇ ਬਾਅਦ ਅਜਿਹੇ ਕੰਮ ਕੀਤੇ ਜਿਨ੍ਹਾਂ ਬਾਰੇ ਉਹ ਖੁਦ ਆਸਵੰਦ ਨਹੀਂ ਸਨ ਕਿ ਉਨ੍ਹਾਂ ਕੋਲੋਂ ਇਹ ਹੋ ਸਕਣਗੇ।
–ਪੂਰਨ ਚੰਦ ਸਰੀਨ
ਭਾਰਤ ਨਾਲ ਵਿਗੜਦੇ ਸਬੰਧਾਂ ਨੂੰ ਲੈ ਕੇ ਟਰੰਪ ਦੀ ਉਨ੍ਹਾਂ ਦੇ ਹੀ ਦੇਸ਼ ’ਚ ਹੋਣ ਲੱਗੀ ਆਲੋਚਨਾ!
NEXT STORY