ਰਾਹਿਲ ਨੋਰਾ ਚੋਪੜਾ
ਲੰਮੇ ਨਾਟਕ ਅਤੇ ਪਿਛਲੇ 14 ਮਹੀਨਿਆਂ ’ਚ 5 ਅਸਫਲ ਕੋਸ਼ਿਸ਼ਾਂ ਤੋਂ ਬਾਅਦ ਕਰਨਾਟਕ ’ਚ ਕਾਂਗਰਸ ਦੀ ਜਦ (ਐੱਸ) ਸਰਕਾਰ 6 ਵੋਟਾਂ ਨਾਲ ਭਰੋਸਾ ਦੀ ਵੋਟ ਹਾਰ ਗਈ, ਜਿਸ ’ਚ ਸਰਕਾਰ ਨੂੰ 99 ਵੋਟਾਂ ਮਿਲੀਆਂ। ਭਾਜਪਾ ਨੂੰ 105 ਵੋਟਾਂ ਮਿਲੀਆਂ ਤੇ ਭਾਜਪਾ ਦੇ ਸਾਰੇ ਵਿਧਾਇਕ ਹਾਜ਼ਰ ਸਨ ਅਤੇ ਗੱਠਜੋੜ ਦੇ 17 ਵਿਧਾਇਕ ਗਾਇਬ ਸਨ। ਵੋਟਿੰਗ ਤੋਂ ਤੁਰੰਤ ਬਾਅਦ ਐੱਚ. ਡੀ. ਕੁਮਾਰਸਵਾਮੀ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ। ਰਾਜ ਭਵਨ ’ਚ ਕਾਹਲੀ-ਕਾਹਲੀ ਵਿਚ ਸਹੁੰ-ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਯੇਦੀਯੁਰੱਪਾ ਨੇ ਆਪਣੇ ਨਾਂ ਦੇ ਅੱਖਰਾਂ ’ਚ ਇਕ ਤਬਦੀਲੀ ਕੀਤੀ ਹੈ ਪਰ ਕੀ ਇਸ ਨਾਲ ਉਨ੍ਹਾਂ ਨੂੰ ਗਿਣਤੀ ਬਲ ਜੁਟਾਉਣ ’ਚ ਸਹਾਇਤਾ ਮਿਲੇਗੀ? ਇਹ ਭਵਿੱਖ ਦੇ ਗਰਭ ’ਚ ਲੁਕਿਆ ਹੈ ਅਤੇ ਇਥੇ ਵੀ ਸਟਾਰਸ ਦੀ ਖੇਡ ਰਹੀ, ਜਦੋਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਾਰਜਭਾਰ ਸੰਭਾਲਿਆ। ਹੁਣ ਸਾਬਕਾ ਮੁੱਖ ਮੰਤਰੀ ਦੀ ਪਾਰਟੀ ਉਨ੍ਹਾਂ ਦੀ ਸਰਕਾਰ ਦੀ ਸਥਿਰਤਾ ਨੂੰ ਯਕੀਨੀ ਕਰਨ ਲਈ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ, ਘੱਟੋ-ਘੱਟ ਜਦੋਂ ਤਕ ਮਹੱਤਵਪੂਰਨ ਵਿੱਤੀ ਬਿੱਲ ਪਾਸ ਨਾ ਹੋ ਜਾਵੇ।
ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਤੇ ਭਾਜਪਾ ਦੀ ਨਜ਼ਰ
ਕਰਨਾਟਕ ’ਚ ਕਾਂਗਰਸ ਜਦ (ਐੱਸ) ਸਰਕਾਰ ਦੇ ਭਰੋਸੇ ਦੀ ਵੋਟ ਗੁਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਵੀ ਕਾਂਗਰਸ ਦੀਆਂ ਸਰਕਾਰਾਂ ਡਿਗ ਸਕਦੀਆਂ ਹਨ। ਗੋਆ ’ਚ ਕਾਂਗਰਸ ਦੇ 10 ਵਿਧਾਇਕ ਪਾਰਟੀ ਛੱਡ ਕੇ ਪਹਿਲਾਂ ਹੀ ਭਾਜਪਾ ’ਚ ਸ਼ਾਮਿਲ ਹੋ ਚੁੱਕੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਆਪਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਸਖਤ ਮਿਹਨਤ ਕਰਦੇ ਹਨ। ਇਸੇ ਕੜੀ ’ਚ ਕਮਲਨਾਥ ਨੇ ਭਾਜਪਾ ਦੇ 2 ਵਿਧਾਇਕਾਂ ਸ਼ਰਦ ਕੌਲ ਅਤੇ ਨਾਰਾਇਣ ਤ੍ਰਿਪਾਠੀ ਦਾ ਸਮਰਥਨ ਹਾਸਿਲ ਕੀਤਾ ਹੈ, ਜਿਨ੍ਹਾਂ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਇਕ ਬਿੱਲ ’ਤੇ ਮਤਦਾਨ ਦੌਰਾਨ ਸਰਕਾਰ ਦਾ ਸਮਰਥਨ ਕੀਤਾ, ਜਿਸ ਨਾਲ ਭਾਜਪਾ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਉਧਰ ਰਾਜਸਥਾਨ ’ਚ ਅਸ਼ੋਕ ਗਹਿਲੋਤ ਇਕ ਮਜ਼ਬੂਤ ਨੇਤਾ ਹਨ ਅਤੇ ਉਨ੍ਹਾਂ ਦਾ ਆਪਣੇ ਵਿਧਾਇਕਾਂ ’ਤੇ ਪੂਰਾ ਕੰਟਰੋਲ ਹੈ। ਇਥੇ ਭਾਜਪਾ ਕੋਲ ਸਿਰਫ 73 ਵਿਧਾਇਕ ਹਨ ਅਤੇ ਉਸ ਨੂੰ ਆਰ. ਐੱਲ. ਪੀ. ਦੇ 3 ਅਤੇ 1 ਆਜ਼ਾਦ ਵਿਧਾਇਕ ਦਾ ਸਮਰਥਨ ਹਾਸਿਲ ਹੈ। 200 ਵਿਧਾਇਕਾਂ ਦੇ ਇਸ ਸਦਨ ’ਚ ਭਾਜਪਾ ਲਈ ਕਾਂਗਰਸ ਸਰਕਾਰ ਨੂੰ ਉਖਾੜਨਾ ਸੰਭਵ ਨਹੀਂ ਹੈ। ਅਜਿਹੀ ਹਾਲਤ ’ਚ ਭਾਜਪਾ ਦੀ ਨਜ਼ਰ ਉਨ੍ਹਾਂ ਸੀਨੀਅਰ ਕਾਂਗਰਸੀ ਵਿਧਾਇਕਾਂ ਉੱਤੇ ਹੈ, ਜਿਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ’ਚ ਜਾਰੀ ਅਨਿਸ਼ਚਿਤਤਾ ਵਿਚਾਲੇ ਭਾਜਪਾ ਅਜਿਹੇ ਹਾਲਾਤ ਦਾ ਫਾਇਦਾ ਉਠਾਉਂਦੇ ਹੋਏ ਕਾਂਗਰਸ ਦੀਆਂ ਪ੍ਰਦੇਸ਼ ਸਰਕਾਰਾਂ ਨੂੰ ਅਸਥਿਰ ਕਰਨਾ ਚਾਹੁੰਦੀ ਹੈ।
ਮੁੱਖ ਮੰਤਰੀ ਦੇ ਰੂਪ ’ਚ ਯੇਦੀਯੁਰੱਪਾ ਦਾ ਚੌਥਾ ਕਾਰਜਕਾਲ
ਬੀ. ਐੱਸ. ਯੇਦੀਯੁਰੱਪਾ ਨੇ ਰਿਕਾਰਡ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕ ਲਈ ਹੈ। ਹਾਲਾਂਕਿ ਭਾਜਪਾ ਹਾਈਕਮਾਨ ਚਾਹੁੰਦੀ ਸੀ ਕਿ ਬਾਗ਼ੀ ਵਿਧਾਇਕਾਂ ਦੇ ਮਾਮਲੇ ’ਚ ਵਿਧਾਨ ਸਭਾ ਸਪੀਕਰ ਦੇ ਫੈਸਲੇ ਤਕ ਉਡੀਕ ਕੀਤੀ ਜਾਵੇ ਪਰ ਦਬਾਅ ਦੇ ਵਿਚਾਲੇ ਯੇਦੀਯੁਰੱਪਾ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਯੇਦੀਯੁਰੱਪਾ ਭਾਜਪਾ ਹਾਈਕਮਾਨ ਦੀ ਸੁਭਾਵਿਕ ਪਸੰਦ ਨਹੀਂ ਸਨ ਕਿਉਂਕਿ ਉਹ 75 ਸਾਲ ਤੋਂ ਪਾਰ ਹੋ ਚੁੱਕੇ ਹਨ ਅਤੇ ਉਨ੍ਹਾਂ ’ਤੇ ਵੱਖ-ਵੱਖ ਅਦਾਲਤਾਂ ’ਚ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ ਹਨ। ਹੁਣ ਸਪੀਕਰ ਨੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਐਲਾਨਣ ਦਾ ਫੈਸਲਾ ਲਿਆ ਹੈ। ਇਸ ਲਈ ਯੇਦੀਯੁਰੱਪਾ ਹੁਣ ਬਾਗੀ ਵਿਧਾਇਕਾਂ ਨੂੰ ਮੰਤਰੀ ਮੰਡਲ ’ਚ ਐਡਜਸਟ ਨਹੀਂ ਕਰ ਸਕਦੇ। ਜੇਕਰ ਇਨ੍ਹਾਂ ਬਾਗੀ ਵਿਧਾਇਕਾਂ ਨੂੰ ਅਯੋਗ ਨਾ ਠਹਿਰਾਇਆ ਗਿਆ ਹੁੰਦਾ ਅਤੇ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੁੰਦਾ ਤਾਂ ਯੇਦੀਯੁਰੱਪਾ ਉਨ੍ਹਾਂ ਨੂੰ ਮੰਤਰੀ ਬਣਾ ਸਕਦੇ ਸਨ ਅਤੇ ਉਹ 6 ਮਹੀਨਿਆਂ ਤਕ ਮੰਤਰੀ ਰਹਿ ਸਕਦੇ ਸਨ ਤੇ ਫਿਰ ਚੋਣ ਲੜ ਸਕਦੇ ਸਨ। ਮੌਜੂਦਾ ਸਮੇਂ ’ਚ ਸਪੀਕਰ ਨੇ ਉਨ੍ਹਾਂ ਨੂੰ ਅਯੋਗ ਠਹਿਰਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਵਿਧਾਨ ਸਭਾ ਖੇਤਰਾਂ ’ਚ ਫਿਰ ਉਪ-ਚੋਣਾਂ ਹੋਣਗੀਆਂ। ਇਸ ਵਾਰ ਫਿਰ ਯੇਦੀਯੁਰੱਪਾ ਸਰਕਾਰ ਦਾ ਭਵਿੱਖ ਉਪ-ਚੋਣਾਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ।
ਸੱਤਾ ਧਿਰ ਲਈ ਤਬਦੀਲੀ
ਤੇਲਗੂਦੇਸ਼ਮ ਪਾਰਟੀ (ਟੀ. ਡੀ. ਪੀ.) ਦੇ 2 ਸੰਸਦ ਮੈਂਬਰਾਂ ਵਾਈ. ਐੱਸ. ਚੌਧਰੀ ਅਤੇ ਸੀ. ਐੱਮ. ਰਮੇਸ਼ ਦੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਰਾਜ ਸਭਾ ’ਚ ਸੱਤਾ ਧਿਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਨ੍ਹਾਂ ਦੋਹਾਂ ਨੇ ਨਾ ਸਿਰਫ ਟੀ. ਡੀ. ਪੀ. ਦੇ ਬਾਕੀ ਬਚੇ ਸੰਸਦ ਮੈਂਬਰਾਂ ਅਤੇ ਵਾਈ. ਐੱਸ. ਆਰ. ਕਾਂਗਰਸ ਦੇ ਰਾਜ ਸਭਾ ਮੈਂਬਰ ਨੂੰ ਐੱਨ. ਡੀ. ਏ. ਦੇ ਪੱਖ ’ਚ ਕਰਨ ਵਿਚ ਸਫਲਤਾ ਹਾਸਿਲ ਕੀਤੀ, ਸਗੋਂ ਟੀ. ਆਰ. ਐੱਸ. ਦੇ ਮੈਂਬਰਾਂ ਦਾ ਝੁਕਾਅ ਵੀ ਐੱਨ. ਡੀ. ਏ. ਵੱਲ ਹੋ ਰਿਹਾ ਹੈ। ਰਮੇਸ਼ ਅਤੇ ਚੌਧਰੀ ਇਕ-ਇਕ ਮੈਂਬਰ ਨੂੰ ਜਾ ਕੇ ਮਿਲੇ ਤਾਂ ਕਿ ਆਰ. ਟੀ. ਆਈ. ਸੋਧ ਬਿੱਲ ਪਾਸ ਕਰਵਾਉਣ ਲਈ ਸਰਕਾਰ ਨੂੰ ਸਮਰਥਨ ਦਿਵਾਇਆ ਜਾ ਸਕੇ। ਉਨ੍ਹਾਂ ਦੇ ਯਤਨ ਰੰਗ ਲਿਆਏ ਅਤੇ ਸੱਤਾ ਧਿਰ ਪਹਿਲੀ ਵਾਰ ਉੱਚ ਸਦਨ ’ਚ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੂੰ ਮਾਤ ਦੇਣ ’ਚ ਸਫਲ ਰਹੀ। ਜ਼ਾਹਿਰ ਹੈ ਕਿ ਹੁਣ ਚੌਧਰੀ ਅਤੇ ਰਮੇਸ਼ ਨੂੰ ਤਿੰਨ ਤਲਾਕ ਬਿੱਲ ਪਾਸ ਕਰਵਾਉਣ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਵੇਂ ਕਾਂਗਰਸ ਪ੍ਰਧਾਨ ਬਾਰੇ ਫੈਸਲਾ ਲਵੇਗੀ ਕਾਂਗਰਸ ਵਰਕਿੰਗ ਕਮੇਟੀ
ਨਵੇਂ ਕਾਂਗਰਸ ਪ੍ਰਧਾਨ ਬਾਰੇ ਫੈਸਲਾ ਲੈਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਬੈਠਕ ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ ਹੋਵੇਗੀ। ਕਾਂਗਰਸੀ ਸੂਤਰਾਂ ਅਨੁਸਾਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਏ. ਆਈ. ਸੀ. ਸੀ. ਦੇ ਜਨਰਲ ਸਕੱਤਰ ਮੋਤੀ ਲਾਲ ਵੋਰਾ ਨੂੰ ਪਹਿਲਾਂ ਹੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਂ ਸੁਝਾਅ ਦਿੱਤੇ ਹਨ ਅਤੇ ਕਰਨਾਟਕ ਦਾ ਨਾਟਕ ਖਤਮ ਹੋਣ ਅਤੇ ਰਾਹੁਲ ਗਾਂਧੀ ਦੇ ਅਮਰੀਕਾ ਤੋਂ ਪਰਤਣ ਬਾਅਦ ਇਸ ਸਬੰਧ ’ਚ ਕੋਈ ਸਰਬਸੰਮਤ ਫੈਸਲਾ ਲੈਣ ਦੀ ਸੰਭਾਵਨਾ ਹੈ। ਇਸੇ ਦੌਰਾਨ ਲੋਕ ਸਭਾ ਮੈਂਬਰ ਏਕਨਾਥ ਗਾਇਕਵਾੜ ਨੂੰ ਮੁੰਬਈ ਖੇਤਰੀ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
nora_chopra@yahoo.com
ਨਿਮਰ ਅਤੇ ਹਿੰਮਤੀ ਸੀ ਸ਼ੀਲਾ ਦੀਕਸ਼ਤ, ਸੱਤਾ ’ਤੇ ਸੀ ਮਜ਼ਬੂਤ ਪਕੜ
NEXT STORY