ਦਾਵੋਸ–ਕੋਰੋਨਾ ਕਾਲ ’ਚ ਭਾਰਤ ’ਚ ਅਮੀਰ ਅਤੇ ਗਰੀਬ ਦੇ ਦਰਮਿਆਨ ਪਾੜਾ ਹੋਰ ਵਧ ਗਿਆ ਹੈ। 1 ਫੀਸਦੀ ਸਭ ਤੋਂ ਅਮੀਰ ਲੋਕਾਂ ਕੋਲ ਹੁਣ ਦੇਸ਼ ਦੀ ਕੁੱਲ ਜਾਇਦਾਦ ਦਾ 40 ਫੀਸਦੀ ਤੋਂ ਵੱਧ ਹਿੱਸਾ ਹੈ। ਦੂਜੇ ਪਾਸੇ ਆਰਥਿਕ ਤੌਰ ’ਤੇ ਕਮਜ਼ੋਰ 50 ਫੀਸਦੀ ਆਬਾਦੀ ਕੋਲ ਕੁੱਲ ਜਾਇਦਾਦ ਦਾ ਸਿਰਫ 3 ਫੀਸਦੀ ਹਿੱਸਾ ਹੀ ਹੈ। ਆਕਸਫੈਮ ਇੰਟਰਨੈਸ਼ਨਲ ਦੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ ’ਤੇ 5 ਫੀਸਦੀ ਟੈਕਸ ਲਗਾਉਣ ਨਾਲ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਪੂਰਾ ਫੰਡ ਮਿਲ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਰਫ ਇਕ ਅਰਬਪਤੀ ਗੌਤਮ ਅਡਾਨੀ ਨੂੰ 2017-2021 ਦਰਮਿਆਨ ਮਿਲੇ ਆਸਾਧਾਰਣ ਲਾਭ ’ਤੇ ਯਕਮੁਸ਼ਤ ਟੈਕਸ ਲਗਾ ਕੇ 1.79 ਲੱਖ ਕਰੋੜ ਰੁਪਏ ਜੁਟਾਏ ਜਾ ਸਕਦੇ ਹਨ। ਇਸ ਰਕਮ ਨਾਲ ਦੇਸ਼ ਦੇ 50 ਲੱਖ ਤੋਂ ਵੱਧ ਪ੍ਰਾਇਮਰੀ ਟੀਚਰਸ ਨੂੰ ਇਕ ਸਾਲ ਤੱਕ ਰੋਜ਼ਗਾਰ ਦਿੱਤਾ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਜੇ ਭਾਰਤ ਦੇ ਅਰਬਪਤੀਆਂ ਦੀ ਪੂਰੀ ਜਾਇਦਾਦ ’ਤੇ 2 ਫੀਸਦੀ ਦੀ ਦਰ ਨਾਲ ਯਕਮੁਸ਼ਤ ਟੈਕਸ ਲਗਾਇਆ ਜਾਵੇ ਤਾਂ ਇਸ ਨਾਲ ਦੇਸ਼ ’ਚ ਅਗਲੇ 3 ਸਾਲ ਤੱਕ ਕੁਪੋਸ਼ਿਤ ਲੋਕਾਂ ਦੇ ਪੋਸ਼ਣ ਲਈ 40,423 ਕਰੋੜ ਰੁਪਏ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ 10 ਸਭ ਤੋਂ ਅਮੀਰ ਅਰਬਪਤੀਆਂ ’ਤੇ 5 ਫੀਸਦੀ ਦਾ ਯਕਮੁਸ਼ਤ ਟੈਕਸ (1.37 ਲੱਖ ਕਰੋੜ ਰੁਪਏ) ਲਗਾਉਣ ਤੋਂ ਮਿਲੀ ਰਾਸ਼ੀ 2022-23 ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ (86,200 ਕਰੋੜ ਰੁਪਏ) ਅਤੇ ਆਯੁਸ਼ ਮੰਤਰਾਲਾ ਦੇ ਬਜਟ ਤੋਂ 1.5 ਗੁਣਾ ਵੱਧ ਹੈ।
ਰਿਪੋਰਟ ’ਚ ਲਿੰਗੀ ਅਸਮਾਨਤਾ ਦੇ ਮੁੱਦੇ ’ਤੇ ਕਿਹਾ ਗਿਆ ਕਿ ਮਹਿਲਾ ਕਰਮਚਾਰੀਆਂ ਨੂੰ ਇਕ ਮਰਦ ਕਰਮਚਾਰੀ ਵਲੋਂ ਕਮਾਏ ਗਏ ਹਰੇਕ 1 ਰੁਪਏ ਦੇ ਮੁਕਾਬਲੇ ਸਿਰਫ 63 ਪੈਸੇ ਮਿਲਦੇ ਹਨ। ਇਸ ਤਰ੍ਹਾਂ ਅਨੁਸੂਚਿਤ ਜਾਤੀ ਅਤੇ ਦਿਹਾਤੀ ਮਜ਼ਦੂਰਾਂ ਨੂੰ ਮਿਲਣ ਵਾਲੀ ਮਜ਼ਦੂਰੀ ’ਚ ਵੀ ਫਰਕ ਹੈ। ਅੰਕੜੇ ਸਮਾਜਿਕ ਵਰਗ ਨੂੰ ਮਿਲਣ ਵਾਲੀ ਮਜ਼ਦੂਰੀ ਦੇ ਮੁਕਾਬਲੇ ਅਨੁਸੂਚਿਤ ਜਾਤੀ ਨੂੰ 55 ਫੀਸਦੀ ਅਤੇ ਗ੍ਰਾਮੀਣ ਮਜ਼ਦੂਰ ਨੂੰ 50 ਫੀਸਦੀ ਤਨਖਾਹ ਮਿਲਦੀ ਹੈ।
ਅਮੀਰਾਂ ਨੂੰ ਸਪੋਰਟ ਕਰਦਾ ਹੈ ਸਿਸਟਮ
ਆਕਸਫੈਮ ਨੇ ਕਿਹਾ ਕਿ ਰਿਪੋਰਟ ਭਾਰਤ ’ਚ ਅਸਮਾਨਤਾ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਗੁਣਾਤਮਕ ਅਤੇ ਮਾਤਰਾਤਮਕ ਜਾਣਕਾਰੀ ਦਾ ਮਿਸ਼ਰਣ ਹੈ। ਆਕਸਫੈਮ ਇੰਡੀਆ ਦੇ ਸੀ. ਈ. ਓ. ਅਮਿਤਾਭ ਬੇਹੜ ਨੇ ਕਿਹਾ ਕਿ ਦੇਸ਼ ਦੇ ਹਾਸ਼ੀਏ ’ਤੇ ਪਏ ਲੋਕ ਦਲਿਤ, ਆਦਿਵਾਸੀ, ਮੁਸਲਿਮ, ਔਰਤਾਂ ਅਤੇ ਗੈਰ-ਰਸਮੀ ਖੇਤਰ ਦੇ ਮਜ਼ਦੂਰ ਇਕ ਦੁਸ਼ਟ ਚੱਕਰ ਤੋਂ ਪੀੜਤ ਹਨ, ਜੋ ਸਭ ਤੋਂ ਅਮੀਰ ਲੋਕਾਂ ਦੀ ਹੋਂਦ ਨੂੰ ਯਕੀਨੀ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਗਰੀਬ ਵਧੇਰੇ ਟੈਕਸਾਂ ਦਾ ਭੁਗਤਾਨ ਕਰ ਰਹੇ ਹਨ, ਅਮੀਰਾਂ ਦੀ ਤੁਲਣਾ ’ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ’ਤੇ ਵਧੇਰੇ ਖਰਚ ਕਰ ਰਹੇ ਹਨ। ਸਮਾਂ ਆ ਗਿਆ ਹੈ ਕਿ ਅਮੀਰਾਂ ’ਤੇ ਟੈਕਸ ਲਗਾਇਆ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਉਹ ਆਪਣੇ ਉਚਿੱਤ ਹਿੱਸੇ ਦਾ ਭੁਗਤਾਨ ਕਰਨ।
25 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ ਅਜਿਹਾ
ਆਕਸਫੈਮ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਸਭ ਤੋਂ ਅਮੀਰ ਇਕ ਫੀਸਦੀ ਨੇ ਪਿਛਲੇ ਦੋ ਸਾਲਾਂ ’ਚ ਦੁਨੀਆ ਦੀ ਬਾਕੀ ਆਬਾਦੀ ਦੀ ਤੁਲਣਾ ’ਚ ਲਗਭਗ ਦੁੱਗਣੀ ਜਾਇਦਾਦ ਹਾਸਲ ਕੀਤੀ ਹੈ। ਰਿਪੋਰਟ ਮੁਤਾਬਕ ਅਰਬਪਤੀਆਂ ਦੀ ਜਾਇਦਾਦ ਰੋਜ਼ਾਨਾ 2.7 ਅਰਬ ਡਾਲਰ ਵਧ ਰਹੀ ਹੈ ਜਦ ਕਿ ਘੱਟ ਤੋਂ ਘੱਟ 1.7 ਅਰਬ ਮਜ਼ਦੂਰ ਹੁਣ ਉਨ੍ਹਾਂ ਦੇਸ਼ਾਂ ’ਚ ਰਹਿੰਦੇ ਹਨ, ਜਿੱਥੇ ਮਹਿੰਗਾਈ ਦੀ ਦਰ ਤਨਖਾਹ ’ਚ ਵਾਧੇ ਨਾਲੋਂ ਵੱਧ ਹੈ। ਦੁਨੀਆ ’ਚ ਪਿਛਲੇ ਇਕ ਦਹਾਕੇ ਦੌਰਾਨ ਸਭ ਤੋਂ ਅਮੀਰ 1 ਫੀਸਦੀ ਨੇ ਸਾਰੇ ਤਰ੍ਹਾਂ ਦੀ ਨਵੀਂ ਜਾਇਦਾਦ ਦਾ ਲਗਭਗ ਅੱਧਾ ਹਿੱਸਾ ਹਾਸਲ ਕੀਤਾ। ਪਿਛਲੇ 25 ਸਾਲਾਂ ’ਚ ਪਹਿਲੀ ਵਾਰ ਵਧੇਰੇ ਧਨ ਅਤੇ ਵਧੇਰੇ ਗਰੀਬੀ ਇਕੱਠੀ ਵਧੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ੇਅਰਚੈਟ ’ਚੋਂ ਕੱਢੇ ਗਏ 600 ਕਰਮਚਾਰੀ, ਛਾਂਟੀ ਕਰਨ ਵਾਲੀਆਂ ਕੰਪਨੀਆਂ ’ਚ ਇਕ ਭਾਰਤੀ ਨਾਂ ਸ਼ਾਮਲ
NEXT STORY