ਵਾਸ਼ਿੰਗਟਨ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਨੂੰ ਉੱਚੀ ਆਰਥਕ ਵਾਧਾ ਦਰ ਬਣਾਈ ਰੱਖਣ ਲਈ 3 ਸੁਧਾਰਾਂ 'ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ। ਆਈ. ਐੱਮ. ਐੱਫ. ਨੇ ਕਿਹਾ ਕਿ ਭਾਰਤ ਨੂੰ ਆਪਣੇ ਵਾਧੇ 'ਚ ਜਾਰੀ ਤੇਜ਼ੀ ਨੂੰ ਬਣਾਈ ਰੱਖਣ ਲਈ ਬੈਂਕਿੰਗ ਖੇਤਰ 'ਚ ਸੁਧਾਰ, ਵਿੱਤੀ ਮਜ਼ਬੂਤੀ, ਜੀ. ਐੱਸ. ਟੀ. ਨੂੰ ਸਰਲ ਬਣਾਉਣ ਅਤੇ ਪ੍ਰਮੁੱਖ ਬਾਜ਼ਾਰਾਂ ਦੇ ਸੁਧਾਰਾਂ 'ਚ ਨਵੇਂ ਸਿਰਿਓਂ ਤੇਜ਼ੀ ਲਿਆਉਣ ਵਰਗੇ ਮੋਰਚੇ 'ਤੇ ਕੰਮ ਕਰਨਾ ਚਾਹੀਦਾ ਹੈ। ਦੇਸ਼ ਦੀ ਆਰਥਕ ਵਾਧਾ ਦਰ 2017-18 ਦੀ ਚੌਥੀ ਤਿਮਾਹੀ 'ਚ ਵਧ ਕੇ 7.7 ਫ਼ੀਸਦੀ 'ਤੇ ਪਹੁੰਚ ਗਈ ਹੈ। ਇਸ ਤੋਂ ਪਿਛਲੀ ਤਿਮਾਹੀ 'ਚ ਇਹ 7 ਫ਼ੀਸਦੀ ਸੀ।
ਆਈ. ਐੱਮ. ਐੱਫ. ਦੇ ਕਮਿਊਨੀਕੇਸ਼ਨ ਨਿਰਦੇਸ਼ਕ ਅਤੇ ਬੁਲਾਰੇ ਗੈਰੀ ਰਾਇਸ ਨੇ ਕਿਹਾ ਕਿ ਭਾਰਤ ਦੀ ਆਰਥਕ ਵਾਧਾ ਦਰ 'ਚ 2018-19 'ਚ ਸੁਧਾਰ ਜਾਰੀ ਰਹਿਣ ਦੀ ਉਮੀਦ ਹੈ। ਚਾਲੂ ਵਿੱਤੀ ਸਾਲ 'ਚ ਵਾਧਾ ਦਰ 7.4 ਫ਼ੀਸਦੀ ਅਤੇ ਅੱਗੇ ਚੱਲ ਕੇ 2019-20 'ਚ 7.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਰਾਇਸ ਨੇ ਆਰਥਕ ਵਾਧਾ ਦਰ 'ਚ ਤੇਜ਼ੀ ਨੂੰ ਬਣਾਈ ਰੱਖਣ ਲਈ ਭਾਰਤ ਨੂੰ ਕੁੱਝ ਕੋਸ਼ਿਸ਼ਾਂ 'ਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ ਭਾਰਤ ਨੂੰ ਬੈਂਕਾਂ ਅਤੇ ਕੰਪਨੀਆਂ ਦੀ ਬੈਲੇਂਸਸ਼ੀਟ ਨੂੰ ਸਾਫ਼-ਸੁਥਰਾ ਕਰਨ ਦੇ ਕੰਮ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਕਿ ਬੈਂਕਾਂ ਦੀ ਕਰਜ਼ਾ ਦੇਣ ਦੀ ਸਮਰੱਥਾ ਨੂੰ ਫਿਰ ਤੋਂ ਪਹਿਲੇ ਪੱਧਰ 'ਤੇ ਲਿਆਂਦਾ ਜਾ ਸਕੇ ਅਤੇ ਕਰਜ਼ਾ ਪ੍ਰਬੰਧਾਂ ਨੂੰ ਜ਼ਿਆਦਾ ਸਮਰੱਥ ਬਣਾਇਆ ਜਾ ਸਕੇ।
ਦੂਜੇ ਪੜਾਅ 'ਚ ਵਿੱਤੀ ਮਜ਼ਬੂਤੀ 'ਚ ਸੁਧਾਰ ਨੂੰ ਜਾਰੀ ਰੱਖਣ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਸੰਰਚਨਾ ਨੂੰ ਹੋਰ ਸਰਲ ਅਤੇ ਵਿਵਸਥਿਤ ਕਰਨ ਦਾ ਸੁਝਾਅ ਦਿੱਤਾ ਹੈ। ਉਥੇ ਹੀ ਤੀਸਰੇ ਪੜਾਅ 'ਚ ਮੱਧ ਮਿਆਦ ਦੌਰਾਨ ਕਿਰਤ ਅਤੇ ਰੀਅਲਟੀ ਵਰਗੇ ਪ੍ਰਮੁੱਖ ਬਾਜ਼ਾਰਾਂ ਦੇ ਸੁਧਾਰਾਂ 'ਚ ਨਵੇਂ ਸਿਰਿਓਂ ਤੇਜ਼ੀ ਲਿਆਉਣ ਦਾ ਸੁਝਾਅ ਦਿੱਤਾ ਹੈ। ਇਹ ਕਾਰੋਬਾਰੀ ਮਾਹੌਲ ਅਤੇ ਮੁਕਾਬਲੇਬਾਜ਼ੀ 'ਚ ਸੁਧਾਰ ਕਰਨ ਲਈ ਬਹੁਤ ਜ਼ਰੂਰੀ ਹੈ। ਇਹ ਭਾਰਤ ਦੀ ਵਾਧਾ ਦਰ ਨੂੰ ਉੱਚਾ ਬਣਾਈ ਰੱਖਣ 'ਚ ਮਦਦ ਕਰੇਗਾ।
54 ਅਧਿਕਾਰੀਆਂ ਦੀ ਮਦਦ ਨਾਲ ਨੀਰਵ ਮੋਦੀ ਨੇ ਕੀਤਾ 14000 ਕਰੋੜ ਦਾ ਫਰਾਡ
NEXT STORY