ਬਿਜ਼ਨੈੱਸ ਡੈਸਕ : ਬੁਨਿਆਦੀ ਢਾਂਚਾ ਖੇਤਰ ਦੀਆਂ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਖਰਚੇ ਵਾਲੇ 364 ਪ੍ਰਾਜੈਕਟਾਂ ਦੀ ਲਾਗਤ 4.52 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵੱਧ ਗਈ ਹੈ। ਇਕ ਅਧਿਕਾਰਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਰੀ ਅਤੇ ਹੋਰ ਕਾਰਨਾਂ ਕਰਕੇ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਦਾ ਹੈ।
ਮੰਤਰਾਲੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜਿਹੇ 1,476 ਪ੍ਰੋਜੈਕਟਾਂ 'ਚੋਂ 364 ਦੀ ਲਾਗਤ ਵੱਧ ਗਈ ਹੈ, ਜਦਕਿ 756 ਪ੍ਰੋਜੈਕਟ ਦੇਰੀ ਨਾਲ ਚੱਲ ਰਹੇ ਹਨ। ਰਿਪੋਰਟ ਅਨੁਸਾਰ, “ਇਨ੍ਹਾਂ 1,476 ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਮੁੱਲ ਲਾਗਤ 20,84,124.75 ਕਰੋੜ ਰੁਪਏ ਸੀ ਪਰ ਹੁਣ ਇਹ ਵਧ ਕੇ 25,36,179.03 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 21.69 ਫੀਸਦੀ ਯਾਨੀ ਕਿ 4,52,054.28 ਕਰੋੜ ਰੁਪਏ ਵਧ ਗਈ ਹੈ।
ਰਿਪੋਰਟ ਮੁਤਾਬਕ ਨਵੰਬਰ 2022 ਤੱਕ ਇਨ੍ਹਾਂ ਪ੍ਰਾਜੈਕਟਾਂ 'ਤੇ 13,67,245.45 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜੋ ਕਿ ਕੁੱਲ ਅਨੁਮਾਨਿਤ ਲਾਗਤ ਦਾ 53.91 ਫੀਸਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਅਸੀਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸੰਸ਼ੋਧਿਤ ਸਮਾਂ ਸੀਮਾ 'ਤੇ ਚੱਲੀਏ ਤਾਂ ਦੇਰੀ ਵਾਲੇ ਪ੍ਰੋਜੈਕਟਾਂ ਦੀ ਗਿਣਤੀ ਘੱਟ ਕੇ 513 ਹੋ ਜਾਵੇਗੀ। ਇਨ੍ਹਾਂ ਪ੍ਰਾਜੈਕਟਾਂ 'ਚ ਦੇਰੀ ਦਾ ਮੁੱਖ ਕਾਰਨ ਕੋਵਿਡ-19 ਮਹਾਮਾਰੀ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਨੂੰ ਦੱਸਿਆ ਗਿਆ ਹੈ।
ਰੇਲ ਗੱਡੀ 'ਚ ਪਾਣੀ ਦੀ ਬੋਤਲ ਲਈ 5 ਰੁਪਏ ਵਾਧੂ ਵਸੂਲੀ ਦੇ ਦੋਸ਼ 'ਚ ਠੇਕੇਦਾਰ ਨੂੰ 1 ਲੱਖ ਰੁਪਏ ਜੁਰਮਾਨਾ
NEXT STORY