ਮੁੰਬਈ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ 'ਪ੍ਰੈਟ ਐਂਡ ਵਿਹਟਨੀ' (ਪੀ. ਡਬਲਿਊ.) ਇੰਜਣ ਵਾਲੇ ਜਹਾਜ਼ਾਂ ਦੀ ਉਡਾਣ 'ਤੇ ਰੋਕ ਲਾਉਣ ਨਾਲ ਅੱਜ ਤੀਜੇ ਦਿਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਇੰਡੀਗੋ ਅਤੇ ਗੋਏਅਰ ਨੇ ਬੁੱਧਵਾਰ ਤਕਰੀਬਨ 50 ਉਡਾਣਾਂ ਰੱਦ ਕੀਤੀਆਂ ਹਨ। ਕੁੱਲ ਰੱਦ 48 ਉਡਾਣਾਂ 'ਚੋਂ 42 ਉਡਾਣਾਂ ਇੰਡੀਗੋ ਅਤੇ 6 ਗੋਏਅਰ ਦੀਆਂ ਹਨ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ 'ਚ ਕਿਹਾ ਕਿ ਇੰਡੀਗੋ ਨੇ 14 ਮਾਰਚ ਲਈ 42 ਉਡਾਣਾਂ ਨੂੰ ਰੱਦ ਕੀਤਾ ਹੈ। ਇਨ੍ਹਾਂ 'ਚ ਅੰਮ੍ਰਿਤਸਰ, ਮੁੰਬਈ, ਕੋਲਕਾਤਾ, ਪੁਣੇ, ਜੈਪੁਰ, ਸ਼੍ਰੀਨਗਰ, ਭੁਵਨੇਸ਼ਵਰ, ਚੇਨਈ, ਦਿੱਲੀ, ਦੇਹਰਾਦੂਨ, ਬੇਂਗਲੁਰੂ ਅਤੇ ਹੈਦਰਾਬਾਦ ਸਮੇਤ ਹੋਰ ਥਾਵਾਂ ਲਈ ਉਡਾਣਾਂ ਸ਼ਾਮਲ ਹਨ। ਇੰਡੀਗੋ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਦਿੱਲੀ ਦੀ ਫਲਾਈਟ ਨੰਬਰ 525 ਨੂੰ 14 ਮਾਰਚ ਯਾਨੀ ਅੱਜ ਲਈ ਰੱਦ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਮੁਸਾਫਰ ਆਪਣੀ ਫਲਾਈਟ ਦੇ ਟਾਈਮ ਜਾਂ ਤਰੀਕ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ ਬਦਲ ਸਕਦੇ ਹਨ। ਦੂਜੀ ਜਹਾਜ਼ ਕੰਪਨੀ ਗੋਏਅਰ ਨੇ ਕਿਹਾ ਕਿ ਉਸ ਨੇ ਅੱਜ ਕੁੱਲ 6 ਉਡਾਣਾਂ ਨੂੰ ਰੱਦ ਕੀਤਾ ਹੈ। ਕੱਲ ਉਸ ਨੇ 18 ਉਡਾਣਾਂ ਨੂੰ ਰੱਦ ਕੀਤਾ ਸੀ।
ਜ਼ਿਕਰਯੋਗ ਹੈ ਕਿ ਡੀ. ਜੀ. ਸੀ. ਏ. ਨੇ ਇੰਜਣ 'ਚ ਲਗਾਤਾਰ ਆ ਰਹੀਆਂ ਖਰਾਬੀਆਂ ਦੇ ਬਾਅਦ 11 ਏਅਰਬੱਸ ਨਿਓ ਜਹਾਜ਼ਾਂ ਦੀ ਉਡਾਣ ਰੋਕਣ ਦਾ ਹੁਕਮ ਦਿੱਤਾ ਹੈ। ਇਨ੍ਹਾਂ 'ਚ 8 ਇੰਡੀਗੋ ਅਤੇ 3 ਗੋਏਅਰ ਦੇ ਜਹਾਜ਼ ਹਨ। ਇਨ੍ਹਾਂ ਇੰਜਣਾਂ ਦਾ ਨਿਰਮਾਣ 'ਪ੍ਰੈਟ ਐਂਡ ਵਿਹਟਨੀ' (ਪੀ. ਡਬਲਿਊ.) ਨੇ ਕੀਤਾ ਸੀ। ਇਹ ਖਰਾਬੀ ਇੰਜਣ ਦੇ ਉਸ ਪੁਰਜੇ 'ਚ ਆ ਰਹੀ ਹੈ, ਜੋ ਕਿਸੇ ਖਤਰੇ ਦਾ ਸ਼ੁਰੂਆਤੀ ਸੰਕੇਤ ਦੇ ਸਕਦਾ ਹੈ ਅਤੇ ਇਹ ਉਸ ਹਿੱਸੇ 'ਚ ਲੱਗਾ ਹੁੰਦਾ ਹੈ, ਜੋ ਉੱਚ ਦਬਾਅ ਝੱਲਣ 'ਚ ਸਮਰੱਥ ਹੁੰਦਾ ਹੈ। ਇੰਡੀਗੋ ਅਤੇ ਗੋਏਅਰ ਦੋਹਾਂ ਜਹਾਜ਼ ਕੰਪਨੀਆਂ ਨੂੰ ਇਨ੍ਹਾਂ ਇੰਜਣਾਂ 'ਚ ਦੁਬਾਰਾ ਕਲ-ਪੁਰਜ਼ੇ ਲਾਉਣ ਲਈ ਕਿਹਾ ਗਿਆ ਹੈ। ਦਰਅਸਲ ਪ੍ਰੈਟ ਐਂਡ ਵਿਹਟਨੀ ਇੰਜਣ ਉਡਾਣ ਦੌਰਾਨ ਠੱਪ ਹੋ ਜਾਂਦੇ ਸਨ।
ਟਰੰਪ ਦੇ 'ਸਟੀਲ ਵਾਰ' ਦੇ ਅਸਰ ਦਾ ਭਾਰਤ ਨੇ ਸ਼ੁਰੂ ਕੀਤਾ ਵਿਸ਼ਲੇਸ਼ਣ
NEXT STORY