ਨਵੀਂ ਦਿੱਲੀ - ਸੁਪਰੀਮ ਕੋਰਟ 'ਚ ਅਡਾਨੀ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਫਿਰ ਤੋਂ ਟਾਲ ਦਿੱਤੀ ਗਈ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਸੇਬੀ ਦੀ ਉਸ ਅਰਜ਼ੀ 'ਤੇ ਸੁਣਵਾਈ ਕਰਨੀ ਸੀ, ਜਿਸ 'ਚ ਅਡਾਨੀ ਸਮੂਹ ਵਿਰੁੱਧ ਹਿੰਡਨਬਰਗ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਤੋਂ ਛੇ ਮਹੀਨੇ ਹੋਰ ਸਮਾਂ ਮੰਗਿਆ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ 16 ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ, ਸੇਬੀ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਦੱਸਿਆ ਕਿ 2016 ਤੋਂ ਉਸਨੇ ਅਡਾਨੀ ਸਮੂਹ ਦੀ ਕਿਸੇ ਵੀ ਕੰਪਨੀ ਦੇ ਖ਼ਿਲਾਫ਼ ਕੋਈ ਜਾਂਚ ਨਹੀਂ ਕੀਤੀ ਅਤੇ ਇਹ ਕਹਿਣਾ ਪੂਰੀ ਤਰ੍ਹਾਂ ਬੇਬੁਨਿਆਦ ਹੈ ਕਿ ਸੇਬੀ ਸਮੂਹ ਦੀ ਕੰਪਨੀ ਵਿਰੁੱਧ ਜਾਂਚ ਕਰ ਰਹੀ ਸੀ।
ਜਾਂਚ ਨੂੰ ਪੂਰਾ ਕਰਨ ਲਈ ਸਮਾਂ ਵਧਾਉਣ ਦੀ ਮੰਗ ਕਰਦੇ ਹੋਏ, ਸੇਬੀ ਨੇ ਅਦਾਲਤ ਨੂੰ ਕਿਹਾ ਹੈ ਕਿ ਨਿਆਂ ਲਈ, ਅਡਾਨੀ ਸਮੂਹ ਦੇ ਖ਼ਿਲਾਫ਼ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੀ ਜਾਂਚ ਕਰਨਾ ਜ਼ਰੂਰੀ ਹੈ। ਸੇਬੀ ਨੇ ਕਿਹਾ ਕਿ ਅਡਾਨੀ ਸਮੂਹ ਦੇ ਰੈਗੂਲੇਟਰੀ ਖੁਲਾਸਿਆਂ ਵਿੱਚ ਸੰਭਾਵਿਤ ਖਾਮੀਆਂ ਦੀ ਜਾਂਚ ਤੋਂ ਪਹਿਲਾਂ ਕੋਈ ਗਲਤ ਜਾਂ ਅਚਨਚੇਤੀ ਸਿੱਟਾ ਕੱਢਣਾ ਨਿਆਂ ਦੇ ਹਿੱਤ ਵਿੱਚ ਨਹੀਂ ਹੋਵੇਗਾ ਅਤੇ ਕਾਨੂੰਨ ਵਿੱਚ ਵੀ ਜਾਇਜ਼ ਨਹੀਂ ਹੋਵੇਗਾ। ਸੇਬੀ ਨੇ ਕਿਹਾ ਕਿ ਉਸ ਨੇ 11 ਦੇਸ਼ਾਂ ਦੇ ਰੈਗੂਲੇਟਰਾਂ ਨਾਲ ਸੰਪਰਕ ਕੀਤਾ ਹੈ। ਸੇਬੀ ਨੇ ਇਨ੍ਹਾਂ ਰੈਗੂਲੇਟਰਾਂ ਨੂੰ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ ਕਿ ਕੀ ਅਡਾਨੀ ਸਮੂਹ ਨੇ ਬਾਜ਼ਾਰ ਵਿੱਚ ਉਪਲਬਧ ਸ਼ੇਅਰਾਂ ਬਾਰੇ ਕਿਸੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
12 ਮਈ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਸੇਬੀ ਨੂੰ ਕਿਹਾ ਸੀ ਕਿ ਜਾਂਚ ਨੂੰ ਪੂਰਾ ਕਰਨ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ, ਜੋ ਵਾਜਬ ਨਹੀਂ ਹੈ। ਉਸਨੇ ਸੇਬੀ ਨੂੰ ਤਿੰਨ ਮਹੀਨਿਆਂ ਵਿੱਚ ਜਾਂਚ ਪੂਰੀ ਕਰਨ ਲਈ ਕਿਹਾ ਹੈ। ਹਾਲਾਂਕਿ ਸਮਾਂ ਸੀਮਾ ਵਧਾਉਣ ਬਾਰੇ ਅਦਾਲਤ ਦਾ ਅੰਤਿਮ ਫ਼ੈਸਲਾ ਮੰਗਲਵਾਰ ਨੂੰ ਆ ਸਕਦਾ ਹੈ। ਸੇਬੀ ਨੇ ਅਡਾਨੀ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਅਦਾਲਤ ਤੋਂ ਛੇ ਮਹੀਨਿਆਂ ਦਾ ਹੋਰ ਸਮਾਂ ਮੰਗਿਆ ਹੈ।
ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ
NEXT STORY