ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ 'ਚ ਨਿਵੇਸ਼ ਦੇ ਨਾਂ 'ਤੇ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਨੋਇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਾਰੋਬਾਰੀ ਨੂੰ ਮੋਟੀ ਰਿਟਰਨ ਦਾ ਲਾਲਚ ਦੇ ਕੇ 1.15 ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਪੀੜਤ ਨੂੰ ਫਰਜ਼ੀ ਵੈੱਬਸਾਈਟਾਂ ਰਾਹੀਂ ਨਿਵੇਸ਼ ਕਰਨ ਲਈ ਉਕਸਾਇਆ ਗਿਆ ਅਤੇ ਵਾਰ-ਵਾਰ ਪੈਸੇ ਜਮ੍ਹਾ ਕਰਵਾਉਣ ਲਈ ਮਜਬੂਰ ਕੀਤਾ ਗਿਆ।
ਜਾਅਲੀ ਵੈਬਸਾਈਟਾਂ ਰਾਹੀਂ ਧੋਖਾਧੜੀ
ਮੀਡੀਆ ਰਿਪੋਰਟਾਂ ਮੁਤਾਬਕ 27 ਜਨਵਰੀ ਨੂੰ ਨੋਇਡਾ ਸੈਕਟਰ-44 ਦੇ ਰਹਿਣ ਵਾਲੇ ਕਾਰੋਬਾਰੀ ਨੂੰ ਇਕ ਔਰਤ ਦਾ ਫੋਨ ਆਇਆ ਜਿਸ ਨੇ ਆਪਣਾ ਨਾਂ ਰਿਸ਼ਿਤਾ ਦੱਸਿਆ। ਔਰਤ ਨੇ catalystgroupstar.com ਅਤੇ pe.catamarketss.com ਵਰਗੀਆਂ ਵੈੱਬਸਾਈਟਾਂ ਦੇ ਲਿੰਕ ਭੇਜੇ, ਜੋ m.catamarketss.com 'ਤੇ ਰੀਡਾਇਰੈਕਟ ਕੀਤੇ ਗਏ।
ਸ਼ੁਰੂ ’ਚ ਮੁਨਾਫ਼ਾ ਦਿੱਤਾ, ਫਿਰ ਧੋਖੇ ਦਾ ਜਾਲ
ਪੀੜਤ ਨੇ ਪਹਿਲਾਂ 31 ਜਨਵਰੀ ਨੂੰ ਆਪਣੀ ਭੈਣ ਦੇ ਖਾਤੇ ’ਚੋਂ 1 ਲੱਖ ਰੁਪਏ ਨਿਵੇਸ਼ ਕੀਤੇ। ਅਗਲੇ ਹੀ ਦਿਨ ਉਸ ਨੂੰ 15,040 ਰੁਪਏ ਦਾ ਮੁਨਾਫ਼ਾ ਦਿਖਾਇਆ ਗਿਆ, ਜਿਸ ਨੂੰ ਵੀ ਕਢਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਅਤੇ ਉਹ ਫਰਵਰੀ ਤੱਕ ਇਸ ਸਕੀਮ ’ਚ ਨਿਵੇਸ਼ ਕਰਦਾ ਰਿਹਾ। ਰਿਸ਼ਿਤਾ ਦੇ ਕਹਿਣ 'ਤੇ ਉਸ ਨੇ ਵੱਖ-ਵੱਖ ਖਾਤਿਆਂ 'ਚ ਕੁੱਲ 65 ਲੱਖ ਰੁਪਏ ਨਿਵੇਸ਼ ਕੀਤੇ। ਉਸ ਨੂੰ ਦੱਸਿਆ ਗਿਆ ਕਿ ਉਸ ਦਾ ਨਿਵੇਸ਼ ਵਧ ਕੇ 1.9 ਕਰੋੜ ਰੁਪਏ ਹੋ ਗਿਆ ਹੈ, ਜਿਸ ਕਾਰਨ ਉਹ ਹੋਰ ਵੀ ਉਤਸ਼ਾਹਿਤ ਹੋ ਗਿਆ ਹੈ।
ਜਾਅਲੀ ਟੈਕਸਾਂ ਅਤੇ ਚਾਰਜਿਜ਼ ਦੇ ਨਾਂ 'ਤੇ ਵਸੂਲੀ
ਜਦੋਂ ਪੀੜਤ ਨੇ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਹਿਲਾਂ ਟੈਕਸ ਵਜੋਂ 31.6 ਲੱਖ ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ, ਜੋ ਉਸ ਨੇ ਮਾਰਚ ਦੇ ਸ਼ੁਰੂ ’ਚ ਅਦਾ ਕੀਤਾ। ਇਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਫੰਡ ਜਾਰੀ ਕਰਨ ਲਈ 'ਕਨਵਰਜ਼ਨ ਚਾਰਜ' ਵਜੋਂ ਹੋਰ 18.6 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਦੇ ਬਾਵਜੂਦ ਉਸ ਨੂੰ ਨਾ ਤਾਂ ਨਿਵੇਸ਼ ਕੀਤੀ ਰਕਮ ਮਿਲੀ ਅਤੇ ਨਾ ਹੀ ਕੋਈ ਲਾਭ। ਜਦੋਂ ਧੋਖੇਬਾਜ਼ਾਂ ਨੇ 40 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ।
ਸਾਈਬਰ ਕ੍ਰਾਈਮ ਪੁਲਸ ਕਰ ਰਹੀ ਜਾਂਚ
ਇਸ ਤੋਂ ਬਾਅਦ ਕਾਰੋਬਾਰੀ ਨੇ ਤੁਰੰਤ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਤੇ ਸਾਈਬਰ ਕ੍ਰਾਈਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 318 (4) (ਧੋਖਾਧੜੀ) ਅਤੇ 319 (2) (ਗਲਤ ਬਿਆਨਬਾਜ਼ੀ ਦੁਆਰਾ ਧੋਖਾਧੜੀ) ਅਤੇ ਆਈਟੀ ਐਕਟ ਦੀ ਧਾਰਾ 66 ਡੀ ਦੇ ਤਹਿਤ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਧੋਖੇਬਾਜ਼ਾਂ ਨੂੰ ਫੜਨ ਦੀ ਉਮੀਦ ਹੈ। ਪੁਲਸ ਨੇ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਅਣਜਾਣ ਵੈਬਸਾਈਟਾਂ ਅਤੇ ਸਕੀਮਾਂ ’ਚ ਪੈਸਾ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ।
ਵਿਦੇਸ਼ਾਂ 'ਚੋਂ ਆਏ 118 ਬਿਲੀਅਨ ਡਾਲਰ 'ਚੋਂ ਸਭ ਤੋਂ ਵੱਧ ਮਹਾਰਾਸ਼ਟਰ 'ਚ, ਪੰਜਾਬ 'ਚ ਆਇਆ ਸਿਰਫ਼ 4 ਫ਼ੀਸਦੀ
NEXT STORY