ਚੇਨਈ (ਭਾਸ਼ਾ) - ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਏਅਰ ਇੰਡੀਆ ਨੂੰ ਗਲੋਬਲ ਪੱਧਰ ’ਤੇ ਸ਼ਾਨਦਾਰ ਸੇਵਾਵਾਂ ਅਤੇ ਪ੍ਰਦਰਸ਼ਨ ਨਾਲ ਅੱਵਲ ਦਰਜੇ ਦੀ ਏਅਰਲਾਈਨ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਟਾਟਾ ਸਮੂਹ ਨੇ 2022 ’ਚ ਏਅਰ ਇੰਡੀਆ ਨੂੰ ਐਕਵਾਇਰ ਕੀਤਾ ਸੀ।
ਚੰਦਰਸ਼ੇਖਰਨ ਇਥੇ ਐੱਨ. ਆਈ. ਟੀ. ਤਰਿਚੀ ਦੇ ਇਕ ਪ੍ਰੋਗਰਾਮ ’ਚ ਟੀ. ਵੀ. ਐੱਸ. ਸਪਲਾਈ ਚੇਨ ਸਾਲਿਊਸ਼ਨਜ਼ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਰਵੀ ਵਿਸ਼ਵਨਾਥਨ ਨਾਲ ਚਰਚਾ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ 2022 ’ਚ ਟਾਟਾ ਸਮੂਹ ਵੱਲੋਂ ਐਕਵਾਇਰ ਕਰਨ ਤੋਂ ਬਾਅਦ ਲੋਕ ਏਅਰ ਇੰਡੀਆ ਤੋਂ ਕੀ ਉਮੀਦ ਕਰ ਸਕਦੇ ਹਨ।
ਚੰਦਰਸ਼ੇਖਰਨ ਨੇ ਕਿਹਾ, ‘‘ਮੇਰੀ ਵਚਨਬੱਧਤਾ ਏਅਰ ਇੰਡੀਆ ਨੂੰ ਦੁਨੀਆ ਦੀ ਸਿਖਰਲੀ ਸ਼੍ਰੇਣੀ ਦੀ ਏਅਰਲਾਈਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਹੈ। ਅਜਿਹਾ ਹਾਰਡਵੇਅਰ, ਉਡਾਣ ਤਜਰਬਾ, ਗਾਹਕ ਤਜਰਬਾ, ਤਕਨੀਕ ਅਤੇ ਹਰ ਲਿਹਾਜ਼ ਨਾਲ ਹੋਵੇਗਾ। ਹਲਕੇ-ਫੁਲਕੇ ਅੰਦਾਜ਼ ’ਚ ਉਨ੍ਹਾਂ ਪ੍ਰੋਗਰਾਮ ਵਾਲੀ ਥਾਂ ’ਤੇ ਮੌਜੂਦ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਜਹਾਜ਼ ਨਿਰਮਾਤਾ ਬੋਇੰਗ ਅਤੇ ਏਅਰਬੱਸ ਨੂੰ ਅਪੀਲ ਕਰਨ ਕਿ ਉਹ ਏਅਰ ਇੰਡੀਆ ਦੇ ਆਰਡਰ ਅਨੁਸਾਰ ਜਹਾਜ਼ਾਂ ਦੀ ਸਪਲਾਈ ਛੇਤੀ ਕਰਨ।’’ ਏਅਰ ਇੰਡੀਆ ਸਮੂਹ ਨੇ ਕੁੱਲ 470 ਜਹਾਜ਼ਾਂ (250 ਏਅਰਬਸ ਨੂੰ ਅਤੇ 220 ਬੋਇੰਗ ਨੂੰ) ਦਾ ਆਰਡਰ ਦਿੱਤਾ ਹੈ ।
ਸੈਮੀਕੰਡਕਟਰ ਉਦਯੋਗ ’ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਚੰਦਰਸ਼ੇਖਰਨ ਨੇ ਕਿਹਾ ਕਿ ਇਸ ’ਚ ਬਹੁਤ ਵੱਡਾ ਮੌਕਾ ਹੈ ਅਤੇ ਸੈਮੀਕੰਡਕਟਰ ਖੇਤਰ ’ਚ ਟਾਟਾ ਸਨਜ਼ ਦਾ ਨਿਵੇਸ਼ ਲੱਗਭਗ 18 ਅਰਬ ਅਮਰੀਕੀ ਡਾਲਰ ਦਾ ਹੈ। ਉਨ੍ਹਾਂ ਕਿਹਾ, ‘‘ਸਾਡਾ ਸੈਮੀਕੰਡਕਟਰ ਫਰਵਰੀ 2026 ’ਚ ਚਾਲੂ ਹੋ ਜਾਣਾ ਚਾਹੀਦਾ ਹੈ, ਇਸ ਲਈ, ਭਾਵੇਂ ਉਹ ਊਰਜਾ ਖੇਤਰ ਹੋਵੇ ਜਾਂ ਸੈਮੀਕੰਡਕਟਰ, ਅਸੀਂ ਅਗਵਾਈ ਕੀਤੀ ਹੈ ਅਤੇ ਇਕ ਸ਼ੁਰੂਆਤ ਕੀਤੀ ਹੈ। ਸਾਨੂੰ ਸੈਮੀਕੰਡਕਟਰ ਖੇਤਰ ’ਚ ਇਕ ਸੰਪੂਰਣ ਈਕੋ ਸਿਸਟਮ ਬਣਾਉਣਾ ਹੈ।’’
ਮਹਿੰਗਾਈ ਢਾਹੇਗੀ ਹੋਰ ਕਹਿਰ, 3 ਗੁਣਾ ਵਧਣਗੀਆਂ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ
NEXT STORY