ਨਵੀਂ ਦਿੱਲੀ– ਭਾਰਤ ’ਚ 10 ਕਰੋੜ ਤੋਂ ਵੱਧ ਲੋਕਾਂ ਕੋਲ 5ਜੀ ਸੇਵਾ ਲਈ ਤਿਆਰ ਸਮਾਰਟਫੋਨ ਹਨ ਜੋ 2023 ’ਚ 5ਜੀ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੇ ਹਨ। ਇਨ੍ਹਾਂ ’ਚੋਂ ਕਈ ਲੋਕ 5ਜੀ ਲਈ 45 ਫੀਸਦੀ ਵੱਧ ਭੁਗਤਾਨ ਕਰਨ ਲਈ ਵੀ ਤਿਆਰ ਹਨ। ਇਕ ਸਰਵੇ ਤੋਂ ਇਹ ਜਾਣਕਾਰੀ ਮਿਲੀ। ਦੇਸ਼ ’ਚ 5ਜੀ ਸੇਵਾ ਦੀ ਉਪਲਬਧਤਾ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਲਿਹਾਜ ਨਾਲ ਇਹ ਸਰਵੇ ਮਹੱਤਵ ਰੱਖਦਾ ਹੈ।
ਚੀਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਭਾਰਤ ਦਾ ਹੈ। ਸਰਵੇ ’ਚ ਕਿਹਾ ਗਿਆ ਕਿ ਭਰੋਸਾ ਕਾਇਮ ਕਰਨ ਦਾ ਕੰਮ 5ਜੀ ਨੈੱਟਵਰਕ ਦਾ ਪ੍ਰਦਰਸ਼ਨ ਹੀ ਕਰੇਗਾ। ਇਸ ਤੋਂ ਇਲਾਵਾ ਜੋ ਲੋਕ 5ਜੀ ਸੇਵਾ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ’ਚੋਂ 36 ਫੀਸਦੀ ਸਰਬੋਤਮ ਸੇਵਾ ਪ੍ਰੋਵਾਈਡਰ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹਨ। ਉੱਥੇ ਹੀ 5ਜੀ ਸਮਰੱਥ ਸਮਾਰਟਫੋਨ ਵਾਲੇ ਕਰੀਬ 60 ਫੀਸਦੀ ਲੋਕ ਇਨੋਵੇਸ਼ਨ ਐਪਲੀਕੇਸ਼ਨਸ ਦੀ ਉਮੀਦ ਲਾਈ ਬੈਠੇ ਹਨ।
‘5ਜੀ ਦਾ ਵਾਅਦਾ’ ਨਾਂ ਦੀ ਰਿਪੋਰਟ ’ਚ ਕਿਹਾ ਗਿਆ ਕਿ ਇਹ ਯੂਜ਼ਰ ਅਜਿਹੇ ਪਲਾਨ ਲਈ 45 ਫੀਸਦੀ ਵੱਧ ਭੁਗਤਾਨ ਕਰਨ ਲਈ ਤਿਆਰ ਹੈ ਜੋ ਉਨ੍ਹਾਂ ਨੂੰ ਨਵੇਂ ਤਜ਼ਰਬੇ ਦਿੰਦਾ ਹੋਵੇ ਅਤੇ ਉਨ੍ਹਾਂ ਦੀਆਂ ਉਮੀਦਾਂ ਦੇ ਮੁਤਾਬਕ ਹੋਵੇ। ਇਹ ਰਿਪੋਰਟ ਇਸ ਸਾਲ ਦੀ ਦੂਜੀ ਤਿਮਾਹੀ ’ਚ ਏਰਿਕਸਨ ਕੰਜਿਊਮਰ ਲੈਬ ਨੇ ਤਿਆਰ ਕੀਤੀ ਅਤੇ ਇਸ ’ਚ ਸ਼ਹਿਰੀ ਭਾਰਤ ਦੇ 30 ਕਰੋੜ ਸਮਾਰਟਫੋਨ ਧਾਰਕਾਂ ਦੀ ਰਾਏ ਜਾਣੀ ਗਈ। ਇਸ ’ਚ ਕਿਹਾ ਗਿਆ ਕਿ ਅਜਿਹੀ ਉਮੀਦ ਹੈ ਕਿ 5ਜੀ ਦੀ ਸ਼ੁਰੂਆਤ ਖਪਤਕਾਰਾਂ ਨਾਲ ਹੋਵੇਗੀ, ਫਿਰ ਇਹ ਸੇਵਾ ਉੱਦਮਾਂ ਦੇ ਪੱਧਰ ਤੱਕ ਪਹੁੰਚੇਗੀ ਕਿਉਂਕਿ 5ਜੀ ਨੂੰ ਲੈ ਕੇ ਭਾਰਤੀ ਖਪਤਕਾਰ ਪੂਰੀ ਤਰ੍ਹਾਂ ਤਿਆਰ ਹਨ। ਇਸ ’ਚ ਕਿਹਾ ਗਿਆ ਕਿ ਸ਼ਹਿਰੀ ਭਾਰਤ ’ਚ 5ਜੀ ਸੇਵਾ ਦਾ ਆਨੰਦ ਮਾਣਨ ਦਾ ਇਰਾਦਾ ਬ੍ਰਿਟੇਨ ਅਤੇ ਅਮਰੀਕੀ ਖਪਤਕਾਰਾਂ ਦੀ ਤੁਲਣਾ ’ਚ ਦੁੱਗਣਾ ਹੈ, ਜਿੱਥੇ 5ਜੀ ਸੇਵਾ ਸ਼ੁਰੂ ਹੋ ਚੁੱਕੀ ਹੈ।
5ਜੀ ਹੈਂਡਸੈੱਟ ਰੱਖਣ ਵਾਲੇ ਸਮਾਰਟਫੋਨ ਧਾਰਕਾਂ ਦੀ ਗਿਣਤੀ ਤਿੰਨ ਗੁਣਾ ਵਧੀ
ਰਿਪੋਰਟ ਮੁਤਾਬਕ ਬੀਤੇ ਦੋ ਸਾਲਾਂ ’ਚ ਭਾਰਤ ’ਚ 5ਜੀ ਹੈਂਡਸੈੱਟ ਰੱਖਣ ਵਾਲੇ ਸਮਾਰਟਫੋਨ ਧਾਰਕਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ। ਅਧਿਐਨ ’ਚ ਪਤਾ ਲੱਗਾ ਕਿ 10 ਕਰੋੜ ਤੋਂ ਵੱਧ ਖਪਤਕਾਰ, ਜਿਨ੍ਹਾਂ ਕੋਲ 5ਜੀ ਸੇਵਾ ਲਈ ਤਿਆਰ ਸਮਾਰਟਫੋਨ ਹੈ ਉਹ 2023 ’ਚ 5ਜੀ ਸੇਵਾ ਲੈਣਾ ਚਾਹੁੰਦੇ ਹਨ। ਏਰਿਕਸਨ ਕੰਜਿਊਮਰ ਲੈਬ ਦੇ ਮੁਖੀ ਜਸਮੀਤ ਸੇਠੀ ਨੇ ਕਿਹਾ ਕਿ 5ਜੀ ਸੇਵਾ ਭਾਰਤ ਦੇ ਸੇਵਾ ਪ੍ਰੋਵਾਈਡਰਸ ਨੂੰ ਖਪਤਕਾਰ ਬਾਜ਼ਾਰ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਦੇਵੇਗੀ, ਜਿਸ ’ਚ ਧਿਆਨ 5ਜੀ ਦੀ ਗੁਣਵੱਤਾ ਅਤੇ ਉਪਲਬਧਤਾ ’ਤੇ ਹੋਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਾਲ ਵਧੇਗਾ ਭਾਰਤ ਦਾ ਕਾਰੋਬਾਰ : ਮੂਡੀਜ਼
NEXT STORY