ਨਵੀਂ ਦਿੱਲੀ - ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਕਪਾਹ ਘਰੇਲੂ ਮੰਡੀਆਂ ’ਚ ਹੁਣ ਤੱਕ ਕਰੀਬ 345-346 ਲੱਖ ਗੰਢ ਆਮਦ ਪਹੁੰਚਾਉਣ ਦੀ ਸੂਚਨਾ ਮਿਲੀ ਹੈ। ਇਕ ਗੰਢ 170 ਕਿਲੋ ਭਾਰ ਦੀ ਹੁੰਦੀ ਹੈ। ਦੇਸ਼ ’ਚ ਆਈ ਹੁਣ ਤੱਕ ਕੁਲ ਆਮਦ ’ਚ ਪੰਜਾਬ ’ਚ 9,51,300 ਗੰਢ, ਹਰਿਆਣਾ 24,44,600 ਗੰਢ, ਸ਼੍ਰੀਗੰਗਾਨਗਰ ਸਰਕਲ 18,67,000 ਅਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 14,19,200 ਗੰਢ ਵੀ ਸ਼ਾਮਲ ਹੈ। ਅੱਜਕੱਲ ਦੇਸ਼ ਭਰ ’ਚ ਰੋਜ਼ਾਨਾ ਕਰੀਬ 50000-55000 ਗੰਢ ਤੋਂ ਜ਼ਿਆਦਾ ਕਪਾਹ ਦੀ ਆਮਦ ਮੰਡੀਆਂ ’ਚ ਪਹੁੰਚ ਰਹੀ ਹੈ।
ਸੂਤਰਾਂ ਅਨੁਸਾਰ ਚਾਲੂ ਕਪਾਹ ਸੀਜ਼ਨ ਦੌਰਾਨ ਇਸ ਵਾਰ ਕਰੀਬ 390 ਲੱਖ ਗੰਢ ਆਮਦ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਕੋਰੋਨਾ ਫੈਲਿਆ ਹੈ, ਉਦੋਂ ਤੋਂ ਹੀ ਭਾਰਤੀ ਟੈਕਸਟਾਈਲਜ਼ ਉਦਯੋਗ ’ਤੇ ਇਸ ਦਾ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਚੀਨ ਸਮੇਤ ਹੋਰ ਦੇਸ਼ਾਂ ’ਚ ਭਾਰਤੀ ਯਾਰਨ ਦੀ ਡਿਮਾਂਡ ਢਿੱਲੀ ਪੈਣੀ ਸ਼ੁਰੂ ਹੋ ਗਈ ਸੀ। ਭਾਰਤੀ ਟੈਕਸਟਾਈਲਜ਼ ਉਦਯੋਗ ਨੂੰ ਮੁੱਖ ਕਮਾਈ ਵਿਦੇਸ਼ਾਂ ’ਚ ਯਾਰਨ ਦੀ ਬਰਾਮਦ ਤੋਂ ਹੁੰਦੀ ਹੈ। ਯਾਰਨ ਦੀ ਡਿਮਾਂਡ ਢਿੱਲੀ ਪੈਣ ਦਾ ਅਸਰ ਹਾਜ਼ਰ ਰੂੰ ਕੀਮਤਾਂ ’ਤੇ ਸ਼ੁਰੂ ਹੋ ਗਿਆ। ਜਨਵਰੀ ਮਹੀਨੇ ਦੇ ਆਖਿਰ ’ਚ ਰੂੰ ਪੰਜਾਬ 4100-4130 ਰੁਪਏ ਮਣ, ਹਰਿਆਣਾ 4065-4085 ਰੁਪਏ ਮਣ, ਹਨੁਮਾਨ ਸਰਕਲ 4075-4085 ਰੁਪਏ ਮਣ ਅਤੇ ਲੋਅਰ ਰਾਜਸਥਾਨ 38500-39600 ਰੁਪਏ ਪ੍ਰਤੀ ਕੈਂਡੀ ਸੀ, ਰੂੰ ਕੀਮਤਾਂ ਨੂੰ ਕੋਰੋਨਾ ਨੇ ਆਪਣੀ ਲਪੇਟ ’ਚ ਅਜਿਹਾ ਲਿਆ ਕਿ ਅਸਮਾਨ ਤੋਂ ਰੂੰ ਫਿਸਲ ਕੇ ਮੂੰਧੇ ਮੂੰਹ ਹੁਣ ਜ਼ਮੀਨ ’ਤੇ ਪਿਆ ਅਤੇ ਛਿਟਪੁਟ ਹੀ ਕਤਾਈ ਮਿੱਲਾਂ ਰੂੰ ਬਾਜ਼ਾਰ ’ਚ ਕਦੇ-ਕਦੇ ਨਜ਼ਰ ਆਉਂਦੀ ਹੈ। ਸ਼ਨੀਵਾਰ ਨੂੰ ਰੂੰ ਤੇਜੜੀਆਂ (ਸਟਾਕਿਸਟਾਂ) ’ਤੇ ਭਾਰੀ ਰਹੇ ਕਿਉਂਕਿ ਰੂੰ ਕੀਮਤਾਂ ਕਰੀਬ 30 ਰੁਪਏ ਮਣ ਗੰਗਾ ’ਚ ਡੁਬਕੀ ਲਾ ਗਏ। ਹੁਣ ਰੂੰ ਦੀਆਂ ਕੀਮਤਾਂ ਡੁੱਬ ਕੇ ਪੰਜਾਬ 3505-3530 ਰੁਪਏ ਮਣ, ਹਰਿਆਣਾ 3500-3515 ਰੁਪਏ ਮਣ, ਰਾਜਸਥਾਨ 3450-3510 ਰੁਪਏ ਮਣ ਅਤੇ ਖੈਰਥਲ ਲਾਈਨ 33400-33600 ਪ੍ਰਤੀ ਕੈਂਡੀ ਰਹਿ ਗਏ। 6 ਮਹੀਨਿਆਂ ਦੌਰਾਨ ਰੂੰ ਕੀਮਤਾਂ ’ਚ ਕਰੀਬ 600 ਰੁਪਏ ਮਣ ਗੰਗਾ ’ਚ ਵਗ ਗਏ ਹਨ। ਭਾਰਤੀ ਰੂੰ ਵਪਾਰ ਜਗਤ ’ਚ 600 ਰੁਪਏ ਮਣ ਗਿਰਾਵਟ ਨੂੰ ਵੱਡੀ ਮੰਦੀ ਮੰਨਿਆ ਜਾਂਦਾ ਹੈ। ਕਤਾਈ ਮਿੱਲਾਂ ਰੂੰ ਬਾਜ਼ਾਰ ’ਚ ਵੱਡੀ ਮੰਦੀ ਆਉਣ ’ਤੇ ਵੀ ਬਾਜ਼ਾਰ ਵੱਲੋਂ ਪੂਰੀ ਤਰ੍ਹਾਂ ਮੂੰਹ ਮੋੜ ਰੱਖਿਆ ਹੈ। ਰੂੰ ਤੇਜੜੀਆਂ ਸਟਾਕਿਸਟਾਂ ’ਚ ਭਾਰੀ ਬੇਚੈਨੀ ਨਜ਼ਰ ਆ ਰਹੀ ਹੈ।
ਇਹ ਵੀ ਦੇਖੋ : ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ
ਪੈਸੇ ਦੀ ਤੰਗੀ ਨਾਲ ਘਟੀ ਮਿੱਲਾਂ ਦੀ ਖਪਤ
ਭਾਰਤੀ ਟੈਕਸਟਾਈਲਜ਼ ਇੰਡਸਟਰੀਜ਼ ਨੂੰ ਪੈਸੇ ਦੀ ਵੱਡੀ ਤੰਗੀ ਸਤਾਅ ਰਹੀ ਹੈ ਜਿਸ ਨਾਲ ਮਿੱਲਾਂ ਦੀ ਖਪਤ ਕਾਫੀ ਘੱਟ ਗਈ ਹੈ। ਸੂਤਰਾਂ ਅਨੁਸਾਰ ਅੱਜਕੱਲ 60-70 ਫੀਸਦੀ ਮਿੱਲਾਂ ਹੀ ਚੱਲ ਰਹੀਆਂ ਹਨ। ਇਸ ਦਾ ਮੁੱਖ ਕਾਰਣ ਯਾਰਨ ਦੀ ਡਿਮਾਂਡ ਬੇਤਹਾਸ਼ਾ ਕਮਜ਼ੋਰ ਹੋਣਾ ਅਤੇ ਲੇਬਰ ਦੀ ਕਮੀ ਰਹਿਣਾ ਹੈ। ਮੰਨਿਆ ਜਾਂਦਾ ਹੈ ਕਿ ਮਿੱਲਾਂ ਦੀ ਖਪਤ 2.90 ਕਰੋਡ਼ ਗੰਢ ਤੋਂ ਜ਼ਿਆਦਾ ਦੀ ਰਹਿੰਦੀ ਸੀ, ਜੋ ਇਸ ਸਾਲ ਘੱਟ ਕੇ 2.30 ਕਰੋਡ਼ ਗੰਢ ਦੀ ਰਹਿਣ ਦੀ ਸੰਭਾਵਨਾ ਹੈ, ਯਾਨੀ ਇਸ ਵਾਰ ਕਰੀਬ 55-60 ਲੱਖ ਗੰਢ ਘੱਟ ਰਹੇਗੀ। ਦੇਸ਼ ’ਚ ਰੂੰ ਸਰਪਲੱਸ ਰਹੇਗੀ। ਇਕ ਕਤਾਈ ਮਿੱਲਰ ਅਨੁਸਾਰ ਸਰਕਾਰ ਨੇ ਭਾਰਤੀ ਟੈਕਸਟਾਈਲਜ਼ ਇੰਡਸਟਰੀਜ਼ ਦੀ ਆਰਥਿਕ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਸਾਲ 2014 ਤੋਂ ਮਿੱਲਾਂ ਦੀਆਂ ਕਰੋਡ਼ਾਂ-ਅਰਬਾਂ ਰੁਪਏ ਦੀ ਸਬਸਿਡੀ ਰੋਕ ਰੱਖੀ ਹੈ। ਜੇਕਰ ਮੋਦੀ ਸਰਕਾਰ ਵੱਲੋਂ ਇਹ ਸਬਸਿਡੀ ਜਾਰੀ ਕਰ ਦਿੱਤੀ ਜਾਵੇ ਤਾਂ ਮਿੱਲਾਂ ਨੂੰ ਇਕ ਚੰਗੀ ਰਾਹਤ ਮਿਲ ਸਕਦੀ ਹੈ।
ਇਹ ਵੀ ਦੇਖੋ : Fair & Lovely ਤੋਂ ਬਾਅਦ ਹੁਣ ਇਹ ਕੰਪਨੀਆਂ ਵੀ ਬਦਲਣਗੀਆਂ ਆਪਣੇ ਉਤਪਾਦਾਂ ਦੇ ਨਾਮ
ਭਾਰਤੀ ਰੂੰ ਸਭ ਤੋਂ ਸਸਤਾ, ਬਰਾਮਦਕਾਰ ਪੱਟੜੀ ਤੋਂ ਹੇਠਾਂ ਉਤਰੇ
ਭਾਰਤੀ ਰੂੰ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਸਸਤਾ ਹੈ ਪਰ ਇਸ ਦੇ ਬਾਵਜੂਦ ਸਥਾਨਕ ਕਤਾਈ ਮਿੱਲਾਂ ਅਤੇ ਬਰਾਮਦਕਾਰਾਂ ਦੀ ਡਿਮਾਂਡ ਢਿੱਲੀ ਬਣੀ ਹੋਈ ਹੈ। ਇਹੀ ਹਾਲ ਧਾਗਾ ਬਰਾਮਦਕਾਰਾਂ ਦਾ ਹੈ। ਕੌਮਾਂਤਰੀ ਪੱਧਰ ਅਤੇ ਭਾਰਤੀ ਰੂੰ ਅਤੇ ਯਾਰਨ ਬਾਜ਼ਾਰ ਦੀ ਮਾਰਕੀਟ ’ਚ ਲਗਾਤਾਰ ਗਿਰਾਵਟ ਨੂੰ ਵੇਖਦੇ ਹੋਏ ਭਾਰਤੀ ਕਪਾਹ ਨਿਗਮ ਲਿਮਟਿਡ (ਸੀ . ਸੀ. ਆਈ.) ਨੇ ਵੀ ਰੂੰ ਸੇਲ ਕਰਨ ਦੇ ਚੌਤਰਫਾ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੀ. ਸੀ. ਆਈ. ਨੇ ਆਪਣੀ ਰੂੰ ਦੇ ਭਾਅ 300-500 ਰੁਪਏ ਪ੍ਰਤੀ ਕੈਂਡੀ ਘੱਟ ਕੀਤੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੀਆਂ ਮਿੱਲਾਂ ਸੀ. ਸੀ. ਆਈ. ਦੀ ਰੂੰ ਨੂੰ ਬਹੁਤ ਘੱਟ ਹੱਥ ਪਾ ਰਹੀ ਹੈ। ਪੰਜਾਬ ਦੀਆਂ 2 ਵੱਡੀਆਂ ਕਤਾਈ ਮਿੱਲਾਂ ਨੇ ਹੀ ਸੀ. ਸੀ. ਆਈ. ਦੀ 12000 ਗੰਢ ਰੂੰ ਖਰੀਦੀ ਹੈ। ਸੂਤਰਾਂ ਮੁਤਾਬਕ ਸੀ. ਸੀ. ਆਈ. ਕੋਲ ਕਰੀਬ 125 ਲੱਖ ਗੰਢ ਦਾ ਅਣਸੋਲਡ ਸਟਾਕ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਬਰਾਮਦਕਾਰਾਂ ਦੀ ਡਿਮਾਂਡ ਨਿਕਲ ਆਈ ਤਾਂ ਰੂੰ ਬਾਜ਼ਾਰ ’ਚ ਨਵੀਂ ਜਾਨ ਯਾਨੀ ਮੌਜੂਦਾ ਹਾਲਾਤ ’ਚ ਤਬਦੀਲੀ ਆ ਸਕਦੀ ਹੈ।
ਇਹ ਵੀ ਦੇਖੋ : ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ
Air India ਲਈ ਬੋਲੀ ਲਾਉਣ ਦੀ ਆਖਰੀ ਤਾਰੀਖ਼ 2 ਮਹੀਨੇ ਵਧੀ
NEXT STORY