1 ਜੁਲਾਈ ਤੋਂ ਸੋਨੇ ਦੀ ਦਰਾਮਦ ’ਤੇ ਕਸਟਮ ਡਿਊਟੀ 10.75 ਤੋਂ ਵਧਾ ਕੇ 15 ਫੀਸਦੀ ਹੋਣ ਦੇ ਪਿੱਛੇ ਸਰਕਾਰ ਦਾ ਇਰਾਦਾ ਹੈ ਕਿ ਸੋਨੇ ਦੀ ਭਾਰਤੀ ਦੀਵਾਨਗੀ ਤੋਂ ਮੋਟੀ ਕਮਾਈ ਕਰ ਲਈ ਜਾਵੇ। ਮਹਾਮਾਰੀ ਦੇ ਬਾਅਦ ਭਾਰਤ ’ਚ 2020 ਦੇ ਮੁਕਾਬਲੇ ਬੀਤੇ ਸਾਲ ਸੋਨੇ ਦੀ ਖਪਤ 78 ਫੀਸਦੀ ਤੋਂ ਵਧ ਕੇ ਰਿਕਾਰਡ 800 ਟਨ ਦੇ ਨੇੜੇ ਪਹੁੰਚ ਗਈ ਸੀ। ਹਰ ਪਾਸੇ ਘੋਰ ਮੰਦੀ ਦਾ ਆਲਮ ਹੈ, ਵਧਦੀ ਬੇਰੋਜ਼ਗਾਰੀ ਨੇ ਹਾਲਾਤ ਭੈੜੇ ਕਰ ਿਦੱਤੇ ਹਨ, ਦੇਸ਼ ਦੀ ਅਰਥਵਿਵਸਥਾ ਭਿਆਨਕ ਹਾਲਤਾਂ ’ਚੋਂ ਲੰਘ ਰਹੀ ਹੈ। ਬਾਵਜੂਦ ਇਸ ਦੇ ਕਿਵੇਂ ਚਮਕ-ਦਮਕ ਰਿਹਾ ਹੈ ਸੋਨੇ ਦਾ ਬਾਜ਼ਾਰ।
ਸਰਕਾਰ ਦੀ ਨਜ਼ਰ ਸੋਨੇ ’ਤੇ ਪੈ ਗਈ ਹੈ। ਸੋ, ਸੋਨੇ ਦੀ ਵਧਦੀ ਦਰਾਮਦ ਨੂੰ ਰੋਕਣ ਲਈ 1 ਜੁਲਾਈ ਤੋਂ ਕਸਟਮ ਡਿਊਟੀ 10.75 ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਇਸ ਨਾਲ ਰਾਤੋ-ਰਾਤ ਸੋਨੇ ਦਾ ਭਾਅ ਲਗਭਗ 1200 ਰੁਪਏ ਪ੍ਰਤੀ 10 ਗ੍ਰਾਮ ਵਧ ਗਿਆ।
ਉਂਝ, ਸੋਨੇ ’ਤੇ ਕਸਟਮ ਡਿਊਟੀ ਪਹਿਲਾਂ 7.5 ਫੀਸਦੀ ਸੀ, ਜੋ 12.5 ਫੀਸਦੀ ਕਰ ਦਿੱਤੀ ਗਈ। ਇਸ ’ਤੇ 2.5 ਫੀਸਦੀ ਐਗਰੀਕਲਚਰ ਇੰਫ੍ਰਾਸਟ੍ਰੱਕਟਰ ਡਿਵੈਲਪਮੈਂਟ ਸੈੱਸ ਵਸੂਲਿਆ ਜਾਂਦਾ ਸੀ ਜਿਸ ਨੂੰ ਮਿਲਾ ਕੇ ਕਸਟਮ ਡਿਊਟੀ ਦਾ ਕੁਲ ਭਾਰ 15 ਫੀਸਦੀ ਬੈਠਦਾ ਹੈ। ਦੱਸਦੇ ਹਨ ਕਿ ਬੀਤੇ ਮਈ ’ਚ ਭਾਰਤ ’ਚ 107 ਟਨ ਸੋਨਾ ਦਰਾਮਦ ਹੋਇਆ ਅਤੇ ਜੂਨ ’ਚ ਵੀ ਘੱਟ ਨਹੀਂ ਸੀ। ਫਾਰੇਨ ਟ੍ਰੇਡ ਡਾਟਾ ਅਨੁਸਾਰ ਪਿਛਲੇ ਸਾਲ ਮਈ ਦੇ ਮੁਕਾਬਲੇ ਇਸ ਮਈ ’ਚ ਭਾਰਤ ’ਚ 789 ਫੀਸਦੀ ਵੱਧ ਸੋਨਾ ਦਰਾਮਦ ਦੇ ਰਸਤੇ ਤੋਂ ਆਇਆ।
ਹੁਣ ਵਧੀ ਦਰਾਮਦ ਫੀਸ ਦੇ ਪਿੱਛੇ ਸਰਕਾਰੀ ਇਰਾਦਾ ਹੈ ਕਿ ਭਾਰਤੀਆਂ ਨੂੰ ਸੋਨਾ ਦਰਾਮਦ ਕਰਨ- ਖਰੀਦਣ ਲਈ ਗੈਰ-ਉਤਸ਼ਾਹਿਤ ਕੀਤਾ ਜਾਵੇ। ਨਹੀਂ ਤਾਂ ਕਸਟਮ ਡਿਊਟੀ ਤੋਂ ਮੋਟੀ ਕਮਾਈ ਕਰ ਲਈ ਜਾਵੇ। ਭਾਰਤੀ ਗੋਲਡ ਇਤਿਹਾਸ ਦੱਸਦਾ ਹੈ ਕਿ ਸੋਨੇ ਦੀ ਖਰੀਦਦਾਰੀ ’ਤੇ ਰੋਕ ਲਾਉਣ ਦੇ ਜਦੋਂ-ਜਦੋਂ ਯਤਨ ਹੋਏ, ਸੋਨੇ ਦੀ ਖਪਤ ਉਲਟਾ ਵੱਧ ਤੇਜ਼ੀ ਨਾਲ ਵਧਦੀ ਗਈ। ਵਰਲਡ ਗੋਲਡ ਕੌਂਸਲ ਦੇ ਤਾਜ਼ਾ ਅੰਕੜੇ ਜ਼ਾਹਿਰ ਕਰਦੇ ਹਨ ਕਿ ਭਾਰਤ ’ਚ ਸੋਨੇ ਦੀ ਖਰੀਦਦਾਰੀ ਲਗਾਤਾਰ ਛਾਲਾਂ ਮਾਰ ਰਹੀ ਹੈ। ਬੀਤੇ ਸਾਲ 2021 ’ਚ ਭਾਰਤੀਆਂ ਨੇ ਰਿਕਾਰਡ 797.3 ਟਨ ਸੋਨਾ ਖਰੀਦਿਆ। ਸੋਨੇ ਦੀ ਇਸ ਖਪਤ ’ਚ 610.9 ਟਨ ਸੋਨੇ ਦੇ ਗਹਿਣੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਹ 2020 ਦੀ ਭਾਰਤੀ ਸੋਨੇ ਦੀ ਖਪਤ 446.4 ਟਨ (315.9 ਟਨ ਗਹਿਣੇ ਮਿਲਾ ਕੇ) ਤੋਂ 78.6 ਫੀਸਦੀ ਉਛਾਲ ਹੈ। ਇੰਨੀ ਬੜ੍ਹਤ ਤਾਂ ਦੁਨੀਆ ਦੇ ਸਭ ਤੋਂ ਵੱਡੇ ਗੋਲਡ ਖਰੀਦਦਾਰ ਚੀਨ ਦੀ ਖਪਤ ’ਚ ਵੀ ਨਹੀਂ ਹੋਈ।
ਵਰਨਣਯੋਗ ਹੈ ਕਿ ਸੋਨੇ ਦੀ ਖਪਤ ਦੇ ਮਾਮਲੇ ’ਚ ਚੀਨ ਦੇ ਬਾਅਦ ਭਾਰਤ ਦੂਜੇ ਨੰਬਰ ’ਤੇ ਬੀਤੇ 20 ਸਾਲ ਤੋਂ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ 1990 ਦੇ ਸਾਲਾਂ ’ਚ ਭਾਰਤ ਪਹਿਲੇ ਨੰਬਰ ’ਤੇ ਸੀ। ਅੰਕੜੇ ਦੱਸਦੇ ਹਨ ਕਿ 2021 ’ਚ ਚੀਨ ’ਚ 1120.9 ਟਨ ਸੋਨੇ ਦੀ ਖਪਤ ਹੋਈ ਜਦਕਿ 2020 ’ਚ ਲਾਕਡਾਊਨ ਦੇ ਕਾਰਨ ਖਪਤ 820.98 ਟਨ ਤੱਕ ਡਿੱਗ ਕੇ ਲਗਭਗ 36 ਫੀਸਦੀ ਉੱਠੀ ਸੀ। ਲਗਭਗ 10 ਸਾਲ ਪਹਿਲਾਂ 2011 ’ਚ ਚੀਨ ’ਚ ਸੋਨੇ ਦੀ 761.05 ਟਨ ਖਪਤ ਹੋਈ ਸੀ।
ਦੁਨੀਆ ਭਰ ਦੇ ਦੇਸ਼ਾਂ ’ਚ ਚੀਨ ਦੇ ਬਾਅਦ ਦੂਜੇ ਨੰਬਰ ’ਤੇ ਸੋਨੇ ਦੀ ਖਪਤ ਭਾਰਤ ’ਚ ਹੋ ਰਹੀ ਹੈ। ਵਰਲਡ ਗੋਲਡ ਕੌਂਸਲ ਦੇ ਅੰਕੜੇ ਅਨੁਸਾਰ ਇਹ ਟ੍ਰੈਂਡ 1990 ਤੋਂ ਫੈਲਦਾ ਗਿਆ। ਭਾਰਤ ’ਚ 1990 ’ਚ 240 ਟਨ, ਫਿਰ 5 ਸਾਲ ਬਾਅਦ 1995 ’ਚ ਲਗਭਗ ਦੁੱਗਣੀ 477 ਟਨ ਸੋਨੇ ਦੀ ਖਪਤ ਹੋਈ। ਅਗਲੇ 5 ਸਾਲ ਬਾਅਦ ਸਦੀ ਦੇ ਅੰਤ ਤੱਕ, ਸੋਨੇ ਦੀ ਖਪਤ 1000 ਟਨ ਤੋਂ ਵੱਧ ਹੋ ਗਈ ਪਰ ਆਬਾਦੀ ਦੇ ਲਿਹਾਜ਼ ਨਾਲ, ਟਨੋਂਟਨ ਸੋਨੇ ਦੀ ਖਪਤ ਦੇ ਬਾਵਜੂਦ ਪ੍ਰਤੀ ਵਿਅਕਤੀ ਔਸਤ ਬੇਹੱਦ ਹੇਠਾਂ ਬੈਠਦੀ ਹੈ। ਅੰਦਾਜ਼ਾ ਹੈ ਕਿ ਭਾਰਤ ’ਚ, ਹਰ ਸਾਲ ਸਿਰਫ 9 ਫੀਸਦੀ ਬਾਲਗ ਸੋਨਾ ਖਰੀਦਦੇ ਹਨ ਅਤੇ ਪ੍ਰਤੀ ਵਿਅਕਤੀ ਸੋਨੇ ਦੀ ਖਪਤ ਮਹਿਜ਼ 0.89 ਗ੍ਰਾਮ ਤੋਂ ਘੱਟ ਬੈਠਦੀ ਹੈ, ਜਦਕਿ ਵਰਲਡ ਗੋਲਡ ਕੌਂਸਲ ਵੱਲੋਂ ‘ਮੈਨੂੰ ਪਿਆਰ ਹੈ ਸੋਨੇ ਦੇ ਗਹਿਣਿਆਂ ਨਾਲ’ ਵਿਸ਼ੇ ’ਤੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਅਨੁਸਾਰ ਭਾਰਤ ਦੇ 67 ਫੀਸਦੀ ਲੋਕਾਂ ਨੇ ਸੋਨੇ ਦੇ ਹੱਕ ’ਚ ਵੋਟ ਪਾਈ।
ਭਾਰਤ ’ਚ 1990 ਦੇ ਦਹਾਕੇ ’ਚ ਸੋਨੇ ਦੀ ਵਧੀ ਖਰੀਦਦਾਰੀ ਅਤੇ ਸੋਨੇ ਦੀ ਰੀਝ ਦੇ ਪਿੱਛੇ ਪ੍ਰਮੁੱਖ ਕਾਰਨ ਰਿਹਾ ਹੈ ਸੋਨਾ ਕੰਟਰੋਲ ਕਾਨੂੰਨ ਦਾ ਹਟਣਾ। ਇਹ ਕਾਨੂੰਨ ਚਮਕਦੇ-ਦਮਕਦੇ ਕਾਰੋਬਾਰ ’ਚ ਅੜਿੱਕਾ ਬਣਿਆ ਰਿਹਾ। ਸੋਨੇ ’ਤੇ ਸਰਕਾਰੀ ਰੋਕ-ਟੋਕ ਹਟਣ ਦੇ ਬਾਅਦ ਖਪਤਕਾਰਾਂ ਦੀ ਚੋਣ ਦਾ ਘੇਰਾ ਵਧਿਆ ਜਿਸ ਨਾਲ ਖੁੱਲ੍ਹੇਆਮ ਦੁਕਾਨਾਂ ’ਚ ਹੀ ਨਹੀਂ, ਬੈਂਕਾਂ ਤੱਕ ’ਚ ਸੋਨੇ ਦੇ ਬਿਸਕੁਟ, ਛੜਾਂ ਅਤੇ ਸਿੱਕੇ ਵਿਕਣ ਲੱਗੇ ਸਨ। ਸੋਨੇ ਦੇ 10 ਤੋਲੇ (116.64 ਗ੍ਰਾਮ) ਦੇ ਬਿਸਕੁਟ ਸਵਿਟਜ਼ਰਲੈਂਡ, ਕੈਨੇਡਾ ਵਗੈਰਾ ਤੋਂ ਆਉਣ ਲੱਗੇ ਅਤੇ ਖੁੱਲ੍ਹੇਆਮ ਵਿਕਣ ਲੱਗੇ।
ਦੇਸ਼ ’ਚ, ਸੋਨੇ ਦੇ ਭਾਅ ਦੀ ਚੁੱਕ-ਥਲ ਸੋਨੇ ਦੇ ਕੌਮਾਂਤਰੀ ਭਾਅ, ਡਾਲਰ ਦੀ ਰੁਪਏ ’ਚ ਤੁਲਨਾਤਮਕ ਕੀਮਤ, ਸ਼ੇਅਰ ਬਾਜ਼ਾਰ ਅਤੇ ਵਿਆਹ-ਸ਼ਾਦੀ ਦੇ ਸੀਜ਼ਨ ’ਚ ਡਿਮਾਂਡ ’ਤੇ ਨਿਰਭਰ ਕਰਦੀ ਹੈ। ਫਰਵਰੀ 1996 ’ਚ, ਸੋਨਾ ਬੀਤੀ ਸਦੀ ਦੇ ਸਭ ਤੋਂ ਉੱਚੇ ਭਾਅ 5800 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕਿਆ। ਆਜ਼ਾਦੀ ਦੇ ਬਾਅਦ 1950 ’ਚ ਸੋਨੇ ਦਾ ਭਾਅ ਲਗਭਗ 100 ਰੁਪਏ ਪ੍ਰਤੀ 10 ਗ੍ਰਾਮ ਸੀ। ਸੋਨੇ ਦੀ ਖਪਤ ਰੁਕਣ ਦੇ ਵਾਂਗ ਸ਼ੁਰੂ ਤੋਂ ਹੀ ਜਦੋਂ-ਜਦੋਂ ਸਰਕਾਰ ਨੇ ਸੋਨੇ ਦੇ ਭਾਅ ਨੂੰ ਘਟਾਉਣ ਲਈ ਕਦਮ ਚੁੱਕੇ ਉਦੋਂ-ਉਦੋਂ ਸੋਨਾ ਉਛਲਦਾ ਗਿਆ। ਯਾਦ ਰਹੇ ਕਿ 1962 ’ਚ ਤਤਕਾਲੀਨ ਵਿੱਤ ਮੰਤਰੀ ਮੁਰਾਰਜੀ ਦੇਸਾਈ ਵੱਲੋਂ ਸੋਨਾ ਕੰਟਰੋਲ ਕਾਨੂੰਨ ਲਾਗੂ ਕੀਤਾ ਗਿਆ। 1967 ’ਚ ਕਾਨੂੰਨ ਪਾਸ ਹੋਇਆ। ਉਸ ਸਮੇਂ ਸੋਨੇ ਦਾ ਭਾਅ 160 ਰੁਪਏ ਪ੍ਰਤੀ 10 ਗ੍ਰਾਮ ਸੀ ਜੋ 10 ਸਾਲਾਂ ਦੇ ਬਾਅਦ 1977 ’ਚ 595 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਸੰਨ 1977 ’ਚ ਜਨਤਾ ਸਰਕਾਰ ਨੇ ਸਰਕਾਰੀ ਖਜ਼ਾਨੇ ’ਚ ਪਏ ਸੋਨੇ ਦੇ ਭੰਡਾਰ ਦੀ ਨਿਲਾਮੀ ਕਰ ਦਿੱਤੀ। ਫਿਰ ਤਾਂ ਸੋਨੇ ਦੇ ਭਾਅ ਅਜਿਹੇ ਵਧੇ ਕਿ ਰੁਕਣ ਦਾ ਨਾਂ ਨਹੀਂ ਲਿਆ। ਨਵੰਬਰ 1987 ’ਚ ਸੋਨੇ ਦੇ ਭਾਅ ਵਧਦੇ-ਵਧਦੇ 2600 ਰੁਪਏ ਪ੍ਰਤੀ 10 ਗ੍ਰਾਮ ਹੋ ਗਏ।
ਬੀਤੀ ਸਦੀ ਦੇ 90 ਦੇ ਸਾਲਾਂ ’ਚ ਖਾੜੀ ਜੰਗ ਛਿੜਣ ਨਾਲ ਸੋਨਾ 4000 ਰੁਪਏ ਨੂੰ ਛੂਹ ਗਿਆ। ਫਿਰ 1990 ’ਚ ਕੇਂਦਰੀ ਬਜਟ ਪੇਸ਼ ਕਰਦੇ ਹੋਏ ਜਨਤਾ ਮੋਰਚਾ ਸਰਕਾਰ ਦੇ ਤਤਕਾਲੀਨ ਵਿੱਤ ਮੰਤਰੀ ਮਧੂ ਦੰਡਵਤੇ ਨੇ ਸੋਨਾ ਕੰਟਰੋਲ ਕਾਨੂੰਨ ਖਤਮ ਕਰਨ ਦਾ ਐਲਾਨ ਕੀ ਕੀਤਾ, 3 ਦਿਨਾਂ ਦੇ ਅੰਦਰ ਸੋਨੇ ਦੇ ਭਾਅ 400 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗੇ। ਸੋਨਾ ਫਿਰ ਵਧਦਾ ਗਿਆ ਪਰ 2020 ਦੇ ਬਾਅਦ ਰੂਸ-ਯੂਕ੍ਰੇਨ ਜੰਗ ਦੇ ਬਹਾਨੇ ਸੋਨੇ ਦਾ ਭਾਅ ਹੁਣ ਤੱਕ ਸਭ ਤੋਂ ਉੱਚੇ 54000 ਰੁਪਏ ਪ੍ਰਤੀ 10 ਗ੍ਰਾਮ ਦੇ ਸੱਤਵੇਂ ਅਾਸਮਾਨ ’ਤੇ ਚੜ੍ਹ ਗਿਆ। ਉਂਝ ਫਿਲਹਾਲ ਭਾਅ 52,500 ਤੋਂ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਦਰਮਿਆਨ ਵਧਣ ਦੀ ਆਸ ਹੈ। ਜ਼ਾਹਿਰ ਹੁੰਦਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਸੋਨਾ ਸਭ ਤੋਂ ਸੁਰੱਖਿਅਤ ਇਨਵੈਸਟਮੈਂਟ ਬਣ ਕੇ ਉਭਰਿਆ, ਇਸ ਲਈ ਹੁਣ ਸਾਡੀ ਸਰਕਾਰ ਨੂੰ ਜਾਪਿਆ ਹੈ ਕਿ ਭਾਰਤੀਆਂ ਦੀ ਇਸ ਦੀਵਾਨਗੀ ਤੋਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ।
ਅਮਿਤਾਭ ਭੋਲਾ
ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ
NEXT STORY