ਨਵੀਂ ਦਿੱਲੀ (ਇੰਟ.)-ਚੀਨ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਭਾਰਤ ’ਚ ਕੁਝ ਬੇਹੱਦ ਜ਼ਰੂਰੀ ਦਵਾਈਆਂ ਦੀ ਕਿੱਲਤ ਹੋ ਸਕਦੀ ਹੈ। ਉਦਯੋਗ ਸੰਗਠਨ ਫਿੱਕੀ ਨੇ ਕਿਹਾ ਹੈ ਕਿ ਚੀਨ ਵੱਲੋਂ ਕੱਚੇ ਮਾਲ ਦੀ ਸਪਲਾਈ ਜੇਕਰ 2 ਮਹੀਨਿਆਂ ਤੱਕ ਪ੍ਰਭਾਵਿਤ ਹੋਈ ਤਾਂ ਭਾਰਤ ’ਚ ਕੁਝ ਬੇਹੱਦ ਜ਼ਰੂਰੀ ਅਤੇ ਆਮ ਤੌਰ ’ਤੇ ਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਪੈਰਾਸਿਟਾਮੋਲ, ਆਇਬੂਪ੍ਰੋਫਿਨ, ਕੁਝ ਐਂਟੀਬਾਇਓਟਿਕਸ ਅਤੇ ਡਾਇਬਟੀਜ਼ ਦੀਆਂ ਦਵਾਈਆਂ ਦੇ ਉਤਪਾਦਨ ’ਤੇ ਉਲਟ ਅਸਰ ਪੈ ਸਕਦਾ ਹੈ। ਕੋਰੋਨਾ ਵਾਇਰਸ ਕਾਰਣ ਸਮਾਰਟਫੋਨ ਅਤੇ ਸੋਲਰ ਉਪਕਰਨਾਂ ਦਾ ਉਤਪਾਦਨ ਅਤੇ ਸਪਲਾਈ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ।
ਫਿੱਕੀ ਨੇ ਕਿਹਾ ਹੈ ਕਿ ਭਾਰਤੀ ਦਵਾਈ ਕੰਪਨੀਆਂ ਆਮ ਤੌਰ ’ਤੇ ਕੱਚੇ ਮਾਲ ਦਾ 2 ਮਹੀਨਿਆਂ ਦਾ ਸਟਾਕ ਆਪਣੇ ਕੋਲ ਰੱਖਦੀਆਂ ਹਨ, ਇਸ ਲਈ ਫਿਲਹਾਲ ਕੋਈ ਮੁਸ਼ਕਲ ਨਹੀਂ ਹੈ ਪਰ ਜੇਕਰ ਸਮੱਸਿਆ ਬਣੀ ਰਹੀ ਤਾਂ ਉਤਪਾਦਨ ’ਤੇ ਅਸਰ ਪੈ ਸਕਦਾ ਹੈ। ਉਦਯੋਗ ਸੰਗਠਨ ਨੇ ਕਿਹਾ ਕਿ ਜੇਕਰ ਕੋਰੋਨਾ ਟਾਇਰਸ ਕਾਰਣ ਚੀਨ ’ਚ ਸ਼ਟਡਾਊਨ ਫਰਵਰੀ ਤੋਂ ਅੱਗੇ ਵਧਦਾ ਹੈ ਤਾਂ ਭਾਰਤ ’ਚ ਬਣੀਆਂ ਕੁਝ ਦਵਾਈਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਉਦਯੋਗ ਦੇ ਅਨੁਮਾਨ ਮੁਤਾਬਕ ਭਾਰਤ ’ਚ ਦਵਾਈਆਂ ਦੇ ਉਤਪਾਦਨ ਲਈ 70 ਫੀਸਦੀ ਕੱਚਾ ਮਾਲ ਚੀਨ ਤੋਂ ਆਉਂਦਾ ਹੈ।
ਸਿਹਤ ਮੰਤਰਾਲਾ ਐਕਸ਼ਨ ’ਚ
ਉਥੇ ਹੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੰਪਨੀਆਂ ਕੋਲ ਅਪ੍ਰੈਲ ਤੱਕ ਦਵਾਈਆਂ ਦਾ ਭਰਪੂਰ ਸਟਾਕ ਹੈ। ਕੇਂਦਰੀ ਸਿਹਤ ਮੰਤਰਾਲਾ ਇਹ ਯਕੀਨੀ ਕਰਨ ਨੂੰ ਲੈ ਕੇ ਇਕ ਯੋਜਨਾ ’ਤੇ ਕੰਮ ਕਰ ਰਿਹਾ ਹੈ ਕਿ ਜੇਕਰ ਅਗਲੇ 15 ਦਿਨਾਂ ਤੱਕ ਚੀਨ ’ਚ ਸਟਡਾਊਨ ਜਾਰੀ ਰਿਹਾ ਤਾਂ ਦਵਾਈਆਂ ਦੀ ਕਿੱਲਤ ਨਾ ਹੋਵੇ। ਇਸ ਦੇ ਲਈ ਉਪਾਅ ਵੀ ਕੀਤੇ ਜਾਣਗੇ। ਸਰਕਾਰ ਨੇ ਕੁਝ ਵਿਸ਼ੇਸ਼ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਏ. ਪੀ. ਆਈ. ਦਾ ਮੁੱਖ ਸ੍ਰੋਤ ਹੁਬੇਈ ਪ੍ਰਾਂਤ ਹੈ ਅਤੇ ਇਹ ਕੋਰੋਨਾ ਵਾਇਰਸ ਦਾ ਕੇਂਦਰ ਬਿੰਦੂ ਹੈ।
90 ਫੀਸਦੀ ਤੱਕ ਕੱਚਾ ਮਾਲ ਚੀਨ ਤੋਂ
ਫਿੱਕੀ ਦੇ ਅਧਿਐਨ ਮੁਤਾਬਕ ਪੇਨਿਸਿਲਿਨ ਅਤੇ ਇਸ ਨਾਲ ਜੁਡ਼ੀਆਂ ਕੁਝ ਹੋਰ ਦਵਾਈਆਂ ਦੇ ਉਤਪਾਦਨ ਲਈ 90 ਫੀਸਦੀ ਕੱਚਾ ਮਾਲ ਚੀਨ ਤੋਂ ਆਉਂਦਾ ਹੈ। ਉਥੇ ਹੀ ਟੈਲੀਕਾਮ ਉਪਕਰਨ ਅਤੇ ਕੁਝ ਜੈਵਿਕ ਕੰਪਾਊਂਡ ਵਰਗੇ ਸੈਗਮੈਂਟ ’ਚ ਭਾਰਤ 70 ਫੀਸਦੀ ਚੀਨੀ ਦਰਾਮਦ ’ਤੇ ਨਿਰਭਰ ਹੈ।
ਅਧਿਕਾਰੀਆਂ ਨੂੰ ਜ਼ਿਲਾ ਪੱਧਰ ਜੀ.ਐੱਸ.ਟੀ. 'ਤੇ ਸ਼ੱਕ ਦੂਰ ਕਰਨ ਦੇ ਨਿਰਦੇਸ਼
NEXT STORY