ਬਿਜਨੈੱਸ ਡੈਸਕ—ਦੀਵਾਲੀ ਖਤਮ ਹੋਣ ਤੋਂ ਬਾਅਦ ਵੀ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਬਰਕਰਾਰ ਹੈ, ਜਦਕਿ ਆਮ ਤੌਰ 'ਤੇ ਤਿਉਹਾਰਾਂ ਦੀ ਮੰਗ ਖਤਮ ਹੋਣ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਘਟਦੀਆਂ ਹਨ ਅਤੇ ਇਸ ਵਾਰ ਵੀ ਇਹ ਉਮੀਦ ਸੀ। ਖਾਣ ਵਾਲੇ ਤੇਲ 'ਚ ਤੇਜ਼ੀ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ ਦਾ ਵਧਣਾ ਹੈ ਅਤੇ ਇਸ ਦਾ ਕਾਰਨ ਰੂਸ-ਯੂਕ੍ਰੇਨ ਵਿਚਾਲੇ ਤਣਾਅ ਵਧਣਾ ਹੈ। ਕਾਰੋਬਾਰੀਆਂ ਮੁਤਾਬਕ ਅੱਗੇ ਵੀ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਸ਼ਵ ਸਥਿਤੀ 'ਤੇ ਨਿਰਭਰ ਕਰਨਗੀਆਂ।
ਬੀਤੇ ਇੱਕ ਮਹੀਨੇ ਦੌਰਾਨ ਦੇਸ਼ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 15 ਤੋਂ 30 ਰੁਪਏ ਪ੍ਰਤੀ ਕਿਲੋ ਵਧ ਚੁੱਕੀਆਂ ਹਨ। ਮਹੀਨਾ ਭਰ ਰਿਫਾਇੰਡ ਸੋਇਆਬੀਨ ਤੇਲ ਦੀ ਥੋਕ ਕੀਮਤ 120-125 ਰੁਪਏ ਤੋਂ ਵਧ ਕੇ 140-145 ਰੁਪਏ, ਸਰ੍ਹੋਂ ਦਾ ਤੇਲ 130-135 ਰੁਪਏ ਤੋਂ ਵਧ ਕੇ 145 150 ਰੁਪਏ, ਸੂਰਜਮੁਖੀ ਤੇਲ ਦੀ ਕੀਮਤ 130-135 ਰੁਪਏ ਤੋਂ ਵਧ ਕੇ 160-165 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸ ਦੌਰਾਨ ਦਰਾਮਦ ਕੀਤੇ ਪਾਮੋਲਿਨ ਤੇਲ ਦੀ ਕੀਮਤ 90-95 ਰੁਪਏ ਤੋਂ ਵਧ ਕੇ 105-110 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਸੈਂਟਰਲ ਆਰਗੇਨਾਈਜੇਸ਼ਨ ਫਾਰ ਆਇਲ ਇੰਡਸਟਰੀ ਐਂਡ ਟਰੇਡ (ਕੂਇਟ) ਦੇ ਚੇਅਰਮੈਨ ਸੁਰੇਸ਼ ਨਾਗਪਾਲ ਨੇ ਦੱਸਿਆ ਕਿ ਰੂਸ-ਯੂਕ੍ਰੇਨ ਵਿਚਾਲੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਭਾਰਤ 'ਚ ਖਾਣ ਵਾਲੇ ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਤੇ ਕਾਫੀ ਨਿਰਭਰ ਕਰਦੀ ਹੈ। ਇਸ ਲਈ ਅੰਤਰਰਾਸ਼ਟਰੀ ਉਛਾਲ ਕਾਰਨ ਦੇਸ਼ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਖਾਣ ਵਾਲੇ ਤੇਲ 'ਚ ਮਹੀਨੇ ਭਰ 'ਚ 15-30 ਰੁਪਏ ਪ੍ਰਤੀ ਲੀਟਰ ਦੀ ਤੇਜ਼ੀ ਆ ਚੁੱਕੀ ਹੈ।
ਆਲ ਇੰਡੀਆ ਐਡੀਬਲ ਆਇਲ ਟਰੇਡਰਜ਼ ਫੈਡਰੇਸ਼ਨ ਦੇ ਪ੍ਰਧਾਨ ਸ਼ੰਕਰ ਠੱਕਰ ਦਾ ਕਹਿਣਾ ਹੈ ਕਿ ਤਿਓਹਾਰਾਂ ਦੀ ਕਮਜ਼ੋਰ ਮੰਗ ਕਾਰਨ ਦੀਵਾਲੀ ਤੋਂ ਬਾਅਦ ਖਾਣ ਵਾਲਾ ਤੇਲ ਸਸਤਾ ਹੋਣ ਦੀ ਉਮੀਦ ਸੀ ਪਰ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਵਧਣ ਕਾਰਨ ਘਰੇਲੂ ਬਾਜ਼ਾਰ 'ਚ ਵੀ ਖਾਣ ਵਾਲਾ ਤੇਲ ਮਹਿੰਗਾ ਹੋ ਗਿਆ ਹੈ। ਸਭ ਤੋਂ ਵੱਧ ਤੇਜ਼ੀ ਸੂਰਜਮੁਖੀ ਦੇ ਤੇਲ 'ਚ 25 ਫੀਸਦੀ ਆਈ ਹੈ ਕਿਉਂਕਿ ਰੂਸ-ਯੂਕ੍ਰੇਨ ਤਣਾਅ ਵਧਣ ਕਾਰਨ ਅਜਿਹਾ ਹੋਇਆ ਹੈ। ਸੂਰਜਮੁਖੀ ਦਾ ਤੇਲ ਯੂਕ੍ਰੇਨ ਤੋਂ ਭਾਰਤ ਨੂੰ ਵੱਡੇ ਪੱਧਰ 'ਤੇ ਦਰਾਮਦ ਕੀਤਾ ਜਾਂਦਾ ਹੈ।
ਕਾਰੋਬਾਰੀਆਂ ਮੁਤਾਬਕ ਖਾਣ ਵਾਲੇ ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਤੇ ਨਿਰਭਰ ਕਰੇਗੀ। ਨਾਗਪਾਲ ਦਾ ਕਹਿਣਾ ਹੈ ਕਿ ਜੇਕਰ ਰੂਸ-ਯੂਕ੍ਰੇਨ ਅਤੇ ਹੋਰ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਸਥਿਤੀ ਥੋੜ੍ਹੀ ਜਿਹੀ ਸ਼ਾਂਤ ਹੋਈ ਹੈ। ਜੇਕਰ ਇਹ ਸਥਿਤੀ ਅੱਗੇ ਵੀ ਜਾਰੀ ਰਹੀ ਤਾਂ ਤੇਜ਼ੀ ਰੁਕ ਸਕਦੀ ਹੈ ਅਤੇ ਗਿਰਾਵਟ ਵੀ ਸੰਭਵ ਹੈ। ਠੱਕਰ ਦਾ ਕਹਿਣਾ ਹੈ ਕਿ ਖਾਣ ਵਾਲੇ ਤੇਲਾਂ ਦੀ ਕੀਮਤ ਪੂਰੀ ਤਰ੍ਹਾਂ ਕੌਮਾਂਤਰੀ ਬਾਜ਼ਾਰ ਦੀ ਗ੍ਰਿਫ਼ਤ 'ਚ ਹੈ। ਉਧਰ ਕੀਮਤ ਘਟਣ 'ਤੇ ਘਟੇਗੀ ਅਤੇ ਵਧਣ 'ਤੇ ਵਧੇਗੀ।
2 ਸਾਲਾਂ ’ਚ ਘਟੀ ATM ਰਾਹੀਂ ਨਿਕਾਸੀ ਡਿਜੀਟਲ ਲੈਣ-ਦੇਣ 81 ਫੀਸਦੀ 'ਤੇ ਪੁੱਜਾ
NEXT STORY