ਨਵੀਂ ਦਿੱਲੀ— ਜੇਕਰ ਤੁਹਾਡੀ ਯੋਜਨਾ ਦੁਬਈ ਘੁੰਮਣ ਜਾਣ ਦੀ ਹੈ ਅਤੇ ਫਲਾਈਟ ਬੁੱਕ ਕਰਵਾਉਣ ਜਾ ਰਹੇ ਹੋ ਜਾਂ ਕਰਾ ਚੁੱਕੇ ਹੋ ਤਾਂ ਘਰ 'ਚੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਆਪਣੀ ਫਲਾਈਟ ਦਾ ਸ਼ਡਿਊਲ ਜ਼ਰੂਰ ਦੇਖ ਲਓ। ਦੁਬਈ ਹਵਾਈ ਅੱਡੇ 'ਤੇ ਮੁਰਮੰਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਮਈ ਤਕ ਤੁਹਾਨੂੰ ਉਡਾਣਾਂ 'ਚ ਦੇਰੀ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਤੁਹਾਡੀ ਫਲਾਈਟ ਰੱਦ ਵੀ ਹੋ ਸਕਦੀ ਹੈ।
ਇੰਡੀਗੋ ਤੇ ਸਪਾਈਸ ਜੈੱਟ ਦੀਆਂ ਕੁਝ ਫਲਾਈਟਸ 16 ਅਪ੍ਰੈਲ ਤੋਂ 30 ਮਈ ਤਕ ਦੁਬਈ ਕੌਮਾਂਤਰੀ ਹਵਾਈ ਅੱਡੇ (ਡੀ. ਐਕਸ. ਬੀ.) 'ਤੇ ਜਾਣ ਦੀ ਬਜਾਏ ਉੱਥੋਂ ਦੇ ਮਕਤੂਮ ਹਵਾਈ ਅੱਡੇ (ਡੀ. ਡਬਲਿਊ. ਸੀ.) ਵਿਚਕਾਰ ਆਵੇ-ਜਾਵੇਗੀ। ਰਿਪੋਰਟਾਂ ਮੁਤਾਬਕ, ਦੁਬਈ ਕੌਮਾਂਤਰੀ ਹਵਾਈ ਅੱਡੇ ਦੀ ਮਕਤੂਮ ਹਵਾਈ ਅੱਡੇ ਤੋਂ ਦੂਰੀ ਲਗਭਗ 60 ਕਿਲੋਮੀਟਰ ਦੀ ਹੈ।
ਜਾਣਕਾਰੀ ਮੁਤਾਬਕ, ਦੁਬਈ ਕੌਮਾਂਤਰੀ ਹਵਾਈ ਅੱਡੇ (ਡੀ. ਐਕਸ. ਬੀ.) ਦੀ ਇਕ ਉਡਾਣ ਪੱਟੀ 16 ਅਪ੍ਰੈਲ ਤੋਂ 30 ਮਈ ਤਕ 45 ਦਿਨ ਬੰਦ ਰਹੇਗੀ। ਇਸ ਦੌਰਾਨ ਸਿਰਫ ਇਕ ਰਨਵੇਅ ਹੀ ਖੁੱਲ੍ਹਾ ਹੋਵੇਗਾ। ਇਸ ਲਈ ਫਲਾਈਟਸ ਨੂੰ ਰੱਦ ਕਰਨ ਤੋਂ ਬਚਣ ਲਈ ਕਈ ਜਹਾਜ਼ ਓਪਰੇਟਰਾਂ ਨੇ ਡੀ. ਡਬਲਿਊ. ਸੀ. ਦਾ ਰੁਖ਼ ਕੀਤਾ ਹੈ। ਸਪਾਈਸ ਜੈੱਟ ਦੀ ਦਿੱਲੀ, ਕੋਚੀ, ਮੁਦਰਈ, ਅਤੇ ਪੁਣੇ ਤੋਂ ਦੁਬਈ ਜਾਣ ਵਾਲੀ ਫਲਾਈਟ ਡੀ. ਡਬਲਿਊ. ਸੀ. ਲਈ ਉਡਾਣ ਭਰੇਗੀ। ਉੱਥੇ ਹੀ, ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਇਨ੍ਹਾਂ ਦਿਨਾਂ ਦੌਰਾਨ ਦੁਬਈ ਲਈ ਕੁਝ ਫਲਾਈਟਾਂ ਨੂੰ ਰੱਦ ਵੀ ਕੀਤਾ ਹੈ। ਇਸ ਕਾਰਨ ਦੁਬਈ ਲਈ ਹਵਾਈ ਕਿਰਾਇਆ ਵਧ ਵੀ ਸਕਦਾ ਹੈ।
ਰਿਲਾਇੰਸ ਜੀਓ ਚਾਰ ਬੈਂਕਾਂ ਤੋਂ ਲਵੇਗਾ 27,000 ਕਰੋੜ ਰੁਪਏ ਦਾ ਕਰਜ਼ਾ
NEXT STORY