ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਦੇ ਅਹਿਮ ਅਧਿਕਾਰੀ ਰਹਿ ਚੁੱਕੇ ਐੱਸ. ਜੈਸ਼ੰਕਰ ਹੁਣ ਰਿਟਾਇਰ ਹੋਣ ਦੇ ਬਾਅਦ ਟਾਟਾ ਗਰੁੱਪ ਲਈ ਕੰਮ ਕਰਨਗੇ। ਟਾਟਾ ਸੰਨਜ਼ ਨੇ ਸਾਬਕਾ ਵਿਦੇਸ਼ ਸਕੱਤਰ ਸੁਬਰਾਮਣੀਅਮ ਜੈਸ਼ੰਕਰ (ਐੱਸ. ਜੈਸ਼ੰਕਰ) ਨੂੰ ਟਾਟਾ ਗਰੁੱਪ ਦੇ ਗਲੋਬਲ ਕਾਰਪੋਰੇਟ ਮਾਮਲਿਆਂ ਦਾ ਪ੍ਰਮੁੱਖ ਨਿਯੁਕਤ ਕੀਤਾ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਜੈਸ਼ੰਕਰ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰ ਸ਼ੇਖਰਨ ਨੂੰ ਰਿਪੋਰਟ ਕਰਨਗੇ। ਜੈਸ਼ੰਕਰ ਟਾਟਾ ਗਰੁੱਪ ਦੇ ਗਲੋਬਲ ਕਾਰਪੋਰੇਟ ਮਾਮਲਿਆਂ ਅਤੇ ਕੌਮਾਂਤਰੀ ਰਣਨੀਤੀ ਵਿਕਾਸ ਦਾ ਕੰਮ ਦੇਖਣਗੇ ਅਤੇ ਟਾਟਾ ਸੰਨਜ਼ ਦੇ ਕੌਮਾਂਤਰੀ ਦਫਤਰ ਉਨ੍ਹਾਂ ਨੂੰ ਰਿਪੋਰਟ ਕਰਨਗੇ।
ਜੈਸ਼ੰਕਰ ਜਨਵਰੀ 2015 ਤੋਂ ਜਨਵਰੀ 2018 ਦੌਰਾਨ ਵਿਦੇਸ਼ ਸਕੱਤਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਨੂੰ ਸਫਲ ਬਣਾਉਣ ਅਤੇ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਕੱਦ ਵਧਾਉਣ 'ਚ ਜੈਸ਼ੰਕਰ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਟਾਟਾ 'ਚ ਉਨ੍ਹਾਂ ਦੀ ਨਿਯੁਕਤੀ 'ਤੇ ਚੰਦਰ ਸ਼ੇਖਰਨ ਨੇ ਕਿਹਾ ਕਿ ਉਨ੍ਹਾਂ ਦਾ ਤਜਰਬਾ ਅਤੇ ਕੌਮਾਂਤਰੀ ਮਾਮਲਿਆਂ 'ਤੇ ਉਨ੍ਹਾਂ ਦਾ ਗਿਆਨ ਟਾਟਾ ਗਰੁੱਪ ਲਈ ਕਾਫੀ ਕੀਮਤੀ ਹੋਵੇਗਾ। ਜ਼ਿਕਰਯੋਗ ਹੈ ਕਿ ਜੈਸ਼ੰਕਰ ਭਾਰਤੀ ਵਿਦੇਸ਼ ਸੇਵਾ ਨਾਲ 1977 'ਚ ਜੁੜੇ ਸਨ ਅਤੇ ਕਈ ਅਹਿਮ ਅਹੁਦਿਆਂ 'ਤੇ ਵੀ ਰਹੇ। ਉਹ ਸਿੰਗਾਪੁਰ 'ਚ ਹਾਈ ਕਮਿਸ਼ਨਰ, ਚੀਨ ਅਤੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ।
ਦੇਸ਼ ਦੇ 4 ਹੋਰ ਸੂਬਿਆਂ ਵਿਚ ਈ-ਵੇਅ ਬਿੱਲ ਸਿਸਟਮ ਲਾਗੂ
NEXT STORY