ਨਵੀਂ ਦਿੱਲੀ— ਕਮਜ਼ੋਰ ਆਰਥਿਕ ਅੰਕੜੇ ਅਤੇ ਭਾਰਤ-ਚੀਨ ਸਰਹੱਦ 'ਤੇ ਤਣਾਅ ਵਿਚਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਦੇ ਪਹਿਲੇ ਚਾਰ ਕਾਰੋਬਾਰੀ ਸੈਸ਼ਨਾਂ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ ਸ਼ੁੱਧ ਰੂਪ ਨਾਲ 900 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਕ ਤੋਂ ਚਾਰ ਸਤੰਬਰ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 675 ਕਰੋੜ ਰੁਪਏ ਕੱਢੇ। ਇਸੇ ਤਰ੍ਹਾਂ ਉਨ੍ਹਾਂ ਨੇ ਬਾਂਡ ਬਾਜ਼ਾਰ 'ਚ ਸ਼ੁੱਧ ਰੂਪ ਨਾਲ 225 ਕਰੋੜ ਰੁਪਏ ਦੀ ਨਿਕਾਸੀ ਕੀਤੀ।
ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨਿਆਂ ਤੱਕ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਬਣੇ ਹੋਏ ਸਨ। ਅਗਸਤ 'ਚ ਉਨ੍ਹਾਂ ਨੇ ਭਾਰਤੀ ਪੂੰਜੀ ਬਾਜ਼ਾਰਾਂ 'ਚ 46,532 ਕਰੋੜ ਰੁਪਏ ਪਾਏ ਸਨ। ਜੁਲਾਈ 'ਚ ਐੱਫ. ਪੀ. ਆਈ. ਦਾ ਨਿਵੇਸ਼ 3,301 ਕਰੋੜ ਰੁਪਏ ਅਤੇ ਜੂਨ 'ਚ 24,053 ਕਰੋੜ ਰੁਪਏ ਰਿਹਾ ਸੀ।
ਮਾਰਨਿੰਗ ਸਟਾਰ ਇੰਡੀਆ ਦੇ ਸਹਾਇਕ ਨਿਰਦੇਸ਼ਕ-ਪ੍ਰਬੰਧਕ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਜੀ . ਡੀ. ਪੀ. ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਇਸੇ ਹਫਤੇ ਦੀ ਸ਼ੁਰੂਆਤ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਚੌਕਸ ਰੁਖ਼ ਅਪਣਾਇਆ। ਜੂਨ 'ਚ ਖਤਮ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਭਾਰਤੀ ਦੀ ਜੀ. ਡੀ. ਪੀ. 'ਚ 23.9 ਫੀਸਦੀ ਦੀ ਗਿਰਾਵਟ ਆਈ ਹੈ।'' ਉਨ੍ਹਾਂ ਕਿਹਾ ਕਿ ਕਮਜ਼ੋਰ ਗਲੋਬਲ ਰੁਝਾਨ ਅਤੇ ਭਾਰਤ-ਚੀਨ ਸਰਹੱਦੀ ਤਣਾਅ ਕਾਰਨ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ 'ਚ ਨਿਵੇਸ਼ ਕਰਨ 'ਚ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੁਨਾਫਾ-ਬੁਕਿੰਗ ਵੀ ਐੱਫ. ਪੀ. ਆਈ. ਦੀ ਵਾਪਸੀ ਦਾ ਇਕ ਹੋਰ ਕਾਰਨ ਸੀ।
ਚੀਨ ਦੇ ਹੱਥੋਂ ਨਿਕਲ ਰਹੀ ਬਾਦਸ਼ਾਹਤ, ਹੋਰ ਦੇਸ਼ਾਂ ਵੱਲ ਨਿਕਲ ਰਹੀਆਂ ਹਨ ਵਿਦੇਸ਼ੀ ਕੰਪਨੀਆਂ
NEXT STORY