ਮੁੰਬਈ— ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੀ ਵਜ੍ਹਾ ਨਾਲ ਵਿਸ਼ਵ ਪੱਧਰ 'ਤੇ ਸੋਨੇ ਦੀ ਮੰਗ ਜੁਲਾਈ-ਸਤੰਬਰ ਤਿਮਾਹੀ 'ਚ 19 ਫੀਸਦੀ ਘੱਟ ਕੇ 892.3 ਟਨ ਰਹਿ ਗਈ, ਜੋ 2009 ਦੀ ਤੀਜੀ ਤਿਮਾਹੀ ਤੋਂ ਸਭ ਤੋਂ ਘੱਟ ਮੰਗ ਹੈ। ਹਾਲਾਂਕਿ, ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਇਸ ਦੀ ਮੰਗ 'ਚ ਤੇਜ਼ੀ ਦਰਜ ਹੋਈ ਹੈ।
ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਡਬਲਿਊ. ਜੀ. ਸੀ. ਮੁਤਾਬਕ, ਜੁਲਾਈ-ਸਤੰਬਰ 2019 'ਚ ਕੁੱਲ ਵਿਸ਼ਵ ਪੱਧਰੀ ਮੰਗ 1,100.2 ਟਨ ਰਹੀ ਸੀ। ਹਾਲਾਂਕਿ, ਇਸ ਸਾਲ ਦੀ ਤੀਜੀ ਤਿਮਾਹੀ ਦੌਰਾਨ ਸਮੁੱਚੀ ਮੰਗ 'ਚ ਭਾਵੇਂ ਗਿਰਾਵਟ ਆਈ ਹੈ ਪਰ ਨਿਵੇਸ਼ ਦੀ ਮੰਗ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਦੌਰਾਨ ਸੋਨੇ 'ਚ ਨਿਵੇਸ਼ 21 ਫੀਸਦੀ ਵੱਧ ਕੇ 494.6 ਟਨ 'ਤੇ ਪਹੁੰਚ ਗਿਆ। ਨਿਵੇਸ਼ਕਾਂ ਨੇ 222.1 ਟਨ ਸੋਨੇ ਦੀਆਂ ਬਾਰਾਂ, ਸਿੱਕੇ ਅਤੇ 272.5 ਟਨ ਸੋਨਾ ਈ. ਟੀ. ਐੱਫ. (ਇਲੈਕਟ੍ਰਾਨਿਕ ਟਰੇਡ ਫੰਡ) ਰਾਹੀਂ ਖਰੀਦਿਆ। 2019 ਦੀ ਤੀਜੀ ਤਿਮਾਹੀ 'ਚ ਨਿਵੇਸ਼ ਦੀ ਸਮੁੱਚੀ ਮੰਗ 408.1 ਟਨ ਰਹੀ ਸੀ, ਜਿਸ 'ਚ 149.4 ਟਨ ਬਾਰਾਂ ਅਤੇ ਸਿੱਕਿਆਂ 'ਚ ਹੋਇਆ ਨਿਵੇਸ਼ ਅਤੇ 258.7 ਟਨ ਈ. ਟੀ. ਐੱਫ. 'ਚ ਹੋਇਆ ਨਿਵੇਸ਼ ਸ਼ਾਮਲ ਹੈ।
ਭਾਰਤ 'ਚ ਸੋਨੇ ਦੀ ਮੰਗ 30 ਫੀਸਦੀ ਘਟੀ, ਨਿਵੇਸ਼ 'ਚ ਵਾਧਾ
ਡਬਲਿਊ. ਜੀ. ਸੀ. ਨੇ ਕਿਹਾ ਕਿ ਤੀਜੀ ਤਿਮਾਹੀ (ਜੁਲਾਈ-ਸਤੰਬਰ), 2020 'ਚ ਭਾਰਤ ਦੀ ਸੋਨੇ ਦੀ ਮੰਗ 30 ਫੀਸਦੀ ਘੱਟ ਕੇ 86.6 ਟਨ ਰਹਿ ਗਈ, ਜਦੋਂ ਕਿ ਸਾਲ 2019 ਦੀ ਇਸ ਤਿਮਾਹੀ 'ਚ ਇਹ 123.9 ਟਨ ਰਹੀ ਸੀ। ਇਸ ਦੌਰਾਨ ਭਾਰਤ 'ਚ ਗਹਿਣਿਆਂ ਦੀ ਮੰਗ 48 ਫੀਸਦੀ ਘੱਟ ਕੇ 52.8 ਟਨ ਰਹੀ। ਡਬਲਿਊ. ਜੀ. ਸੀ. ਨੇ ਕਿਹਾ ਕਿ ਗਹਿਣਿਆਂ ਦੀ ਖਰੀਦ ਨੂੰ ਤਿਉਹਾਰਾਂ ਅਤੇ ਵਿਆਹਾਂ ਦੇ ਮੌਸਮ 'ਚ ਕੋਈ ਭਰਵਾਂ ਹੁੰਗਾਰਾਂ ਨਹੀਂ ਮਿਲਿਆ। ਹਾਲਾਂਕਿ, ਸੋਨੇ 'ਚ ਨਿਵੇਸ਼ ਦੀ ਮੰਗ 52 ਫੀਸਦੀ ਦੀ ਜ਼ਬਰਦਸਤ ਤੇਜ਼ੀ ਨਾਲ 2020 ਦੀ ਤੀਜੀ ਤਿਮਾਹੀ ਦੌਰਾਨ 33.8 ਟਨ 'ਤੇ ਪਹੁੰਚ ਗਈ, ਜੋ 2019 ਦੀ ਤੀਜੀ ਤਿਮਾਹੀ 'ਚ 22.3 ਟਨ ਸੀ।
ਹਿੰਦੁਸਤਾਨ ਐਰੋਨਾਟਿਕਸ ਨੇ ਟੇਕ ਮਹਿੰਦਰਾ ਨਾਲ 400 ਕਰੋੜ ਰੁਪਏ ਦਾ ਕੀਤਾ ਸੌਦਾ
NEXT STORY