ਮੁੰਬਈ (ਭਾਸ਼ਾ) – ਵਰਲਡ ਗੋਲਡ ਕਾਊਂਸਲ (ਡਬਲਯੂ. ਜੀ. ਸੀ.) ਮੁਤਾਬਕ ਸਾਲ 2022 ਦੀ ਪਹਿਲੀ ਤਿਮਾਹੀ ’ਚ ਭਾਰਤ ’ਚ ਸੋਨੇ ਦੀ ਮੰਗ 18 ਫੀਸਦੀ ਘਟ ਕੇ 135.5 ਟਨ ਰਹਿ ਗਈ। ਡਬਲਯੂ. ਜੀ. ਸੀ. ਨੇ ਕਿਹਾ ਕਿ ਮੁੱਖ ਤੌਰ ’ਤੇ ਕੀਮਤਾਂ ’ਚ ਤੇਜ਼ ਵਾਧੇ ਕਾਰਨ ਮੰਗ ਘਟੀ। ਸਾਲ 2021 ਦੇ ਪਹਿਲੇ ਤਿੰਨ ਮਹੀਨਿਆਂ ’ਚ ਸੋਨੇ ਦੀ ਮੰਗ 165.8 ਟਨ ਸੀ। ਸੋਨੇ ਦੀ ਮੰਗ ’ਤੇ ਡਬਲਯੂ. ਜੀ.ਸੀ. ਵਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਕੀਮਤ ਦੇ ਲਿਹਾਜ ਨਾਲ ਜਨਵਰੀ-ਮਾਰਚ ’ਚ ਸੋਨੇ ਦੀ ਮੰਗ 12 ਫੀਸਦੀ ਘਟ ਕੇ 61,550 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 69,720 ਕਰੋੜ ਰੁਪਏ ਸੀ।
ਡਬਲਯੂ. ਜੀ. ਸੀ. ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਸੁੰਦਰਮ ਪੀ. ਆਰ. ਨੇ ਦੱਸਿਆ ਕਿ ਜਨਵਰੀ ’ਚ ਸੋਨੇ ਦੀਆਂ ਕੀਮਤਾਂ ਵਧਣ ਲੱਗੀਆਂ ਅਤੇ ਕੀਮਤੀ ਧਾਤੂ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਅੱਠ ਫੀਸਦੀ ਵਧ ਕੇ 45,434 ਰੁਪਏ ਪ੍ਰਤੀ 10 ਗ੍ਰਾਮ (ਟੈਕਸਾਂ ਤੋਂ ਬਿਨਾਂ) ਦੇ ਪੱਧਰ ’ਤੇ ਪਹੁੰਚ ਗਈ। ਰਿਪੋਰਟ ਮੁਤਾਬਕ ਸਮੀਖਿਆ ਅਧੀਨ ਤਿਮਾਹੀ ਦੌਰਾਨ ਦੇਸ਼ ’ਚ ਗਹਿਣਿਆਂ ਦੀ ਕੁੱਲ ਮੰਗ 26 ਫੀਸਦੀ ਡਿਗ ਕੇ 94.2 ਟਨ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 126.5 ਟਨ ਸੀ। ਇਸ ਦੌਰਾਨ ਮੁੱਲ ਦੇ ਲਿਹਜ ਨਾਲ ਗਹਿਣਿਆਂ ਦੀ ਮੰਗ ’ਚ 20 ਫੀਸਦੀ ਦੀ ਕਮੀ ਹੋਈ। ਡਬਲਯੂ. ਜੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਕਿ ਮਾਰਚ ਤਿਮਾਹੀ ’ਚ ਸੋਨੇ ਦੀ ਗਲੋਬਲ ਮੰਗ 34 ਫੀਸਦੀ ਵਧ ਕੇ 1,234 ਟਨ ਹੋ ਗਈ। ਭੂ-ਸਿਆਸੀ ਅਤੇ ਆਰਥਿਕ ਅਨਿਸ਼ਚਿਤਤਾ ਦਰਮਿਆਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਵੱਲ ਰੁਖ ਕੀਤਾ। ਸਾਲ 2021 ਦੀ ਪਹਿਲੀ ਤਿਮਾਹੀ ਦੌਰਾਨ ਕੌਮਾਂਤਰੀ ਪੱਧਰ ’ਤੇ ਸੋਨੇ ਦੀ ਮੰਗ 919.1 ਟਨ ਸੀ।
ਛੇ ਮਹੀਨਿਆਂ ਵਿੱਚ 100 ਸ਼ਹਿਰਾਂ ਵਿੱਚ ਸ਼ੁਰੂ ਹੋਵੇਗੀ ONDC, ਜਾਣੋ ਇਸ ਦੇ ਲਾਭ
NEXT STORY