ਨਵੀਂ ਦਿੱਲੀ— 1 ਜੁਲਾਈ ਤੋਂ ਭਾਰਤ 'ਚ ਸੋਨਾ ਖਰੀਦਣਾ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ। ਭਾਰਤ ਦੇ ਮੁਕਾਬਲੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਸੋਨਾ ਖਰੀਦਣਾ ਸਸਤਾ ਹੈ। ਜਦੋਂ ਕਿ ਯੂ. ਏ. ਈ. 'ਚ ਜਨਵਰੀ, 2018 ਤੋਂ 5 ਫੀਸਦੀ ਵੈਟ ਵੀ ਲਗਾਇਆ ਜਾਵੇਗਾ। ਉਸ ਦੇ ਬਾਅਦ ਵੀ ਉੱਥੇ ਸੋਨਾ ਭਾਰਤ ਨਾਲੋਂ ਸਸਤਾ ਰਹੇਗਾ। ਭਾਰਤ 'ਚ ਹੁਣ ਗਾਹਕਾਂ ਨੂੰ ਸੋਨਾ ਖਰੀਦਣ 'ਤੇ ਤਕਰੀਬਨ 14 ਫੀਸਦੀ ਟੈਕਸ ਦੇਣਾ ਹੋਵੇਗਾ। ਉੱਥੇ ਹੀ ਪ੍ਰਵਾਸੀ ਭਾਰਤੀ ਯੂ. ਏ. ਈ. 'ਚ ਭਾਰਤ ਨਾਲੋਂ 13 ਤੋਂ 14 ਫੀਸਦੀ ਸਸਤਾ ਸੋਨਾ ਖਰੀਦ ਸਕਦੇ ਹਨ।
ਸੋਨੇ ਅਤੇ ਹੀਰੇ ਦੇ ਕੌਮਾਂਤਰੀ ਕਾਰੋਬਾਰ ਨਾਲ ਜੁੜੇ ਇਕ ਕਾਰੋਬਾਰੀ ਮੁਤਾਬਕ, ਭਾਰਤ 'ਚ ਜੀ. ਐੱਸ. ਟੀ. ਤਹਿਤ ਸੋਨੇ 'ਤੇ 3 ਫੀਸਦੀ ਟੈਕਸ ਹੈ। ਜਦੋਂ ਕਿ ਸੋਨੇ ਦੇ ਗਹਿਣੇ ਦੀ ਬਣਵਾਈ 'ਤੇ 5 ਫੀਸਦੀ ਜੀ. ਐੱਸ. ਟੀ. ਲੱਗੇਗਾ। ਇਸ ਤੋਂ ਪਹਿਲਾਂ ਇਸ 'ਤੇ 1 ਫੀਸਦੀ ਐਕਸਾਈਜ਼ ਅਤੇ 1.2 ਫੀਸਦੀ ਵੈਟ ਲੱਗਦਾ ਸੀ। ਇਸ ਤੋਂ ਇਲਾਵਾ ਸੋਨੇ 'ਤੇ 10 ਫੀਸਦੀ ਕਸਟਮ ਡਿਊਟੀ ਵੀ ਲੱਗਦੀ ਹੈ। ਇਨ੍ਹਾਂ ਸਭ ਨੂੰ ਜੋੜਨ 'ਤੇ ਭਾਰਤ ਅਤੇ ਦੁਬਈ 'ਚ ਸੋਨੇ ਦੀਆਂ ਕੀਮਤਾਂ 'ਚ ਤਕਰੀਬਨ 13 ਤੋਂ 14 ਫੀਸਦੀ ਦਾ ਫਰਕ ਬਣਦਾ ਹੈ।
ਕਾਰੋਬਾਰੀ ਮੁਤਾਬਕ, 1 ਜੁਲਾਈ ਨੂੰ ਕੇਰਲਾ 'ਚ ਸੋਨੇ ਦੀ ਕੀਮਤ 22,536 ਰੁਪਏ ਸੀ, ਜਦੋਂ ਕਿ ਦੁਬਈ 'ਚ ਇਸ ਦੀ ਕੀਮਤ 19,880 ਰੁਪਏ ਸੀ, ਯਾਨੀ 2,656 ਰੁਪਏ ਦਾ ਫਰਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ 'ਚ ਜੀ. ਐੱਸ. ਟੀ. ਲਾਗੂ ਹੋਣ 'ਤੇ ਕੀਮਤਾਂ ਵਧ ਚੁੱਕੀਆਂ ਹਨ, ਅਜਿਹੇ 'ਚ ਐੱਨ. ਆਰ. ਆਈ. ਅਤੇ ਸੈਲਾਨੀ ਦੁਬਈ ਤੋਂ ਜ਼ਿਆਦਾ ਸੋਨਾ ਖਰੀਦਣਗੇ।
ਮਾਹਰਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਹੁਣ ਭਾਰਤ 'ਚ ਸੋਨੇ ਦੀ ਕਾਲਾਬਾਜ਼ਾਰੀ ਰੁਕ ਜਾਵੇਗੀ। ਵਿਸ਼ਵ ਗੋਲਡ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ ਸਾਲ 2017 'ਚ ਭਾਰਤ 'ਚ ਸੋਨੇ ਦੀ ਮੰਗ 650 ਤੋਂ 750 ਟਨ ਵਿਚਕਾਰ ਰਹਿਣ ਦੀ ਉਮੀਦ ਹੈ ਅਤੇ 2020 ਤਕ ਇਹ ਵਧ ਕੇ 850 ਤੋਂ 950 ਵਿਚਕਾਰ ਹੋ ਜਾਵੇਗੀ।
ਜੰਮੂ-ਕਸ਼ਮੀਰ 'ਚ GST ਲਾਗੂ ਕਰਨ ਦੇ ਆਦੇਸ਼ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ
NEXT STORY