ਨਵੀਂ ਦਿੱਲੀ— ਸੋਨੇ ਤੇ ਚਾਂਦੀ 'ਚ ਹਫ਼ਤੇ ਦੌਰਾਨ ਕਾਫ਼ੀ ਉਥਲ-ਪੁਥਲ ਦੇਖਣ ਨੂੰ ਮਿਲੀ ਅਤੇ ਇਨ੍ਹਾਂ ਦੀਆਂ ਕੀਮਤਾਂ ਡਿੱਗਣ ਪਿੱਛੋਂ ਇਕ ਵਾਰ ਫਿਰ ਉਪਰ ਚੜ੍ਹ ਗਈਆਂ। ਹਾਲਾਂਕਿ, ਸੋਨਾ ਹੁਣ ਵੀ ਰਿਕਾਰਡ ਉੱਚ ਪੱਧਰ ਤੋਂ ਲਗਭਗ 5,300 ਰੁਪਏ ਸਸਤਾ ਪੈ ਰਿਹਾ ਹੈ।
ਉੱਥੇ ਹੀ, ਚਾਂਦੀ ਵੀ ਰਿਕਾਰਡ ਉੱਚ ਪੱਧਰ ਤੋਂ ਫਿਲਹਾਲ ਤਕਰੀਬਨ 17,000 ਰੁਪਏ ਹੇਠਾਂ ਹੈ। ਸ਼ੁੱਕਰਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 50,817 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਚਾਂਦੀ ਇਸ ਦੌਰਾਨ 62,955 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਹਾਜ਼ਰ ਬਾਜ਼ਾਰ ਦੀ ਗੱਲ ਕਰੀਏ ਤਾਂ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 51,153 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂ ਕਿ ਚਾਂਦੀ 62,159 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਸਰਾਫਾ ਬਾਜ਼ਾਰ 'ਚ ਸੋਨਾ ਹੁਣ ਤੱਕ 56,254 ਰੁਪਏ ਤੱਕ ਦਾ ਰਿਕਾਰਡ ਉੱਚ ਪੱਧਰ ਦੇਖ ਚੁੱਕਾ ਹੈ।
ਸ਼ੁੱਕਰਵਾਰ ਨੂੰ ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 1 ਫੀਸਦੀ ਦੀ ਛਲਾਂਗ ਲਾ ਕੇ 1,912.22 ਡਾਲਰ ਪ੍ਰਤੀ ਔਂਸ 'ਤੇ ਰਿਹਾ। ਸੋਨਾ ਵਾਇਦਾ 1.2 ਫੀਸਦੀ ਦੇ ਉਛਾਲ ਨਾਲ 1,917.90 ਡਾਲਰ ਪ੍ਰਤੀ ਔਂਸ 'ਤੇ ਰਿਹਾ। ਡਾਲਰ ਦੇ ਕਮਜ਼ੋਰ ਹੋਣ ਤੇ ਅਮਰੀਕਾ 'ਚ ਆਰਥਿਕ ਰਾਹਤ ਪੈਕੇਜ 'ਤੇ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਹੋਣ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਮਹਿੰਗਾਈ ਤੋਂ ਸੁਰੱਖਿਆ ਦੇ ਰੂਪ 'ਚ ਸੋਨੇ ਦੀ ਖਰੀਦਦਾਰੀ ਵਧਾਈ। ਰਿਪੋਰਟਾਂ ਮੁਤਾਬਕ, ਅਮਰੀਕੀ ਸੰਸਦ ਦੇ ਸਪੀਕਰ ਨੈਨਸੀ ਪੇਲੋਸੀ ਤੇ ਖਜ਼ਾਨਾ ਸਕੱਤਰ ਸਟੀਫਨ ਮਨੂਚਿਨ ਨੇ ਆਰਥਿਕ ਰਾਹਤ ਪੈਕੇਜ ਬਾਰੇ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਹੈ, ਜਦੋਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫਤੇ ਦੇ ਸ਼ੁਰੂ 'ਚ ਗੱਲਬਾਤ ਰੱਦ ਕਰ ਦਿੱਤੀ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨੇੜੇ ਦੇ ਭਵਿੱਖ 'ਚ ਅਮਰੀਕੀ ਅਰਥਵਿਵਸਥਾ ਦੀ ਸਥਿਤੀ ਦੇ ਨਾਲ-ਨਾਲ ਡਾਲਰ ਸੋਨੇ 'ਚ ਉਤਰਾਅ-ਚੜ੍ਹਾਅ ਦਾ ਮੁੱਖ ਕਾਰਕ ਬਣਿਆ ਰਹਿ ਸਕਦਾ ਹੈ।
ਸੰਤੋਸ਼ ਗੰਗਵਾਰ ਨੇ ਕਿਹਾ, ਬਾਲ ਮਜ਼ਦੂਰੀ ਨੂੰ ਖਤਮ ਕਰਨਾ ਸਰਕਾਰ ਦੀ ਪਹਿਲ
NEXT STORY