ਜਲੰਧਰ- ਵਿਸ਼ਵ ਭਰ ਵਿਚ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਵਿਚਕਾਰ 2020 ਵਿਚ ਸੋਨੇ ਵਿਚ ਜ਼ਬਰਦਸਤ ਨਿਵੇਸ਼ ਵਧਿਆ, ਜਿਸ ਨਾਲ ਇਸ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਈਆਂ। ਨਿਵੇਸ਼ਕਾਂ ਨੇ ਇਸ ਨਾਲ ਮੋਟਾ ਮੁਨਾਫਾ ਕਮਾਇਆ। ਭਾਰਤ ਵਿਚ ਪਹਿਲੀ ਵਾਰ ਸੋਨੇ ਦੀਆਂ ਵਾਇਦਾ ਅਤੇ ਹਾਜ਼ਰ ਕੀਮਤਾਂ ਅਗਸਤ ਵਿਚ 56,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਪਾਰ ਪਹੁੰਚ ਗਈਆਂ ਸਨ।
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਵਾਇਦਾ ਸੋਨੇ ਦੀ ਕੀਮਤ 7 ਅਗਸਤ 2020 ਨੂੰ ਜਿੱਥੇ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਰਵਉੱਚ ਪੱਧਰ 'ਤੇ ਪਹੁੰਚੀ, ਉੱਥੇ ਹੀ ਹਾਜ਼ਰ ਬਾਜ਼ਾਰ ਵਿਚ ਇਹ 56,254 ਦੇ ਸਰਵਉੱਚ 'ਤੇ ਪਹੁੰਚ ਗਈ ਸੀ। ਸਾਲ ਦੇ ਸ਼ੁਰੂ ਯਾਨੀ 1 ਜਨਵਰੀ 2020 ਨੂੰ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਹਾਜ਼ਰ ਕੀਮਤ 39,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਸੀ।
ਕਿਉਂ ਵਧੀ ਸੋਨੇ ਦੀ ਕੀਮਤ
ਸੋਨੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵੱਧ ਰਹੀਆਂ ਚਿੰਤਾਵਾਂ ਸਨ, ਜਿਸ ਕਾਰਨ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਸੀ ਅਤੇ ਲੋਕ ਸੋਨੇ ਵਿਚ ਨਿਵੇਸ਼ ਕਰਨਾ ਪਸੰਦ ਕਰ ਰਹੇ ਸਨ ਕਿਉਂਕਿ ਇਹ ਨਿਵੇਸ਼ ਕਰਨ ਲਈ ਇਕ ਸੁਰੱਖਿਅਤ ਜਗ੍ਹਾ ਮੰਨਿਆ ਜਾਂਦਾ ਹੈ ਪਰ ਜਿਵੇਂ ਹੀ ਕੋਰੋਨਾ ਟੀਕੇ ਦੀ ਘੋਸ਼ਣਾ ਹੋ ਗਈ ਇਸ ਵਿਚ ਗਿਰਾਵਟ ਦਾ ਰੁਝਾਨ ਵੀ ਸ਼ੁਰੂ ਹੋ ਗਿਆ ਅਤੇ ਡਿੱਗਦਾ-ਡਿੱਗਦਾ ਸੋਨਾ 47 ਹਜ਼ਾਰ ਦੇ ਨੇੜੇ ਪਹੁੰਚ ਗਿਆ। ਇਸ ਵੇਲੇ ਸੋਨਾ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਹੈ।
ਸਰਾਫਾ ਬਾਜ਼ਾਰ 'ਚ ਕੀਮਤਾਂ-
ਜਨਵਰੀ 2020 ਵਿਚ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਤਕਰੀਬਨ 39,000 ਰੁਪਏ ਤੋਂ ਸ਼ੁਰੂ ਹੋਈ ਸੀ, ਜੋ ਅਗਸਤ ਆਉਂਦੇ-ਆਉਂਦੇ ਰਿਕਾਰਡ ਨੂੰ ਛੂੰਹਦੀ ਗਈ ਅਤੇ 7 ਅਗਸਤ ਨੂੰ ਕਾਰੋਬਾਰ ਖੁੱਲ੍ਹਦੇ 56,254 ਰੁਪਏ ਤੱਕ ਪਹੁੰਚੀ ਅਤੇ ਕਾਰੋਬਾਰ ਬੰਦ ਹੋਣ ਦੌਰਾਨ ਇਸ ਦੀ ਕੀਮਤ 56,126 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਜਨਵਰੀ ਤੋਂ ਲੈ ਕੇ ਸਰਵਉੱਚ ਪੱਧਰ ਤੱਕ ਸੋਨੇ ਨੇ ਤਕਰੀਬਨ 44 ਫ਼ੀਸਦੀ ਰਿਟਰਨ ਦਿੱਤਾ ਹੈ, ਜਦੋਂ ਕਿ ਇਸ ਤੋਂ ਬਾਅਦ ਕੀਮਤਾਂ ਘਟਣ ਦੇ ਬਾਵਜੂਦ ਵੀ ਇਸ ਨੇ ਤਕਰੀਬਨ 28 ਫ਼ੀਸਦੀ ਦਾ ਰਿਟਰਨ ਦਿੱਤਾ ਹੈ।
2021 'ਚ ਵੀ ਰਹੇਗਾ ਆਕਰਸ਼ਕ
ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਕੌਮਾਂਤਰੀ ਬਾਜ਼ਾਰ ਵਿਚ ਅਗਸਤ ਵਿਚ ਸੋਨੇ ਦੀਆਂ ਕੀਮਤਾਂ 2,075 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ ਸਨ, ਜੋ ਆਰਥਿਕ ਗਤੀਵਧੀਆ ਵਿਚ ਹੌਲੀ-ਹੌਲੀ ਵਾਧਾ ਹੋਣ ਨਾਲ ਹੁਣ 1850-1900 ਡਾਲਰ ਪ੍ਰਤੀ ਔਂਸ ਵਿਚਕਾਰ ਹਨ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੈਲੰਡਰ ਸਾਲ 2020 ਵਿਚ ਸੋਨੇ ਨੇ ਸ਼ਾਨਦਾਰ ਰਿਟਰਨ ਦਿੱਤਾ ਹੈ। 2021 ਵਿਚ ਵੀ ਇਹ ਇਕ ਆਕਰਸ਼ਕ ਨਿਵੇਸ਼ ਰਹਿਣ ਵਾਲਾ ਹੈ ਅਤੇ ਨਵੇਂ ਸਾਲ ਵਿਚ ਕੀਮਤਾਂ ਵਧਣ ਦੀਆਂ ਸੰਭਾਵਨਾਵਾਂ ਹਨ। ਲੰਬੇ ਸਮੇਂ ਲਈ ਸੋਨੇ ਨੂੰ ਅਜੇ ਵੀ ਵਧੀਆ ਨਿਵੇਸ਼ ਦਾ ਬਦਲ ਮੰਨਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਬਰਕਰਾਰ ਰਹਿਣ ਵਿਚਕਾਰ ਨਰਮ ਕਰੰਸੀ ਨੀਤੀ, ਮਹਿੰਗਾਈ ਦਾ ਖ਼ਤਰਾ ਅਤੇ ਡਾਲਰ ਵਿਚ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਨਰਮੀ ਹੁਣ ਵੀ ਸੋਨੇ ਦੇ ਪੱਖ ਵਿਚ ਰਹਿਣ ਵਾਲੇ ਕਾਰਕ ਹਨ।
UK 'ਚ Oxford ਟੀਕੇ ਨੂੰ ਹਰੀ ਝੰਡੀ, ਭਾਰਤ ਵੀ ਦੇ ਸਕਦੈ ਜਲਦ ਮਨਜ਼ੂਰੀ
NEXT STORY