ਨਵੀਂ ਦਿੱਤੀ— ਮੋਬਾਇਲ ਯੂਜ਼ਰਾਂ ਲਈ ਖੁਸ਼ਖਬਰੀ ਹੈ ਕਿਉਂਕਿ ਟਰਾਈ ਨੇ ਕਾਲ ਕੁਨੈਕਟ ਦਰਾਂ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਅਜਿਹੇ 'ਚ ਅਗਲੇ ਮਹੀਨੇ ਤੋਂ ਤੁਹਾਡਾ ਮੋਬਾਇਲ ਬਿੱਲ ਹੋਰ ਵੀ ਘੱਟ ਹੋ ਸਕਦਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ (ਟਰਾਈ) ਨੇ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਇੰਟਰਕੁਨੈਕਟ ਯੂਜ਼ਰ ਚਾਰਜ (ਆਈ. ਯੂ. ਸੀ.) ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਹੈ। 1 ਅਕਤੂਬਰ ਤੋਂ 14 ਪੈਸੇ ਪ੍ਰਤੀ ਮਿੰਟ ਦੀ ਬਜਾਏ ਹੁਣ ਸਿਰਫ 6 ਪੈਸੇ ਪ੍ਰਤੀ ਮਿੰਟ ਚਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ 1 ਜਨਵਰੀ 2020 ਤੋਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਰਿਲਾਇੰਸ ਜਿਓ ਨੂੰ ਛੱਡ ਕੇ ਦੂਜੀਆਂ ਕੰਪਨੀਆਂ ਇਸ ਚਾਰਜ ਨੂੰ ਵਧਾਉਣ ਦੀ ਮੰਗ ਕਰ ਰਹੀਆਂ ਸਨ, ਜਿਨ੍ਹਾਂ ਨੂੰ ਟਰਾਈ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਟਰਾਈ ਵੱਲੋਂ ਕਾਲ ਕੁਨੈਕਟ ਦਰਾਂ 'ਚ ਤਕਰੀਬਨ 58 ਫੀਸਦੀ ਦੀ ਭਾਰੀ ਕਟੌਤੀ ਕੀਤੇ ਜਾਣ ਤੋਂ ਬਾਅਦ ਕਾਲ ਦਰਾਂ ਹੋਰ ਵੀ ਘੱਟ ਹੋ ਸਕਦੀਆਂ ਹਨ।
ਜੀਓ ਲਈ ਫਾਇਦੇ ਦਾ ਸੌਦਾ, ਏਅਰਟੈੱਲ, ਆਈਡੀਆ ਨੂੰ ਝਟਕਾ!
ਟਰਾਈ ਦਾ ਤਾਜ਼ਾ ਹੁਕਮ ਰਿਲਾਇੰਸ ਜੀਓ ਲਈ ਸਭ ਤੋਂ ਵੱਧ ਫਾਇਦੇ ਦਾ ਸੌਦਾ ਹੈ। ਇਸ ਨਾਲ ਉਸ ਨੂੰ ਸਾਲਾਨਾ ਤਕਰੀਬਨ 2,500 ਤੋਂ 3,000 ਕਰੋੜ ਰੁਪਏ ਬਚਣਗੇ। ਉੱਥੇ ਹੀ, ਏਅਰਟੈੱਲ, ਆਈਡੀਆ, ਵੋਡਾਫੋਨ ਵਰਗੇ ਮੌਜੂਦਾ ਸੰਚਾਲਕਾਂ ਦੇ ਮੁਨਾਫੇ ਨੂੰ ਵੱਡੀ ਸੱਟ ਲੱਗੇਗੀ ਕਿਉਂਕਿ ਇਨ੍ਹਾਂ ਦੀ ਕਮਾਈ ਦਾ ਇਕ ਹਿੱਸਾ ਇੰਟਰਕੁਨੈਕਟ ਚਾਰਜ ਤੋਂ ਆਉਂਦਾ ਹੈ। ਜੀਓ ਦੀ ਦਸਤਕ ਤੋਂ ਬਾਅਦ ਮੁਨਾਫੇ 'ਚ ਕਮੀ ਕਾਰਨ ਪ੍ਰੇਸ਼ਾਨ ਮੁਕਾਬਲੇਬਾਜ਼ ਕੰਪਨੀਆਂ ਦੀ ਪ੍ਰੇਸ਼ਾਨੀ ਹੋਰ ਵੱਧ ਗਈ ਹੈ। ਅਗਸਤ 'ਚ ਦੇਸ਼ ਦੀਆਂ ਤਿੰਨ ਚੋਟੀ ਦੀਆਂ ਦੂਰਸੰਚਾਰ ਕੰਪਨੀਆਂ ਏਅਰਟੈੱਲ, ਵੋਡਾਫੋਨ, ਆਈਡੀਆ ਦੇ ਗਾਹਕਾਂ ਦੀ ਗਿਣਤੀ ਤਕਰੀਬਨ 50 ਲੱਖ ਘੱਟ ਗਈ ਹੈ। ਅਗਸਤ 'ਚ ਜਿੱਥੇ ਵੋਡਾਫੋਨ ਅਤੇ ਆਈਡੀਆ ਦੇ ਗਾਹਕਾਂ ਦੀ ਗਿਣਤੀ 'ਚ ਕ੍ਰਮਵਾਰ- 24 ਲੱਖ ਅਤੇ 28 ਲੱਖ ਦੀ ਗਿਰਾਵਟ ਆਈ ਹੈ, ਉੱਥੇ ਹੀ ਏਅਰਟੈੱਲ ਦੇ 2 ਲੱਖ ਗਾਹਕ ਘੱਟ ਹੋ ਗਏ ਹਨ। ਇਨ੍ਹਾਂ ਤੋਂ ਸਾਫ ਹੈ ਕਿ ਨਵੇਂ ਗਾਹਕ ਜੀਓ ਨਾਲ ਜੁੜ ਰਹੇ ਹਨ। ਅਜਿਹਾ ਇਨ੍ਹਾਂ ਕੰਪਨੀਆਂ ਵੱਲੋਂ ਜੀਓ ਦੀ ਤਰ੍ਹਾਂ ਬਿਹਤਰ ਸਰਵਿਸ ਨਾ ਦੇਣਾ ਹੈ।
ਹੁਣ ਪਾਕਿ 'ਚ ਖੁੱਲ੍ਹੇਗਾ ਚੀਨ ਦਾ ਸਰਕਾਰੀ ਬੈਂਕ
NEXT STORY