ਨਵੀਂ ਦਿੱਲੀ- ਸਰਕਾਰ ਮਹਾਮਾਰੀ ਦੀ ਵਜ੍ਹਾ ਨਾਲ ਹਵਾਬਾਜ਼ੀ ਕੰਪਨੀਆਂ ਦੀਆਂ ਉਡਾਣਾਂ 'ਤੇ ਲਾਈ ਪਾਬੰਦੀ ਹਟਾਉਣ ਅਤੇ ਪੂਰੀ ਸਮਰੱਥਾ ਨਾਲ ਉਡਾਣ ਭਰਨ ਦੀ ਮਨਜ਼ੂਰੀ ਦੇਣ ਦਾ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ 'ਤੇ ਚਰਚਾ ਕਰ ਰਹੀ ਹੈ।
ਹਾਲਾਂਕਿ, ਜਹਾਜ਼ ਕੰਪਨੀਆਂ ਇਸ ਲਈ ਫਿਲਹਾਲ ਤਿਆਰ ਨਹੀਂ ਹਨ। ਇਸ ਦਾ ਕਾਰਨ ਹੈ ਕਿ ਹਵਾਈ ਮੁਸਾਫ਼ਰਾਂ ਦੀ ਗਿਣਤੀ ਵਧਦੀ ਨਹੀਂ ਦਿਸ ਰਹੀ ਹੈ। ਸਰਕਾਰ ਵੱਲੋਂ ਕਿਰਾਏ 'ਤੇ ਬੰਦਸ਼ ਵੀ ਹੈ। ਇਸ ਲਈ ਪੂਰੀ ਸਮਰੱਥਾ ਨਾਲ ਉਡਾਣ ਭਰਨਾ ਕੰਪਨੀਆਂ ਲਈ ਮੁਨਾਫੇ ਦਾ ਸੌਦਾ ਨਹੀਂ ਹੋਵੇਗਾ।
ਇਸ ਸਮੇਂ ਜਹਾਜ਼ ਕੰਪਨੀਆਂ ਨੂੰ ਕੋਵਿਡ-19 ਤੋਂ ਪਹਿਲਾਂ ਦੀ ਸੰਚਾਲਨ ਸਮਰੱਥਾ ਦੇ ਮੁਕਾਬਲੇ 80 ਫ਼ੀਸਦੀ ਸਮਰੱਥਾ 'ਤੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਇੰਡੀਗੋ ਨੂੰ ਛੱਡ ਕੇ ਹੋਰ ਕੋਈ ਵੀ ਜਹਾਜ਼ ਕੰਪਨੀ 70 ਫ਼ੀਸਦੀ ਸਮਰੱਥਾ ਤੱਕ ਵੀ ਕੰਮ ਨਹੀਂ ਕਰ ਪਾ ਰਹੀ ਹੈ। ਤਾਲਾਬੰਦੀ ਦੀ ਵਜ੍ਹਾ ਨਾਲ ਤਕਰੀਬਨ ਦੋ ਮਹੀਨਿਆਂ ਤੱਕ ਜਹਾਜ਼ਾਂ ਦਾ ਸੰਚਾਲਨ ਬੰਦ ਰਹਿਣ ਪਿੱਛੋਂ 25 ਮਈ ਤੋਂ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਕ ਸਰਕਾਰੀ ਸੂਤਰ ਨੇ ਕਿਹਾ ਕਿ ਸਰਕਾਰ ਉਡਾਣਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਬੰਦਸ਼ਾਂ ਹਟਾਉਣ ਲਈ ਸੁਝਾਅ ਮੰਗੇ ਜਾ ਰਹੇ ਹਨ। ਇਸ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ। ਹਾਲਾਂਕਿ, ਇੰਡੀਗੋ ਤੋਂ ਇਲਾਵਾ ਜਹਾਜ਼ ਕੰਪਨੀਆਂ ਦਾ ਕਹਿਣਾ ਹੈ ਕਿ ਸਮਰੱਥਾ ਵਧਾਉਣ ਦਾ ਫ਼ੈਸਲਾ ਮਾਰਚ ਤੱਕ ਟਾਲ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਅਗਲੇ ਤਿੰਨ ਮਹੀਨਿਆਂ ਲਈ ਟਿਕਟਾਂ ਦੀ ਅਗਾਊਂ ਬੁਕਿੰਗ ਵੀ ਬਹੁਤ ਘੱਟ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ 600 ਰੁਪਏ ਤੱਕ ਦਾ ਉਛਾਲ, ਜਾਣੋ ਤਾਜ਼ਾ ਮੁੱਲ
NEXT STORY