ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ ਵਲੋਂ ਪ੍ਰਮੁੱਖ ਨੀਤੀਗਤ ਦਰ ਰੇਪੋ ਨੂੰ 0.50 ਫੀਸਦੀ ਵਧਾ ਕੇ 4.9 ਫੀਸਦੀ ਕਰਨ ਦੇ ਫੈਸਲੇ ਨਾਲ ਰਿਹਾਇਸ਼ੀ ਲੋਨ ਮਹਿੰਗਾ ਹੋਵੇਗਾ ਅਤੇ ਘਰਾਂ ਦੀ ਵਿਕਰੀ ਘਟੇਗੀ। ਜਾਇਦਾਦ ਸਲਾਹਕਾਰਾਂ ਨੇ ਇਹ ਰਾਏ ਪ੍ਰਗਟਾਈ ਹੈ। ਜਾਇਦਾਦ ਸਲਾਹ ਐਨਾਰਾਕ, ਨਾਈਟ ਫ੍ਰੈਂਕ ਇੰਡੀਆ, ਜੇ. ਐੱਲ. ਐੱਲ. ਇੰਡੀਆ, ਕੋਲੀਅਰਸ ਇੰਡੀਆ, ਇੰਡੀਆ ਸਾਥਬੀ ਇੰਟਰਨੈਸ਼ਨਲ ਰੀਅਲਟੀ ਅਤੇ ਇਨਵੈਸਟਰਸ ਕਲੀਨਿਕ ਨੇ ਕਿਹਾ ਕਿ ਮਹਿੰਗਾਈ ’ਤੇ ਰੋਕ ਲਈ ਰਿਜ਼ਰਵ ਬੈਂਕ ਦਾ ਇਹ ਕਦਮ ਉਮੀਦ ਮੁਤਾਬਕ ਹੈ। ਇਸ ਨਾਲ ਰਿਹਾਇਸ਼ੀ ਲੋਨ ’ਤੇ ਵਿਆਜ ਦਰਾਂ ਵਧਣਗੀਆਂ।
ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਰੇਪੋ ਦਰ ’ਚ ਵਾਧੇ ਨਾਲ ਰਿਹਾਇਸ਼ੀ ਲੋਨ ਮਹਿੰਗਾ ਹੋਵੇਗਾ। ਰਿਜ਼ਰਵ ਬੈਂਕ ਵਲੋਂ ਪਿਛਲੇ ਮਹੀਨੇ ਨੀਤੀਗਤ ਦਰਾਂ ’ਚ ਵਾਧੇ ਤੋਂ ਬਾਅਦ ਵਿਆਜ ਦਰਾਂ ਪਹਿਲਾਂ ਨਾਲੋਂ ਵਧਣ ਲੱਗੀਆਂ ਹਨ। ਹਾਲਾਂਕਿ ਵਿਆਜ ਦਰਾਂ 2008 ਦੇ ਕੌਮਾਂਤਰੀ ਵਿੱਤੀ ਸੰਕਟ ਦੇ ਦੌਰ ਤੋਂ ਹੇਠਾਂ ਰਹਿਣਗੀਆਂ। ਉਸ ਸਮੇਂ ਇਹ 12 ਫੀਸਦੀ ਅਤੇ ਇਸ ਤੋਂ ਉੱਪਰ ਸਨ। ਪੁਰੀ ਨੇ ਕਿਹਾ ਕਿ ਵਿਆਜ ਦਰਾਂ ’ਚ ਵਾਧੇ ਦਾ ਅਸਰ ਰਿਹਾਇਸ਼ੀ ਸੈਗਮੈਂਟ ਦੀ ਵਿਕਰੀ ’ਤੇ ਆਉਣ ਵਾਲੇ ਮਹੀਨਿਆਂ ’ਚ ਦਿਖਾਈ ਦੇਵੇਗਾ। ਸਸਤੇ ਅਤੇ ਦਰਮਿਆਨੀ ਸੈਗਮੈਂਟ ਵਾਲੇ ਘਰਾਂ ਦੀ ਵਿਕਰੀ ’ਤੇ ਇਸ ਦਾ ਅਸਰ ਵਧੇਰੇ ਦਿਖਾਈ ਦੇਵੇਗਾ। ਕੋਲੀਅਰਸ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਮੇਸ਼ ਨਾਇਰ ਦਾ ਮੰਨਣਾ ਹੈ ਕਿ ਬੈਂਕ ਰੋਪੋ ਦਰ ’ਚ ਵਾਧੇ ਦਾ ਬੋਝ ਆਉਂਦੇ ਮਹੀਨਿਆਂ ’ਚ ਹੌਲੀ-ਹੌਲੀ ਗਾਹਕਾਂ ’ਤੇ ਪਾਉਣਗੇ।
ਹਾਊਸਿੰਗ ਡਾਟ ਕਾਮ ਅਤੇ ਪ੍ਰਾਪਟਾਈਗਰ ਡਾਟ ਕਾਮ ਦੇ ਸੀ. ਈ. ਓ. ਧਰੁਵ ਅੱਗਰਵਾਲ ਨੇ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਕੁੱਝ ਦਿਨਾਂ ’ਚ ਹੀ ਨੀਤੀਗਤ ਦਰਾਂ ’ਚ ਦੋ ਵਾਰ ਕੀਤੇ ਗਏ ਵਾਧੇ ਨਾਲ ਅਖੀਰ ਰਿਹਾਇਸ਼ੀ ਲੋਨ ’ਤੇ ਵਿਆਜ ਦਰ ਵਧਣਗੀਆਂ, ਜਿਸ ਨਾਲ ਗਾਹਕਾਂ ਦੀ ਧਾਰਨਾ ਪ੍ਰਭਾਵਿਤ ਹੋਵੇਗੀ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਰਿਹਾਇਸ਼ੀ ਲੋਨ ਮਹਿੰਗਾ ਹੋਵੇਗਾ। ਇੰਡੀਆ ਸਾਥਬੀਜ ਇੰਟਰਨੈਸ਼ਨਲ ਰੀਅਲਟੀ ਦੇ ਸੀ. ਈ. ਓ. ਅਮਿਤ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸਦਾ ਰਿਹਾਇਸ਼ੀ ਸੈਗਮੈਂਟ ਦੀ ਮੰਗ ’ਤੇ ਵਿਸ਼ੇਸ਼ ਪ੍ਰਭਾਵ ਪਵੇਗਾ। ਜੇ. ਐੱਲ. ਐੱਲ. ਇੰਡੀਆ ਦੇ ਮੁੱਖ ਅਰਥਸ਼ਾਸਤਰੀ ਅਤੇ ਖੋਜ ਮੁਖੀ ਸਮੰਤਕ ਦਾਸ ਨੇ ਕਿਹਾ ਕਿ ਨੀਤੀਗਤ ਦਰਾਂ ’ਚ ਵਾਧਾ ਮੁੱਖ ਤੌਰ ’ਤੇ ਘਰ ਖਰੀਦਦਾਰਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰੇਗੀ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਫਿਸਲ ਕੇ ਖੁੱਲ੍ਹਿਆ
NEXT STORY