ਨਵੀਂ ਦਿੱਲੀ- ਜਪਾਨ ਦੀ ਹੌਂਡਾ ਮੋਟਰ ਕਾਰਸ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਆਪਣੇ ਕਾਰਖ਼ਾਨੇ ਵਿਚ ਪ੍ਰਾਡਕਸ਼ਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਖ਼ਬਰ ਹਾਰਲੇ ਡੇਵਿਡਸਨ ਵੱਲੋਂ ਹਰਿਆਣਾ ਵਿਚ ਆਪਣੇ ਪਲਾਂਟ ਨੂੰ ਬੰਦ ਕਰਨ ਦੇ ਕੁਝ ਹਫ਼ਤਿਆਂ ਦੇ ਅੰਦਰ ਆਈ ਹੈ।
ਸਾਲਾਨਾ 1 ਲੱਖ ਯੂਨਿਟ ਬਣਾਉਣ ਦੀ ਸਮਰੱਥਾ ਰੱਖਣ ਵਾਲਾ ਹੌਂਡਾ ਮੋਟਰ ਕਾਰਸ ਦਾ ਇਹ ਕਾਰਖ਼ਾਨਾ ਭਾਰਤ ਦੇ ਸਭ ਤੋਂ ਪੁਰਾਣੇ ਕਾਰ ਪਲਾਂਟਾਂ ਵਿਚੋਂ ਇਕ ਰਿਹਾ ਹੈ। ਇਹ 1997 ਵਿਚ ਸਥਾਪਤ ਹੋਇਆ ਸੀ।
ਰਿਪੋਰਟਾਂ ਦਾ ਕਹਿਣਾ ਹੈ ਕਿ ਸਖਤ ਮੁਕਾਬਲੇਬਾਜ਼ੀ ਵਿਚਕਾਰ ਨਕਦੀ ਸੰਕਟ ਨਾਲ ਜੂਝ ਰਹੀ ਕੰਪਨੀ ਖ਼ਰਚਿਆਂ ਦੇ ਪ੍ਰਬੰਧਨ ਵਿਚ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੀ ਹੈ ਅਤੇ ਨਕਦ ਦੀ ਬਚਤ ਕਰਨ ਤੇ ਬੇਲੋੜੇ ਖਰਚਿਆਂ ਨੂੰ ਘਟਾਉਣ ਲਈ ਇਹ ਕਦਮ ਚੁੱਕ ਰਹੀ ਹੈ। ਹੌਂਡਾ ਕਾਰਸ ਦੀਆਂ ਸਿਟੀ, ਅਮੇਜ਼, ਡਬਲਿਊ. ਆਰ. ਵੀ. ਅਤੇ ਜੈਜ਼ ਪ੍ਰਮੁੱਖ ਕਾਰਾਂ ਹਨ। ਕਿਹਾ ਜਾ ਰਿਹਾ ਹੈ ਕਿ ਹੌਂਡਾ ਕਾਰਸ ਹੁਣ ਇਨ੍ਹਾਂ ਦਾ ਨਿਰਮਾਣ ਰਾਜਸਥਾਨ ਦੇ ਅਲਵਰ ਕਾਰਖ਼ਾਨੇ ਵਿਚ ਸ਼ਿਫਟ ਕਰੇਗੀ, ਜਿਸ ਦੀ ਸਲਾਨਾ ਸਮਰੱਥਾ 1.8 ਲੱਖ ਯੂਨਿਟ ਹੈ।
ਗ੍ਰੇਟਰ ਨੋਇਡਾ ਤੋਂ ਬਾਹਰ ਨਿਕਲਣ ਤੋਂ ਮਹਿਨਾ ਕੁ ਪਹਿਲਾਂ ਕੰਪਨੀ ਨੇ ਇਸ ਕਾਰਖ਼ਾਨੇ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ, ਜਿਸ ਤਹਿਤ ਉਸ ਨੇ ਆਪਣੇ ਇੱਥੇ ਕੰਮ ਕਰਦੇ ਕਰਮਚਾਰੀਆਂ ਵਿਚੋਂ ਇਕ ਵੱਡੇ ਹਿੱਸੇ ਨੂੰ ਵੀ. ਆਰ. ਐੱਸ. ਦੀ ਪੇਸ਼ਕਸ਼ ਕੀਤੀ। ਸੂਤਰਾਂ ਨੇ ਕਿਹਾ ਕਿ ਇਸ ਕਾਰਖ਼ਾਨੇ ਵਿਚ ਉਤਪਾਦਨ ਬੰਦ ਕਰ ਦਿੱਤਾ ਜਾਵੇਗਾ ਪਰ ਵੱਡੀ ਗਿਣਤੀ ਵਿਚ ਅਧਿਕਾਰਤ ਕੰਮ ਅਤੇ ਹੋਰ ਗਤੀਵਧੀਆਂ ਨੂੰ ਇੱਥੇ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਆਰ. ਐਂਡ ਡੀ. ਸੈੱਟ-ਅੱਪ ਅਤੇ ਕਾਰਪੋਰੇਟ ਦਫ਼ਤਰ ਤੇ ਕਲ-ਪੁਰਜ਼ਿਆਂ ਦਾ ਕੰਮਕਾਜ ਜਾਰੀ ਰਹੇਗਾ। ਇਕ ਸੂਤਰ ਨੇ ਕਿਹਾ ਕਿ ਖ਼ਰੀਦ, ਫਾਈਨੈਂਸ, ਮਾਰਕੀਟਿੰਗ, ਸਰਵਿਸ ਵੀ ਜਾਰੀ ਰਹਿਣਗੇ।
ਅਮਰੀਕਾ ਸਾਈਬਰ ਅਟੈਕ : ਮਾਈਕ੍ਰੋਸਾਫਟ ਦੇ ਸਿਸਟਮ ’ਚ ਵੀ ਪਾਏ ਗਏ ਖਤਰਨਾਕ ਸਾਫਟਵੇਅਰਸ
NEXT STORY