ਨਵੀਂ ਦਿੱਲੀ—ਚੋਣ ਵਰ੍ਹੇ 'ਚ ਪਿਆਜ਼ ਅਕਸਰ ਸਰਕਾਰ ਅਤੇ ਜਨਤਾ ਦੋਵਾਂ ਨੂੰ ਰੁਆਉਂਦਾ ਹੈ। ਸਾਲ 2018 'ਚ 8 ਸੂਬਿਆਂ 'ਚ ਚੋਣਾਂ ਹਨ ਅਤੇ 2019 ਦੀਆਂ ਚੋਣਾਂ 'ਚ ਵੀ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਅਜਿਹੇ 'ਚ ਖਬਰ ਆ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਪਿਆਜ਼ ਜਨਤਾ ਤੇ ਸਰਕਾਰ ਦੋਵਾਂ ਨੂੰ ਰੁਆ ਸਕਦਾ ਹੈ।
ਘੱਟ ਉਤਪਾਦਨ ਕਾਰਨ ਦੇਸ਼ ਦਾ ਪਿਆਜ਼ ਉਤਪਾਦਨ ਚਾਲੂ ਫਸਲ ਸਾਲ 2017-18 'ਚ 4.5 ਫ਼ੀਸਦੀ ਡਿੱਗ ਕੇ 214 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। 2016-17 'ਚ ਪਿਆਜ਼ ਉਤਪਾਦਨ 224 ਲੱਖ ਟਨ ਰਿਹਾ ਸੀ। ਮੰਤਰਾਲਾ ਦੇ ਅੰਦਾਜ਼ੇ ਮੁਤਾਬਕ ਚਾਲੂ ਫਸਲ ਸਾਲ 'ਚ ਪਿਆਜ਼ ਦੀ ਬੀਜਾਈ ਦਾ ਰਕਬਾ ਪਿਛਲੇ ਸਾਲ ਦੇ 13 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ 1.10 ਲੱਖ ਹੈਕਟੇਅਰ ਘਟ ਕੇ 11.9 ਲੱਖ ਹੈਕਟੇਅਰ 'ਤੇ ਰਿਹਾ।
ਉਤਪਾਦਨ ਘੱਟ ਰਿਹਾ ਤਾਂ ਮਹਿੰਗਾਈ ਦਰ 'ਤੇ ਪਵੇਗਾ ਅਸਰ
ਇਸ ਸਾਲ ਜੇਕਰ ਉਤਪਾਦਨ ਪਿਛਲੇ ਸਾਲ ਤੋਂ ਵੀ ਘੱਟ ਰਹਿੰਦਾ ਹੈ ਤਾਂ ਸਾਫ਼ ਤੌਰ 'ਤੇ ਇਸ ਦਾ ਅਸਰ ਮਹਿੰਗਾਈ ਦਰ 'ਤੇ ਪੈਣ ਵਾਲਾ ਹੈ। ਪਿਛਲੇ ਸਾਲ ਭਰਪੂਰ ਘਰੇਲੂ ਸਪਲਾਈ ਯਕੀਨੀ ਕਰਨ ਅਤੇ ਕੀਮਤਾਂ 'ਤੇ ਲਗਾਮ ਲਾਉਣ ਲਈ ਸਰਕਾਰ ਨੇ ਪਿਆਜ਼ 'ਤੇ 850 ਡਾਲਰ ਪ੍ਰਤੀ ਟਨ ਦਾ ਘੱਟੋ-ਘੱਟ ਬਰਾਮਦ ਮੁੱਲ ਲਾਇਆ ਸੀ। ਘੱਟੋ-ਘੱਟ ਬਰਾਮਦ ਮੁੱਲ ਉਹ ਸਟੈਂਡਰਡ ਮੁੱਲ ਦਰ ਹੈ, ਜਿਸ ਤੋਂ ਹੇਠਾਂ ਇਸ ਜਿਣਸ ਦੀ ਬਰਾਮਦ ਨਹੀਂ ਕੀਤੀ ਜਾ ਸਕਦੀ।
ਅੰਬ ਦਾ ਉਤਪਾਦਨ ਵੀ ਵਧੇਗਾ
ਫਲਾਂ 'ਚ ਅੰਬ ਦਾ ਉਤਪਾਦਨ ਪਿਛਲੇ ਸਾਲ ਦੇ 195 ਲੱਖ ਟਨ ਦੇ ਮੁਕਾਬਲੇ ਇਸ ਸਾਲ ਵਧ ਕੇ 207 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। ਉਥੇ ਹੀ ਕੇਲੇ ਦਾ ਉਤਪਾਦਨ ਸਾਲ 2016-17 'ਚ 304.7 ਲੱਖ ਟਨ ਤੋਂ ਡਿੱਗ ਕੇ 2017-18 'ਚ 302 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। ਕੁਲ ਫਲਾਂ ਦਾ ਉਤਪਾਦਨ ਚਾਲੂ ਫਸਲ ਸਾਲ 'ਚ 948.8 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ 929 ਲੱਖ ਟਨ ਸੀ। ਨਾਰੀਅਲ ਅਤੇ ਕਾਜੂ ਵਰਗੀਆਂ ਫਸਲਾਂ ਦੇ ਮਾਮਲੇ 'ਚ ਕੁਲ ਉਤਪਾਦਨ 180 ਲੱਖ ਟਨ 'ਤੇ ਸਥਿਰ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ 179.7 ਲੱਖ ਟਨ ਸੀ।
ਟਮਾਟਰ-ਆਲੂ ਦਾ ਉਤਪਾਦਨ ਬਿਹਤਰ ਰਹਿਣ ਦੀ ਸੰਭਾਵਨਾ
ਅੰਕੜਿਆਂ ਮੁਤਾਬਕ ਟਮਾਟਰ-ਆਲੂ ਦਾ ਉਤਪਾਦਨ ਬਿਹਤਰ ਰਹਿਣ ਦੀ ਸੰਭਾਵਨਾ ਹੈ। ਸਾਲ 2017-18 'ਚ ਆਲੂ ਉਤਪਾਦਨ 493 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ, ਜਦੋਂ ਕਿ ਪਿਛਲੇ ਸਾਲ ਉਤਪਾਦਨ 486 ਲੱਖ ਟਨ ਸੀ। ਇਸੇ ਤਰ੍ਹਾਂ ਟਮਾਟਰ ਉਤਪਾਦਨ 223 ਲੱਖ ਟਨ ਰਹਿ ਸਕਦਾ ਹੈ। ਸਾਲ 2016-17 'ਚ ਇਹ 207 ਲੱਖ ਟਨ ਸੀ। ਇਸ ਸਾਲ ਕੁਲ ਸਬਜ਼ੀਆਂ ਦਾ ਉਤਪਾਦਨ 1,806.8 ਲੱਖ ਟਨ ਰਹਿਣ ਦੀ ਉਮੀਦ ਹੈ। ਪਿਛਲੇ ਸਾਲ ਇਹ 1,781.7 ਲੱਖ ਟਨ ਸੀ।
ਬਾਜ਼ਾਰ 'ਚ ਤੇਜ਼ੀ, ਸੈਂਸੈਕਸ 33912 'ਤੇ ਨਿਫਟੀ 10460 ਦੇ ਪਾਰ ਖੁੱਲ੍ਹਿਆ
NEXT STORY