ਨਵੀਂ ਦਿੱਲੀ - ਦੇਸ਼ ’ਚ ਸੋਨੇ ਦੀ ਕੀਮਤ ਨੇ ਇਤਿਹਾਸਕ ਉਚਾਈ ਛੂਹੀ ਹੈ। ਸੋਨੇ ਦੀ ਕੀਮਤ ’ਚ ਇਸ ਬੇਮਿਸਾਲ ਵਾਧੇ ਨੇ ਨਾ ਸਿਰਫ ਬਾਜ਼ਾਰ ਨੂੰ ਹੈਰਾਨ ਕੀਤਾ ਹੈ, ਸਗੋਂ ਆਮ ਲੋਕਾਂ ਦੀ ਜੇਬ ’ਤੇ ਵੀ ਡੂੰਘਾ ਅਸਰ ਪਾਇਆ ਹੈ ਅਤੇ ਵਿਆਹਾਂ ਦੇ ਸੀਜ਼ਨ ’ਚ ਔਰਤਾਂ ਦੀ ਚਿੰਤਾ ਵਧਾ ਦਿੱਤੀ ਹੈ। ਅਕਸ਼ੈ ਤ੍ਰਿਤੀਆ ਅਤੇ ਵਿਆਹਾਂ ਦੇ ਮੌਸਮ ’ਚ ਸੋਨੇ ਦੀ ਖਰੀਦਦਾਰੀ ਹਰ ਭਾਰਤੀ ਘਰ ਦੀ ਪਹਿਲ ਹੁੰਦੀ ਹੈ, ਅਜਿਹੇ ਸਮੇਂ ’ਚ ਇਸ ਕੀਮਤੀ ਧਾਤੂ ਦੀ ਕਾਮਤ ’ਚ ਅਚਾਨਕ ਉਛਾਲ ਨੇ ਮੱਧ-ਵਰਗੀ ਪਰਿਵਾਰਾਂ ਨੂੰ ਝਟਕਾ ਦਿੱਤਾ ਹੈ।
ਅਖਿਲ ਭਾਰਤੀ ਸਰਾਫਾ ਸੰਘ ਅਨੁਸਾਰ ਰਾਸ਼ਟਰੀ ਰਾਜਧਾਨੀ ’ਚ ਸੋਨਾ ਇਸ ਹਫ਼ਤੇ 1,01,600 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਦਰਮਿਆਨ ਵਿਆਜ ਦਰ ’ਚ ਕਟੌਤੀ ਅਤੇ ਚੀਨ ਨਾਲ ਟੈਰਿਫ ਨੂੰ ਲੈ ਕੇ ਤਣਾਅ ਕੁਝ ਘੱਟ ਹੋਣ ਦੇ ਸੰਕੇਤ ਨਾਲ ਸੋਨੇ ਦੇ ਮੁੱਲ ਥੋੜ੍ਹੇ ਨਰਮ ਹੋਏ ਹਨ।
‘ਕਿਵੇਂ ਹੋਵੇਗੀ ਵਿਆਹ ਲਈ ਸੋਨੇ ਦੀ ਖਰੀਦਦਾਰੀ’
ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਰੂਪਾ ਨੇ ਦੱਸਿਆ, ‘‘ਨਵੰਬਰ ’ਚ ਧੀ ਦਾ ਵਿਆਹ ਹੈ ਅਤੇ ਅਚਾਨਕ ਸੋਨੇ ਦੇ ਮੁੱਲ ਇੰਨੇ ਵਧ ਗਏ ਹਨ ਕਿ ਕੁਝ ਸਮਝ ਹੀ ਨਹੀਂ ਆ ਰਿਹਾ ਹੈ। ਹੁਣ ਵਿਆਹ ਲਈ ਸੋਨੇ ਦੀ ਖਰੀਦਦਾਰੀ ਕਿਵੇਂ ਹੋਵੇਗੀ?’’ ਤਿਓਹਾਰਾਂ ਅਤੇ ਪਰਿਵਾਰਕ ਫੰਕਸ਼ਨਾਂ ’ਚ ਗਹਿਣਿਆਂ ਦੀ ਖਰੀਦ ਔਰਤਾਂ ਦੀ ਪਹਿਲ ’ਚ ਸ਼ਾਮਲ ਰਹੀ ਹੈ। ਵਧਦੀਆਂ ਕੀਮਤਾਂ ਦੇ ਬਾਵਜੂਦ ਕਈ ਔਰਤਾਂ ਮੰਨਦੀਆਂ ਹਨ ਕਿ ਬਿਨਾਂ ਸੋਨੇ ਦੇ ਗਹਿਣਿਆਂ ਦੇ ਅਜਿਹੇ ਮੌਕੇ ਅਧੂਰੇ ਲੱਗਦੇ ਹਨ।
ਦਿੱਲੀ ਦੇ ਮਿਊਰ ਵਿਹਾਰ ਦੀ ਸੁਸ਼ੀਲਾ ਦੇਵੀ ਨੇ ਕਿਹਾ, “ਮੁੱਲ ਭਾਵੇਂ ਜਿੰਨੇ ਵੀ ਹੋਣ, ਥੋੜ੍ਹਾ-ਬਹੁਤ ਤਾਂ ਖਰੀਦਣਾ ਹੀ ਹੈ। ਤੀਜ-ਤਿਉਹਾਰ ਜਾਂ ਵਿਆਹਾਂ ’ਚ ਸੋਨਾ ਨਾ ਲਈਏ ਤਾਂ ਲੱਗਦਾ ਹੈ ਕਿ ਕੁਝ ਅਧੂਰਾ ਰਹਿ ਗਿਆ ਹੈ। ਬਸ, ਗੱਲ ਇੰਨੀ-ਜਿਹੀ ਹੈ ਕਿ ਪਹਿਲਾਂ 10 ਗ੍ਰਾਮ ਲੈਂਦੇ ਸੀ, ਹੁਣ 5 ਗ੍ਰਾਮ ਲਵਾਂਗੇ।’’
ਸ਼ੇਅਰ ਅਤੇ ਬਾਂਡ ਨਾਲੋਂ ਬਿਹਤਰ ਰਿਹਾ ਸੋਨੇ ਦਾ ਪ੍ਰਦਰਸ਼ਨ
ਮਾਹਿਰਾਂ ਦਾ ਕਹਿਣਾ ਹੈ ਕਿ ਰਿਟਰਨ ਦੇ ਹਿਸਾਬ ਨਾਲ ਸੋਨੇ ਦਾ ਪ੍ਰਦਰਸ਼ਨ ਸ਼ੇਅਰ ਅਤੇ ਬਾਂਡ ਦੋਵਾਂ ਨਾਲੋਂ ਬਿਹਤਰ ਰਿਹਾ ਹੈ। ਦਿੱਲੀ ਦੇ ਹੀ ਪਾਲਮ ’ਚ ਰਹਿਣ ਵਾਲੀ ਸਾਧਨਾ ਕਥੂਰੀਆ ਕਹਿੰਦੀਆਂ ਹੈ, ‘‘ਆਪਣੇ ਪਤੀ ਦੀ ਮੌਤ ਤੋਂ ਬਾਅਦ ਮੈਂ ਨੌਕਰੀ ਕੀਤੀ ਅਤੇ ਆਪਣੇ ਦੋ ਬੱਚਿਆਂ ਨੂੰ ਪਾਲਿਆ। ਧੀ ਦਾ ਵਿਆਹ ਪਿਛਲੇ ਸਾਲ ਹੋਇਆ। ਮੇਰਾ ਜਵਾਈ ਕੈਨੇਡਾ ’ਚ ਹੈ, ਧੀ ਨੂੰ ਵੀ ਉਥੇ ਹੀ ਕੰਮ ਮਿਲ ਗਿਆ। ਹੁਣ ਬੇਟੇ ਦਾ ਵਿਆਹ ਨਵੰਬਰ ’ਚ ਹੈ। ਕੈਨੇਡਾ ’ਚ 22 ਕੈਰੇਟ ਸੋਨਾ ਲੱਗਭਗ 86000 ਰੁਪਏ ਪ੍ਰਤੀ 10 ਗ੍ਰਾਮ ਹੈ। ਸੋਚ ਰਹੀ ਹਾਂ ਕਿ ਧੀ-ਜਵਾਈ ਨੂੰ ਪੈਸੇ ਭੇਜ ਕੇ ਨੂੰਹ ਲਈ ਕੈਨੇਡਾ ਤੋਂ ਕੁਝ ਮੰਗਵਾ ਲਵਾਂ।’’
ਖਰੀਦਦਾਰੀ ’ਚ ਆਈ ਭਾਰੀ ਗਿਰਾਵਟ
ਵਧਦੀਆਂ ਕੀਮਤਾਂ ਦਰਮਿਆਨ ਸਰਾਫਾ ਕਾਰੋਬਾਰੀਆਂ ਦੀ ਚਿੰਤਾ ਵੀ ਘੱਟ ਨਹੀਂ ਹੈ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਆ ਤਾਂ ਰਹੇ ਹਨ ਪਰ ਖਰੀਦਦਾਰੀ ’ਚ ਭਾਰੀ ਗਿਰਾਵਟ ਆਈ ਹੈ। ਦਿੱਲੀ ਦੇ ਮਿਊਰ ਵਿਹਾਰ ਸਥਿਤ ਉਰਮਿਲਾ ਜਿਊਲਰਜ਼ ਦੇ ਮਾਲਕ ਸੋਨੂੰ ਸੋਨੀ ਨੇ ਕਿਹਾ, “ਅਸੀਂ ਕਈ ਸਾਲਾਂ ਤੋਂ ਇਸ ਕਾਰੋਬਾਰ ’ਚ ਹਾਂ ਪਰ ਪਹਿਲੀ ਵਾਰ ਹੈ, ਜਦੋਂ ਗਾਹਕਾਂ ਦੀਆਂ ਅੱਖਾਂ ’ਚ ਖੁਸ਼ੀ ਨਾਲੋਂ ਜ਼ਿਆਦਾ ਉਲਝਣ ਨਜ਼ਰ ਆ ਰਹੀ ਹੈ। ਪਹਿਲਾਂ ਲੋਕ ਗਹਿਣਿਆਂ ਦਾ ਡਿਜ਼ਾਈਨ ਵੇਖਦੇ ਸੀ, ਹੁਣ ਸਿਰਫ ਮੁੱਲ ਪੁੱਛ ਕੇ ਵਾਪਸ ਚਲੇ ਜਾ ਰਹੇ ਹਨ। ਸਾਨੂੰ ਡਰ ਹੈ ਕਿ ਇਹ ਭਾਅ ਇੰਝ ਹੀ ਰਹੇ ਤਾਂ ਛੋਟੇ ਦੁਕਾਨਦਾਰਾਂ ਦਾ ਟਿਕਣਾ ਮੁਸ਼ਕਿਲ ਹੋ ਜਾਵੇਗਾ ਅਤੇ ਕਾਰੋਬਾਰ ਮੰਦਾ ਪੈ ਜਾਵੇਗਾ।”
RBI ਨੇ ਪੰਜਾਬ ਦੇ ਇਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਜਾਣੋ ਖਾਤੇ 'ਚ ਜਮ੍ਹਾ ਪੈਸੇ ਦਾ ਕੀ ਹੋਵੇਗਾ?
NEXT STORY