ਨਵੀਂ ਦਿੱਲੀ — ਹਾਲ ਹੀ 'ਚ ਚੀਨ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਚੌਥੀ ਵਾਰ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ 'ਤੇ ਵੀਟੋ ਦੀ ਵਰਤੋਂ ਕਰਨ ਅਤੇ ਇਕ ਲੰਮੇ ਅਰਸੇ ਤੋਂ ਪਾਕਿਸਤਾਨ ਦੀ ਹਰ ਤਰ੍ਹਾਂ ਦੀ ਮਦਦ ਕਰਨ 'ਤੇ ਦੇਸ਼ ਵਾਸੀ ਚੀਨ ਨਾਲ ਨਰਾਜ਼ ਹਨ। ਚੀਨ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ ਲਈ ਦੇਸ਼ ਦੇ ਵਪਾਰੀਆਂ ਦੇ ਸਭ ਤੋਂ ਵੱਡੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ(ਕੈਟ) ਦੇ ਐਲਾਨ 'ਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਾਪਰੀ ਸੰਗਠਨਾਂ ਨੇ 1500 ਤੋਂ ਜ਼ਿਆਦਾ ਥਾਵਾਂ 'ਤੇ ਚੀਨੀ ਵਸਤਾਂ ਦੀ ਹੋਲੀ ਬਾਲੀ ਅਤੇ ਚੀਨ 'ਚ ਬਣੇ ਸਮਾਨ ਦਾ ਬਾਇਕਾਟ ਕਰਨ ਦਾ ਪ੍ਰਣ ਕੀਤਾ। ਚੀਨ ਦੇ ਉਤਪਾਦਾਂ ਦਾ ਬਾਇਕਾਟ ਕਰਨ ਦੀ ਲਗਾਤਾਰ ਉੱਠ ਰਹੀ ਮੰਗ ਵਿਚਕਾਰ ਗੁਆਂਢੀ ਦੇਸ਼ ਦੇ ਮੀਡੀਆ ਨੇ ਭਾਰਤ ਨੂੰ ਚੁਣੌਤੀ ਦਿੰਦੇ ਹੋਏ ਤੰਜ ਕੱਸਿਆ ਹੈ।
ਚੀਨ ਨੇ ਭਾਰਤ ਨੂੰ ਦਿੱਤੀ ਚੁਣੌਤੀ
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਭਾਰਤੀ ਨਿਰਮਾਣ ਉਦਯੋਗ ਅਜੇ ਵੀ ਅਵਿਕਸਿਤ ਹੈ ਅਤੇ ਇਸ ਵਿਚ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਹੈ। ਇਹ ਹੀ ਕਾਰਨ ਹੈ ਕਿ ਭਾਰਤ ਵਿਚ 'ਬਾਇਕਾਟ ਚਾਈਨੀਜ਼ ਪ੍ਰੋਡਕਟ' ਮੁਹਿੰਮ ਅਜੇ ਤੱਕ ਅਸਫਲ ਰਹੀ ਹੈ। ਸੋਮਵਾਰ ਨੂੰ ਗਲੋਬਲ ਟਾਈਮਜ਼ 'ਚ ਛਪੇ ਇਕ ਬਲਾਗ ਵਿਚ ਕਿਹਾ ਗਿਆ ਸੀ ਕਿ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦੀ ਕੋਸ਼ਿਸ਼ ਨੂੰ ਯੂ.ਐਨ. ਵਿਚ ਚੀਨ ਵਲੋਂ ਰੋਕੇ ਜਾਣ ਦੇ ਬਾਅਦ ਭਾਰਤੀ ਵਿਸ਼ਲੇਸ਼ਕ ਮੇਡ ਇਨ ਚਾਇਨਾ ਉਤਪਾਦਾਂ ਦੇ ਬਾਇਕਾਟ ਦੀ ਅਪੀਲ ਕਰ ਰਹੇ ਹਨ। ਪਰ ਭਾਰਤ ਦੇ ਬਾਇਕਾਟ ਦੀ ਕੋਸ਼ਿਸ਼ ਇੰਨੇ ਸਾਲਾਂ 'ਚ ਅਸਫਲ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਖੁਦ ਉਤਪਾਦ ਨਹੀਂ ਬਣਾ ਸਕਦਾ।
ਲੇਖ ਵਿਚ ਅੱਗੇ ਕਿਹਾ ਗਿਆ, 'ਪਸੰਦ ਕਰੋ ਜਾਂ ਨਾ, ਉਨ੍ਹਾਂ ਨੂੰ ਹੁਣ ਵੀ ਚੀਨ 'ਚ ਬਣੇ ਸਮਾਨ ਦਾ ਇਸਤੇਮਾਲ ਕਰਨਾ ਪਵੇਗਾ ਕਿਉਂਕਿ ਅਜੇ ਵੀ ਵੱਡੇ ਪੱਧਰ 'ਤੇ ਉਤਪਾਦਨ ਕਰਨ 'ਚ ਭਾਰਤ ਦੀ ਸਮਰੱਥਾ ਘੱਟ ਹੈ।' ਇਸ ਦੇ ਨਾਲ ਹੀ ਚੀਨ ਦੀ ਅਖਬਾਰ ਨੇ ਕਿਹਾ,'ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਮੀਦਵਾਰ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਸਿੱਧੀ ਹਾਸਲ ਕਰਨ ਲਈ ਚੀਨ ਦਾ ਡਰ ਦਿਖਾਉਣਗੇ ਤਾਂ ਇਹ ਖਤਰਨਾਕ ਹੋਵੇਗਾ।'
ਮੁਕੇਸ਼ ਦਾ ਅਨਿਲ ਦੀ ਮਦਦ ਲਈ ਅੱਗੇ ਆਉਣਾ ਉਨ੍ਹਾਂ ਦੇ ਰਿਸ਼ਤਿਆਂ 'ਚ ਲਿਆਏਗਾ ਨਵਾਂ ਬਦਲਾਅ
NEXT STORY